ਲੁਧਿਆਣਾ: 12 ਜੁਲਾਈ 2019 - ਲੰਡਨ(ਯੂ ਕੇ) ਵੱਸਦੇ ਸੀਨੀਅਰ ਪੱਤਰਕਾਰ ਤੇ ਲੇਖਕ ਸ: ਨਰਪਾਲ ਸਿੰਘ ਸ਼ੇਰਗਿੱਲ ਨੇ ਅੱਜ ਲੁਧਿਆਣਾ ਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ
ਕੀਤੇ ਵਿਚਾਰ ਵਟਾਂਦਰੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਵਿਗਿਆਨਕ ਲੀਹਾਂ ਤੇ ਮਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਸੰਪੂਰਨ ਬਾਣੀ ਹੀ ਅਜੇ ਤੀਕ ਵਿਸ਼ਵ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਨਹੀਂ ਪਹੁੰਚ ਸਕੀ।
ਗਗਨ ਮਹਿ ਥਾਲ ਸ਼ਬਦ ਵਰਗੀ ਵਿਸ਼ਵ ਅਰਦਾਸ ਲਿਖਣ ਵਾਲੇ ਗੁਰੂ ਨਾਨਕ ਦੇਵ ਜੀ ਦੀ ਸਮਾਜਿਕ, ਆਰਥਿਕ, ਰਾਜਨੀਤਕ ਤੇ ਵਿਸ਼ਵ ਭਰਾਤਰੀਭਾਵ ਦੇ ਸੁਨੇਹੇ ਨੂੰ ਵਿਗਿਆਨ ਤੇ ਤਕਨਾਲੋਜੀ ਦੇ ਸਹਾਰੇ ਘਰ ਘਰ ਪਹੁੰਚਾਉਣਾ ਅੱਜ ਪਹਿਲਾਂ ਨਾਲੋਂ ਕਿਤੇ ਆਸਾਨ ਹੈ।
ਸ: ਸ਼ੇਰਗਿੱਲ ਨੇ ਕਿਹਾ ਕਿ ਸਭਿਆਚਾਰਕ ਪਰਦੂਸ਼ਨ ਰੋਕਣ ਲਈ ਵੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਲੇਖਕਾਂ, ਕਲਾਕਾਰਾਂ ਤੇ ਬੁੱਧੀਜੀਵੀਆਂ ਰਾਹੀਂ ਲੋਕਾਂ ਤੀਕ ਪਹੁੰਚਣਾ ਚਾਹੀਦਾ ਹੈ ਕਿਉਂਕਿ ਪੰਜਾਬ ਦਾ ਵੱਡਾ ਸੰਕਟ ਹੀ ਸਭਿਆਚਾਰਕ ਸੰਕਟ ਹੈ। ਕਿਰਤ ਕਰਮ ਨਾਲੋਂ ਟੁੱਟ ਕੇ ਪੰਜਾਬ ਉਦਾਸੀ ਦੇ ਆਲਮ ਚੋਂ ਲੰਘ ਰਿਹਾ ਹੈ, ਇਸ ਨੂੰ ਮੋੜਾ ਪਾਉਣਾ ਚਾਹੀਦਾ ਹੈ।
ਇਸ ਮੌਕੇ ਸ: ਨਰਪਾਲ ਸਿੰਘ ਸ਼ੇਰਗਿੱਲ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ, ਉੱਘੇ ਕਵੀ ਤ੍ਰੈਲੋਚਨ ਲੋਚੀ ਤੇ ਗਗਨਦੀਪ ਬਾਵਾ ਨੇ ਸਨਮਾਨਿਤ ਕੀਤਾ।
ਇਸ ਮੌਕੇ ਬੋਲਦਿਆਂ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 1969 ਚ ਗੁਰੂ ਨਾਨਕ ਦੇਵ ਜੀ ਦੀ 500 ਸਾਲਾ ਜਨਮ ਸ਼ਤਾਬਦੀ ਵੇਲੇ ਪੰਜਾਬ ਦੇ ਪੇਂਡੂ ਖੇਤਰਾਂ ਨੂੰ ਲਗਪਗ 70 ਉਚੇਰੀ ਸਿੱਖਿਆ ਲਈ ਕਾਲਿਜ, ਗੁਰੂ ਨਾਨਕ ਦੇਵ ਯੂਨੀਵਰਸਿਟੀ , ਗੁਰੂ ਨਾਨਕ ਥਰਮਲ ਪਲਾਂਟ ਤੇ ਵੱਡੇ ਸ਼ਹਿਰਾਂ ਵਿੱਚ ਗੁਰੂ ਨਾਨਕ ਭਵਨ ਉੱਸਰੇ। ਵੱਖ ਵੱਖ ਯੂਨੀਵਰਸਿਟੀਆਂ, ਸਾਹਿੱਤਕ ਸੰਸਥਾਵਾਂ ਵੱਲੋਂ ਲਗਪਗ 100 ਖੋਜ ਤੇ ਵਿਆਖਿਆ ਪੁਸਤਕਾਂ ਦਾ ਪ੍ਰਕਾਸ਼ਨ ਹੋਇਆ ਪਰ ਹੁਣ ਅਜੇ ਤੀਕ ਅਸੀਂ ਸਪਸ਼ਟ ਏਜੰਡਾ ਹੀ ਨਹੀਂ ਮਿਥ ਸਕੇ ਕਿ ਕੀ ਕਰਨਾ ਹੈ। ਗੁਰੂ ਨਾਨਕ ਸੰਦੇਸ਼ ਘਰ ਘਰ ਪਹੁੰਚਾਉਣ ਲਈ ਸਾਨੂੰ ਇਲੈਕਟਰਾਨਿਕ ਸਾਧਨਾਂ ਦੀ ਸੰਪੂਰਨ ਵਰਤੋਂ ਹਰ ਭਾਸ਼ਾ ਚ ਕਰਨ ਲਈ ਢਾਂਚਾ ਉਸਾਰਨਾ ਚਾਹੀਦਾ ਹੈ। ਇਸ ਕਾਰਜ ਲਈ ਭਾਰਤ ਸਰਕਾਰ ਦੀ ਸਰਪ੍ਰਸਤੀ ਬੇਹੱਦ ਜ਼ਰੂਰੀ ਹੈ।
ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਉਪਦੇਸ਼ ਨਾਲ ਸਬੰਧਿਤ ਦਸ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ ਨੇ ਕਿਹਾ ਕਿ ਸੀਮਤ ਸਾਧਨਾਂ ਦੇ ਬਾਵਜੂਦ ਸਾਡੀ ਸੰਸਥਾ ਨੇ ਪੰਜ ਹਜ਼ਾਰ ਕਿਤਾਬਾਂ ਪੰਜਾਬ ਦੇ ਪਿੰਡਾਂ ਚ ਵੰਡਣ ਦਾ ਟੀਚਾ ਮਿਥਿਆ ਹੈ।
ਤ੍ਰੈਲੋਚਨ ਲੋਚੀ ਨੇ ਇਸ ਮੌਕੇ ਨਰਪਾਲ ਸਿੰਘ ਸ਼ੇਰਗਿੱਲ ਦੀ ਅੰਤਰ ਰਾਸ਼ਟਰੀ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ 50 ਸਾਲ ਤੋਂ ਵੱਧ ਸੇਵਾ ਦੀ ਸ਼ਲਾਘਾ ਕੀਤੀ। ਗਗਨਦੀਪ ਬਾਵਾ ਨੇ ਇਕੱਤਰਤਾ ਵਿੱਚ ਸ਼ਾਮਿਲ ਹੋਏ ਵਿਅਕਤੀਆਂ ਦਾ ਧੰਨਵਾਦ ਕੀਤਾ।