105 ਜਨਮਦਿਨ ਮਨਾ ਕੇ ਖੋਜੀ ਵਿਦਵਾਨ ਲੇਖਕ ਈਸ਼ਰ ਸਿੰਘ ਸੋਬਤੀ ਲੁਧਿਆਣਾ ਵਿੱਚ ਸੁਰਗਵਾਸ
- ਅੰਤਿਮ ਸੰਸਕਾਰ 2 ਸਤੰਬਰ ਨੂੰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਵਿਖੇ ਸਵੇਰੇ 11.30 ਵਜੇ ਹੋਵੇਗਾ।
ਲੁਧਿਆਣਾਃ 1 ਸਤੰਬਰ 2024 - ਪੰਜਾਬੀ ਸਾਹਿਤ ਅਤੇ ਦੇਸ਼ ਵੰਡ ਸਬੰਧੀ ਇਤਿਹਾਸ ਦੇ ਗੂੜ੍ਹ ਗਿਆਤਾ ਮਾਣ ਮੱਤੇ ਲੇਖਕ ਈਸ਼ਰ ਸਿੰਘ ਸੋਬਤੀ ਅੱਜ ਸਵੇਰੇ 105 ਸਾਲ ਤੋਂ ਵੱਧ ਉਮਰ ਗੁਜ਼ਾਰ ਕੇ ਸੁਰਗਵਾਸ ਹੋ ਗਏ ਹਨ।
ਸ. ਸੋਬਤੀ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ ਪੰਜਾਬੀ ਲੇਖਕ ਕਰਮਜੀਤ ਸਿੰਘ ਔਜਲਾ, ਮਿੱਤਰ ਸੈਨ ਮੀਤ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।
ਈਸ਼ਰ ਸਿੰਘ ਸੋਬਤੀ ਦਾ ਜਨਮ 15 ਮਈ 1919 ਨੂੰ ਪਾਕਿਸਤਾਨ ਦੇ ਸੂਬਾ ਸਿੰਧ ਦੇ ਪਿੰਡ ਮੀਰ ਪੁਰ ਖਾਸ ਵਿਚ ਹੋਇਆ ਸੀ। ਗੁਲਾਮ ਦੇਸ਼ ਵਿਚ ਪੈਦਾ ਹੋਏ ਸੋਬਤੀ ਦੇ ਪਰਿਵਾਰ ਪਾਸ ਓਧਰ ਦੋ ਹਜ਼ਾਰ ਏਕੜ ਜ਼ਮੀਨ ਸੀ। ਆਪ ਨੇ ਉਸ ਵਕਤ ਵੀ ਬੀ ਏ ਪਾਸ ਕੀਤੀ ਹੋਈ ਸੀ। ਵਿਦਿਆਰਥੀ ਜੀਵਨ ਵਿਚ ਆਪ ਦਾ ਝੁਕਾਅ ਕਰਾਂਤੀਕਾਰੀ ਸਭਾ ਵੱਲ ਹੋ ਗਿਆ। ਆਪ ਪੂਰੇ ਜ਼ੋਰ ਸ਼ੋਰ ਨਾਲ ਅਜ਼ਾਦੀ ਦੀ ਲੜਾਈ ਵਿਚ ਕੁੱਦ ਪਏ। ਆਪ ਅਜੇ ਸਕੂਲ ਵਿਚ ਹੀ ਪੜ੍ਹਦੇ ਸਨ ਜਦੋਂ ਆਪ ਨੇ ਅੰਗਰੇਜ ਹਕੂਮਤ ਦਾ ਝੰਡਾ ਪਾੜ ਦਿੱਤਾ। ਜਿਸ ਕਾਰਣ ਆਪ ਨੂੰ ਗ੍ਰਿਫਤਾਰ ਕਰ ਕੇ ਤਸ਼ੱਦਦ ਕੀਤਾ ਗਿਆ। ਸਵਤੰਤਰਤਾ ਸੈਨਾਨੀ ਆਪ ਦੇ ਘਰ ਵਿਚ ਪਨਾਹ ਲੈਂਦੇ ਸਨ। ਪਾਕਿਸਤਾਨ ਬਣਨ ਤੋਂ ਪਹਿਲਾਂ ਸਰਦਾਰ ਪਟੇਲ ਆਪ ਦੇ ਜਿਗਰੀ ਯਾਰਾਂ ਵਿਚੋਂ ਸਨ ।
ਈਸ਼ਰ ਸਿੰਘ ਸੋਬਤੀ ਜੀ ਨੇ 9 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਜਿਨ੍ਹਾਂ ਵਿਚੋਂ ਇਕ ਅੰਗਰੇਜ਼ੀ, ਇਕ ਉਰਦੂ ਅਤੇ ਸੱਤ ਪੰਜਾਬੀ ਵਿਚ ਹਨ। ਆਪ ਦੀ ਵਿਸ਼ਵ ਪ੍ਰਸਿਧ ਪੁਸਤਕ 'ਕਿਵੇਂ ਮਰਨਾ' ਦੇ ਅੰਗਰੇਜੀ ਅਨੁਵਾਦ ਨੂੰ ਕੈਲੀਫੋਰਨੀਆਂ ਯੂਨੀਵਰਸਿਟੀ ਨੇ ਵੀ ਮਾਨਤਾ ਦਿੱਤੀ ਅਤੇ ਸੋਬਤੀ ਨੂੰ ਡੀ ਲਿਟ ਦੀ ਉਪਾਧੀ ਨਾਲ ਨਿਵਾਜਿਆ। ਉਸ ਵੇਲੇ ਆਪ ਦੀ ਉਮਰ 94 ਸਾਲ ਦੀ ਸੀ। ਇਸ ਪੁਸਤਕ ਦਾ ਮੁੱਖ ਬੰਧ ਸ. ਖੁਸ਼ਵੰਤ ਸਿੰਘ ਜੀ ਨੇ ਲਿਖਿਆ ਸੀ। ਆਪ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਪੰਜਾਬੀ ਸੱਭਿਆਚਾਰ ਅਕਾਡਮੀ ਤੇ ਸਿਰਜਣ ਧਾਰਾ ਦੇ ਵੀ ਜੀਵਨ ਮੈਂਬਰ ਸਨ। ਲੌਢੂਵਾਲ ਵਿਖੇ ਨਿਵਾਸ ਰੱਖ ਕੇ ਆਪ ਨੇ ਅਗਾਂਹਵਧੂ ਖੇਤੀ ਤੇ ਵਪਾਰਕ ਕਾਰੋਬਾਰਾਂ ਰਾਹੀਂ ਕੌਮੀ ਪਛਾਣ ਬਣਾਈ। ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਆਡਵਾਨੀ ਦੇ ਪਿਤਾ ਜੀ ਵੀ ਸ: ਈਸ਼ਰ ਸਿੰਘ ਸੋਬਤੀ ਦੇ ਸਿੰਧ ਵਿੱਚ ਅਧਿਆਪਕ ਸਨ।
ਈਸ਼ਰ ਸਿੰਘ ਸੋਬਤੀ ਜੀ ਦਾ ਸੌਵਾਂ ਜਨਮ ਦਿਨ ਅਸੀਂ ਲੁਧਿਆਣਾ ਦੇ ਲੇਖਕਾਂ ਨੇ ਪਰਿਵਾਰ ਦੀ ਸਹਾਇਤਾ ਨਾਲ 2019 ਵਿੱਚ ਡਾ. ਸ ਸ ਜੌਹਲ ਦੀ ਅਗਵਾਈ ਵਿੱਚ ਪੰਜਾਬੀ ਭਵਨ ਅਤੇ ਗੁਰਦੁਆਰਾ ਸਰਾਭਾ ਨਗਰ ਲੁਧਿਆਣਾ ਵਿਖੇ ਮਨਾਇਆ ਸੀ।
ਉਨ੍ਹਾਂ ਦੇ ਸਪੁੱਤਰਾਂ ਡਾ. ਸਤਿੰਦਰ ਸਿੰਘ ਸੋਬਤੀ, ਡਾ. ਭਾਰਤਬੀਰ ਸਿੰਘ ਸੋਬਤੀ ਤੇ ਪ੍ਰਭਜੀਤ ਸਿੰਘ ਸੋਬਤੀ ਅਨੁਸਾਰ
ਸ. ਈਸ਼ਰ ਸਿੰਘ ਸੋਬਤੀ ਦਾ ਅੰਤਿਮ ਸੰਸਕਾਰ ਕੱਲ੍ਹ 2ਸਤੰਬਰ ਸਵੇਰੇ 11.30 ਵਜੇ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਮਸ਼ਾਨਘਾਟ ਵਿੱਚ ਹੋਵੇਗਾ।