ਲੁਧਿਆਣਾ: 24 ਦਸੰਬਰ 2019 - ਗੁਜਰਾਂਵਾਲਾ ਗੁਰੂ ਨਾਨਕ ਕਾਲਿਜ ਸਿਵਿਲ ਲਾਈਨਜ਼ ਲੁਧਿਆਣਾ ਵਿਖੇ 23-24 ਜਨਵਰੀ 2020 ਨੂੰ ਕਰਵਾਈ ਜਾ ਰਹੀ ਤੀਸਰੀ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ (ਕੈਲੇਫੋਰਨੀਆ )ਅਮਰੀਕਾ ਵਾਸੀ ਪੰਜਾਬੀ ਕਵੀ ਸੁਖਵਿੰਦਰ ਕੰਬੋਜ ਨੂੰ ਪਹਿਲਾ ਪੰਜਾਬੀ ਪਰਵਾਸੀ ਲੇਖਕ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ।
ਇਸ ਪੁਰਸਕਾਰ ਦੀ ਸਥਾਪਨਾ ਦਾ ਐਲਾਨ ਪਿਛਲੇ ਸਾਲ ਪੰਜਾਬ ਭਵਨ ਸਰੀ(ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਕੀਤਾ ਗਿਆ ਸੀ।
ਇਹ ਜਾਣਕਾਰੀ ਦਿੰਦਿਆਂ ਪੁਰਸਕਾਰ ਚੋਣ ਕਮੇਟੀ ਦੇ ਚੇਅਰਮੈਨ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਅਤੇ ਚੋਣ ਕਮੇਟੀ ਮੈਂਬਰ ਪ੍ਰੋ: ਗੁਰਭਜਨ ਗਿੱਲ ਨੇ ਦੱਸਿਆ ਕਿ ਵਿਸ਼ਵ ਚ ਕਾਰਜਸ਼ੀਲ ਲੇਖਕਾਂ ਵਿੱਚੋਂ ਸੁਖਵਿੰਦਰ ਕੰਬੋਜ ਨੇ ਅਮਰੀਕਾ ਚ ਕਾਵਿ ਸਿਰਜਣਾ, ਸੰਪਾਦਨਾ ਤੇ ਸਾਹਿੱਤਕ ਸੰਗਠਨ ਕਰਕੇ ਆਪਣੀ ਲਿਆਕਤ ਦਾ ਲੋਹਾ ਮੰਨਵਾਇਆ ਹੈ।
ਇਸ ਪੁਰਸਕਾਰ ਦੀ ਸਥਾਪਨਾ ਪੰਜਾਬ ਭਵਨ ਸਰੀ(ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਜੀ ਨੇ ਆਪਣੇ ਮਾਪਿਆਂ ਦੇ ਨਾਮ ਤੇ ਕੀਤੀ ਹੈ। ਇਸ ਪੁਰਸਕਾਰ ਵਿੱਚ ਇਕਵੰਜਾ ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ, ਸਨਮਾਨ ਚਿੰਨ੍ਹ ਤੇ ਦੋਸ਼ਾਲਾ ਸ਼ਾਮਿਲ ਹੋਵੇਗਾ।
ਸੁਖਵਿੰਦਰ ਕੰਬੋਜ ਬਾਰੇ ਹੋਰ ਸੂਚਨਾ ਦਿੰਦਿਆਂ ਡਾ: ਐੱਸ ਪੀ ਸਿੰਘ ਨੇ ਦੱਸਿਆ ਕਿ 12 ਨਵੰਬਰ 1952 ਚ ਨਕੋਦਰ ਨੇੜੇ ਪਿੰਡ ਸ਼ਾਹਪੁਰ ‘ਚ ਸ: ਜਾਗੀਰ ਸਿੰਘ ਕੰਬੋਜ ਦੇ ਘਰ ਮਾਤਾ ਸਵਰਨ ਕੌਰ ਦੀ ਕੁਖੋਂ ਜਨਮੇ ਸੁਖਵਿੰਦਰ ਕੰਬੋਜ ਨੇ 1976 ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੋਂ ਐੱਮ ਏ ਆਨਰਜ਼ ਪਾਸ ਕੀਤੀ। ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ ਚ ਕੁਝ ਸਮਾਂ ਪੜ੍ਹਾਉਣ ਉਪਰੰਤ ਆਪ ਸ਼ਿਵਾਲਿਕ ਕਾਲਿਜ ਨਯਾ ਨੰਗਲ ਚ ਪ੍ਰੋਫੈਸਰ ਵਜੋਂ ਕਾਰਜਸ਼ੀਲ ਰਹੇ।
ਇਥੋਂ ਹੀ ਆਪ ਅਮਰੀਕਾ ਪੁੱਜ ਗਏ। ਪੰਜ ਕਾਵਿ ਪੁਸਤਕਾਂ ਨਵੇਂ ਸੂਰਜ(1992) ਜਾਗਦੇ ਅੱਖਰ(1995) ਇੱਕੋ ਜਿਹਾ ਦੁੱਖ(1999) ਉਮਰ ਦੇ ਇਸ ਮੋੜ ਤੀਕ(2005) ਜੰਗ ਜਸ਼ਨ ਤੇ ਜੁਗਨੂੰ(2017) ਦੇ ਸਿਰਜਕ ਕੰਬੋਜ ਦੀਆਂ ਦੋ ਪੁਸਤਕਾਂ ਸ਼ਬਦੋਂ ਕੀ ਧੂਪ ਤੇ ਤਲਖ਼ ਮੌਸਮੋਂ ਕਾ ਹਿਸਾਬ ਹਿੰਦੀ ਚ ਅਨੁਵਾਦ ਹੋ ਕੇ ਛਪ ਚੁਕੀਆਂ ਹਨ। ਨਿਊ ਸੰਨਜ਼ ਨਾਮ ਹੇਠ ਇੱਕ ਪੁਸਤਕ ਅੰਗਰੇਜ਼ੀ ਚ ਵੀ ਛਪ ਚੁਕੀ ਹੈ।
ਸੁਖਵਿੰਦਰ ਕੰਬੋਜ ਦੀ ਸੰਪਾਦਨਾ ਹੇਠ ਅਮਰੀਕੀ ਪੰਜਾਬੀ ਕਵਿਤਾ 2001 ਚ ਛਪੀ ਸੀ ਤੇ ਹੁਣ ਸੁਖਵਿੰਦਰ ਕੰਬੋਜ ਦੀ ਸੰਪਾਦਨਾ ਹੇਠ ਅਮਰੀਕੀ ਪੰਜਾਬੀ ਕਵਿਤਾ ਭਾਗ ਦੂਜਾ ਵੀ ਇਸੇ ਸਾਲ ਪ੍ਰਕਾਸ਼ਿਤ ਹੋਈ ਹੈ।
ਸੁਖਵਿੰਦਰ ਕੰਬੋਜ ਨੂੰ ਵਿਸ਼ਵ ਪੰਜਾਬੀ ਸਾਹਿੱਤ ਅਕਾਡਮੀ ਕੈਲੇਫੋਰਨੀਆ, ਰਤਨਾ ਵਿਚਾਰ ਮੰਚ ਨਾਭਾ, ਸ: ਪ੍ਰੀਤਮ ਸਿੰਘ ਬਾਸੀ ਯਾਦਗਾਰੀ ਪੁਰਸਕਾਰ ਸਰੀ (ਕੈਨੇਡਾ) ਪੰਜਾਬੀ ਅਧਿਐਨ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸਾਹਿੱਤ ਸਭਾ ਕੈਲੇਫੋਰਨੀਆਂ ਵੱਲੋਂ ਵੀ ਪਹਿਲਾਂ ਸਨਮਾਨਿਤ ਕੀਤਾ ਜਾ ਚੁਕਾ ਹੈ।
ਪੁਰਸਕਾਰ ਹਾਸਲ ਕਰਨ ਅਤੇ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਸੁਖਵਿੰਦਰ ਕੰਬੋਜ ਮਿੱਤਰਾਂ ਸਨੇਹੀਆਂ ਸਮੇਤ ਅਮਰੀਕਾ ਤੋਂ ਵਤਨ ਆ ਰਹੇ ਹਨ।