ਲੁਧਿਆਣਾ, 2 ਮਾਰਚ 2021 - ਧਾਰਮਿਕ, ਸਮਾਜਿਕ ਅਤੇ ਸਿਆਸੀ ਪੱਖਾਂ ਤੇ ਬਰਾਬਰ ਪਕੜ ਵਾਲਾ ਰੱਖਣ ਵਾਲੇ ਬੁੱਧੀਜੀਵੀ ਪ੍ਰੋ: ਨਿਰੰਜਨ ਸਿੰਘ ਢੇਸੀ ਅਮਰੀਕਾ 'ਚ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ ਹਨ। ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪੰਜਾਬ ਵਿਭਾਗ ਦੇ ਮੁਖੀ ਰਹੇ ਪ੍ਰੋ. ਨਿਰੰਜਨ ਸਿੰਘ ਢੇਸੀ ਬੀਤੇ ਦਿਨ ਤੜਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਇਨ੍ਹਾਂ ਦਿਨੀਂ ਅਮਰੀਕਾ ਵਿੱਚ ਰਹਿ ਰਹੇ ਸਨ।'
ਵਿਦਿਆਰਥੀ ਵਰਗ ਵਿੱਚ ਪ੍ਰੋ. ਨਿਰੰਜਨ ਸਿੰਘ ਢੇਸੀ ਦਾ ਬਹੁਤ ਸਤਿਕਾਰ ਪਾਇਆ ਜਾਂਦਾ ਸੀ। ਪ੍ਰੋ. ਨਿਰੰਜਨ ਸਿੰਘ ਢੇਸੀ ਹੁਰਾਂ ਦੇ ਸ. ਹਰਵਿੰਦਰ ਰਿਆੜ, ਕੇ. ਐੱਸ. ਮੱਖਣ, ਸਰਬਜੀਤ ਚੀਮਾ, ਤੂਤਕ-ਤੂਤਕ ਤੂਤੀਆਂ ਵਾਲੇ ਮਲਕੀਤ ਸਿੰਘ ਆਦਿ ਅਨੇਕਾਂ ਵਿਦਿਆਰਥੀ ਰਹਿ ਚੁੱਕੇ ਹਨ। ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿੱਚ ਵੱਡੀਆ ਮੱਲਾਂ ਮਾਰੀਆਂ ਸਨ। ਇਨ੍ਹਾਂ ਮੱਲਾਂ ਮਾਰਨ ਦਾ ਸਿਹਰਾ ਜਿੱਥੇ ਢੇਸੀ ਹੁਰਾਂ ਨੂੰ ਜਾਂਦਾ ਹੈ, ਉੱਥੇ ਸਖਸ਼ੀਅਤ ਨਿਖਾਰਨ ਵਿੱਚ ਪ੍ਰੋ. ਨਿਰੰਜਨ ਸਿੰਘ ਢੇਸੀ ਦਾ ਵੱਡਾ ਯੋਗਦਾਨ ਸੀ। ਇਨ੍ਹਾਂ ਤੋਂ ਇਲਾਵਾ ਢੇਸੀ ਹੁਰਾਂ ਕੋਲ ਬਹੁਤ ਸਾਰੇ ਕਲਾਕਾਰ ਪੜ੍ਹੇ ਸਨ, ਜਿਨ੍ਹਾਂ ਨੂੰ ਢੇਸੀ ਸਾਹਿਬ ਨੇ ਕਲਾ ਦੇ ਖੇਤਰ ਵਿੱਚ ਅਥਾਹ ਮੌਕੇ ਪ੍ਰਦਾਨ ਕੀਤੇ, ਜਿਸ ਕਾਰਨ ਪੂਰੀ ਦੁਨੀਆਂ ਵਿੱਚ ਪ੍ਰੋ. ਨਿਰੰਜਨ ਸਿੰਘ ਢੇਸੀ ਹੁਰਾਂ ਦੇ ਸ਼ਗਿਰਦ ਵਸਦੇ ਸਨ।
ਅਮਰੀਕਾ ਵਿੱਚ ਰਹਿੰਦਿਆਂ ਪ੍ਰੋ. ਨਿਰੰਜਨ ਸਿੰਘ ਢੇਸੀ ਅਮਰੀਕਾ ਭਰ ਦੇ ਵੱਖ-ਵੱਖ ਗੁਰੂਘਰਾਂ ’ਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਵੱਡੀ ਪੱਧਰ ਤੇ ਪ੍ਰਚਾਰ ਕਰਦੇ ਰਹੇ। ਪ੍ਰੋ. ਨਿਰੰਜਨ ਸਿੰਘ ਢੇਸੀ ਹੁਰਾਂ ਦੀ ਗਿਣਤੀ ਉਨ੍ਹਾਂ ਮਹਾਨ ਬੁੱਧੀਜੀਵੀਆਂ ਵਿੱਚ ਹੁੰਦੀ ਸੀ, ਜਿਨ੍ਹਾਂ ਦੀ ਧਾਰਮਿਕ, ਸਮਾਜਿਕ ਅਤੇ ਸਿਆਸੀ ਪੱਖਾਂ ਤੇ ਬਰਾਬਰ ਪਕੜ ਸੀ। ਉਨ੍ਹਾਂ ਆਪਣੀ ਜ਼ਿੰਦਗੀ ਵਿੱਚ ਰੱਜ ਕੇੇ ਸਤਿਕਾਰ ਖੱਟਿਆ ਤੇ ਆਪਣੀ ਚਿੱਟੀ ਚਾਦਰ ਲੈ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਏ।
ਪ੍ਰੋ: ਢੇਸੀ ਦੇ ਵਿਛੋੜੇ ਤੇ ਉਨ੍ਹਾਂ ਦੇ ਸਹਿਪਾਠੀ ਡਾ: ਐੱਸ ਪੀ ਸਿੰਘ ਸਾਬਕਾ ਵੀ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਵੀ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਨਿਊਯਾਰਕ ਤੋਂ ਹਰਵਿੰਦਰ ਰਿਆੜ ਨੇ ਬਾਜ਼ ਟੀ ਵੀ ਤੇ ਪੰਜਾਬੀ ਰਾਈਟਰ ਵੀਕਲੀ ਦੀ ਸਮੁੱਚੀ ਟੀਮ ਵੱਲੋਂ ਨਿਰੰਜਨ ਸਿੰਘ ਦੀ ਬੇਵਕਤੀ ਵਿਛੋੜੇ ਤੇ ਡੂੰਘੇ ਦੁੱਖ ਨਾਲ ਪ੍ਰਗਟਾਵਾ ਕੀਤਾ ਗਿਆ ਹੈ।