ਕੈਨੇਡਾ: ਰਿਚਮੰਡ ਵਿਖੇ ਸ. ਆਸਾ ਸਿੰਘ ਜੌਹਲ ਦਾ 98 ਵਾਂ ਜਨਮ ਦਿਨ ਮਨਾਇਆ
ਹਰਦਮ ਮਾਨ
ਸਰੀ, 24 ਅਗਸਤ 2020-ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਵੱਲੋਂ ਗੁਰਦੁਆਰਾ ਨਾਨਕ ਨਿਵਾਸ (ਨੰਬਰ 5 ਰੋਡ) ਰਿਚਮੰਡ ਦੇ ਚੇਅਰਮੈਨ ਸ. ਆਸਾ ਸਿੰਘ ਜੌਹਲ ਦਾ 98 ਵਾਂ ਜਨਮ ਦਿਨ ਮਨਾਇਆ ਗਿਆ।
ਸ. ਆਸਾ ਸਿੰਘ ਜੌਹਲ ਨੂੰ ਮੁਬਾਰਕਬਾਦ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਉਨ੍ਹਾਂ ਵੱਲੋਂ ਕਮਿਊਨਿਟੀ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ. ਜੌਹਲ ਕਮਿਊਨਿਟੀ ਦੀ ਇਕ ਮੰਨੀ ਹੋਈ ਸ਼ਖ਼ਸੀਅਤ ਹਨ। ਬਹੁਤ ਹੀ ਸਫਲ ਬਿਜਨਸਮੈਨ ਹੋਣ ਦੇ ਨਾਲ ਨਾਲ ਉਹ ਬਹੁਤ ਵੱਡੇ ਦਾਨੀ ਵੀ ਹਨ। ਉਹਨਾਂ ਨੇ ਲੱਖਾਂ ਡਾਲਰ ਦਾਨ ਵਜੋਂ ਯੂ.ਬੀ.ਸੀ, ਬੀ.ਸੀ.ਚਿਲਡਰਨ ਹਸਪਤਾਲ, ਬੀ.ਸੀ. ਕੈਂਸਰ ਸੁਸਾਇਟੀ, ਵੈਨਕੂਵਰ ਜਨਰਲ ਹਸਪਤਾਲ, ਰਿਚਮੰਡ ਹਸਪਤਾਲ ਅਤੇ ਹੋਰ ਅਨੇਕਾਂ ਅਦਾਰਿਆਂ ਨੂੰ ਦਿਤੇ ਹਨ। ਇਸ ਤੋਂ ਬਿਨਾਂ ਸ. ਜੌਹਲ ਨੇ ਆਪਣੇ ਜੱਦੀ ਪਿੰਡ ਜੰਡਿਆਲਾ ਵਿਖੇ ਤਕਰੀਬਨ ਦੋ ਲੱਖ ਡਾਲਰ ਨਾਲ ਕੁੜੀਆਂ ਦੇ ਹਾਈ ਸਕੂਲ ਵਿਚ ਇਕ ਸ਼ਾਨਦਾਰ ਆਡੀਟੋਰੀਅਮ ਬਣਾਇਆ ਹੈ।
98 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਉਹ ਬਹੁਤ ਸਰਗਰਮ ਹਨ ਅਤੇ ਸਾਡੇ ਲਈ ਇਕ ਬਹੁਤ ਚੰਗੇ ਰੋਲ ਮੌਡਲ ਹਨ। ਉਹਨਾਂ ਆਖਿਆ ਕਿ 1924 ਵਿਚ ਆਸਾ ਸਿੰਘ ਜੌਹਲ ਜਦ ਆਪਣੇ ਮਾਤਾ ਅਤੇ ਪਿਤਾ ਨਾਲ ਕੈਨੇਡਾ ਆਏ ਤਾਂ ਉਨ੍ਹਾਂ ਦੀ ਉਮਰ ਉਸ ਵੇਲੇ ਦੋ ਸਾਲ ਤੋਂ ਵੀ ਘੱਟ ਸੀ। 14 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਕੰਮ ਕਰਨਾ ਸ਼ੁਰੂ ਕਰ ਦਿਤਾ। ਆਪਣੀ ਮਿਹਨਤ ਸਦਕਾ ਸ. ਜੌਹਲ ਨੇ ਟਰਮੀਨਲ ਫੌਰਿਸਟ ਪਰੌਡਕਟਸ (ਮਿਲਜ਼) ਦੇ ਨਾਲ ਹੋਰ ਵੀ ਲੰਬਰ ਮਿੱਲਾਂ ਸਥਾਪਿਤ ਕੀਤੀਆਂ। ਇਸ ਤੋਂ ਬਿਨਾਂ ਰਿਚਮੰਡ ਦੇ ਨੰਬਰ 5 ਰੋਡ ਗੁਰਦਵਾਰਾ ਨਾਨਕ ਨਿਵਾਸ (ਇੰਡੀਆ, ਕਲਚਰਲ ਸੈੰਟਰ ਆਫ ਕੈਨੇਡਾ,8600 #5 ਰੋਡ ,ਰਿਚਮੰਡ) ਦੀ ਸਥਾਪਤੀ ਅਤੇ ਤਰੱਕੀ ਵਿਚ ਵੀ ਆਸਾ ਸਿੰਘ ਜੌਹਲ ਅਤੇ ਜੌਹਲ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਬੀਰ ਸਿੰਘ ਜਵੰਦਾ ਨੇ ਵੀ ਆਸਾ ਸਿੰਘ ਜੌਹਲ ਦੇ ਵੱਖ ਵੱਖ ਸ਼ੁਭ ਕਾਰਜਾਂ ਦਾ ਜ਼ਿਕਰ ਕੀਤਾ ਅਤੇ ਜਨਮ ਦਿਨ ਦੀ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਆਸਾ ਸਿੰਘ ਜੌਹਲ ਨੇ ਆਪਣੀ ਹਿੰਮਤ ਅਤੇ ਦ੍ਰਿੜ੍ਹ ਇਰਾਦੇ ਨਾਲ ਜੋ ਪ੍ਰਾਪਤੀਆਂ ਕੀਤੀਆਂ ਹਨ, ਉਨ੍ਹਾਂ ਉਪਰ ਸਮੁੱਚੀ ਕਮਿਊਨਿਟੀ ਨੂੰ ਬਹੁਤ ਮਾਣ ਹੈ।
ਇਸ ਮੌਕੇ ਜੌਹਲ ਪਰਿਵਾਰ ਅਤੇ ਉਨ੍ਹਾਂ ਦੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਅਤੇ ਸ਼ੁਭਚਿੰਤਕਾਂ ਨੇ ਵੀ ਸ. ਜੌਹਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ।