ਲੁਧਿਆਣਾ, 3 ਨਵੰਬਰ, 2016 : ਉੱਘੇ ਕੈਨੇਡੀਅਨ ਸਿੱਖ ਵਿਦਵਾਨ ਅਤੇ ਸਾਹਿਤਕਾਰ ਡਾ. ਰਘੂਵੀਰ ਸਿੰਘ ਬੈਂਸ ਦਾ ਅੱਜ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਜਾਣਕਾਰੀ ਮੁਤਾਬਕ 80 ਸਾਲਾਂ ਦੇ ਡਾ. ਰਘੂਵੀਰ ਸਿੰਘ ਬੈਂਸ ਦਿਲ ਦੀ ਬਿਮਾਰੀ ਕਾਰਨ ਪਿਛਲੇ ਦੋ ਹਫਤਿਆਂ ਤੋਂ ਇਸ ਹਸਪਤਾਲ 'ਚ ਦਾਖ਼ਲ ਸਨ। ਡਾ. ਬੈਂਸ ਨੇ 1996 'ਚ ਸਿੱਖ ਧਰਮ 'ਤੇ ਪਹਿਲੇ ਮਲਟੀਮੀਡੀਆ ਐਨਸਾਈਕਲੋਪੀਡੀਆ ਦੀ ਰਚਨਾ ਕੀਤੀ ਸੀ, ਜਿਸ ਲਈ ਉਹ ਖਾਸੇ ਪ੍ਰਸਿੱਧ ਸਨ। ਡਾ : ਬੈਂਸ ਨੇ ਪੰਜਾਬੀ ਸ਼ਬਦ-ਕੋਸ਼ ਦਾ ਇਲੈਕਟ੍ਰੋਨਿਕ ਸਰੂਪ ਤਿਆਰ ਕੀਤਾ। ਸਿੱਖ ਸਕਾਲਰ ਡਾ. ਰਘੂਬੀਰ ਸਿੰਘ ਬੈਂਸ ਦਾ ਸਿੱਖ ਇਤਿਹਾਸ ਤੇ ਰਿਸਰਚ ਵਿੱਚ ਵੱਡਾ ਯੋਗਦਾਨ ਰਿਹਾ ਹੈ। ਡਾ. ਬੈਂਸ ਨੇ ਖਡੂਰ ਸਾਹਿਬ ਵਿਖੇ ਪਹਿਲਾ ਮਲਟੀਮੀਡੀਆ ਸਿੱਖ ਮਿਊਜ਼ਿਮ ਸਥਾਪਤ ਕੀਤਾ ਤੇ ਏਡਜ਼, ਨਸ਼ੇ ਅਤੇ ਵਾਤਾਵਰਣ ਸੰਭਾਲ ਲਈ ਲੋਕਾਂ 'ਚ ਜਾਗਰੂਕਤਾ ਪੈਦਾ ਕੀਤੀ। ਉਨ੍ਹਾਂ ਦੇ ਸਮਾਜ ਸੇਵੀ ਕੰਮਾਂ ਲਈ ਕੈਨੇਡੀਅਨ ਸਰਕਾਰ ਵੱਲੋਂ 'ਆਰਡਰ ਆਫ ਬ੍ਰਿਟਿਸ਼ ਕੋਲੰਬੀਆ, 'ਪਰਾਈਮ ਮਨਿਸਟਰ ਐਵਾਰਡ ਅਤੇ ਗਵਰਨਰ ਜਨਰਲ ਕੈਰਿੰਗ ਐਵਾਰਡ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਜਦਕਿ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ 'ਸਿੱਖ ਸਕੋਲਰ ਆਫ ਕੰਪਿਊਟਰ ਏਜ਼' ਦਾ ਟਾਈਟਲ ਦਿੱਤਾ। ਉਨ੍ਹਾਂ ਦੇ ਦੇਹਾਂਤ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੁੱਖ ਜ਼ਾਹਿਰ ਕਰਦਿਆਂ ਉਨ੍ਹਾਂ ਦੀ ਮੌਤ ਨੂੰ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ।