ਵਿਸ਼ਵ ਪ੍ਰਸਿੱਧ ਗੀਤਕਾਰ ਹਰਦੇਵ ਦਿਲਗੀਰ ਥਰੀਕੇ ਵਾਲਿਆਂ ਨੂੰ ਲੇਖਕਾਂ ਕਲਾਕਾਰਾਂ ਤੇ ਬੁੱਧੀਜੀਵੀਆਂ ਵੱਲੋਂ ਸ਼ਰਧਾਂਜਲੀਆਂ
- ਸੁਰਿੰਦਰ ਛਿੰਦਾ ਨੇ ਲਾਇਬਰੇਰੀ ਤੇ ਬੁੱਤ ਸਥਾਪਤ ਕਰਨ ਲਈ ਪਿੰਡ ਪੰਚਾਇਤ ਤੋਂ ਸਹਿਯੋਗ ਮੰਗਿਆ
ਲੁਧਿਆਣਾਃ 28 ਜਨਵਰੀ 2022 - ਵਿਸ਼ਵ ਪ੍ਰਸਿੱਧ ਗੀਤਕਾਰ ਹਰਦੇਵ ਦਿਲਗੀਰ ਥਰੀਕੇ ਵਾਲਾ ਦੀ ਅੰਤਿਮ ਅਰਦਾਸ ਮੌਕੇ ਦੇਸ਼ ਬਦੇਸ਼ ਤੋਂ ਆਏ ਲੇਖਕਾਂ, ਕਲਾਕਾਰਾਂ ਤੇ ਬੁੱਧੀ ਜੀਵੀਆਂ ਵੱਲੋਂ ਪਿੰਡ ਥਰੀਕੇ ਵਿਖੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। 2000 ਤੋਂ ਵੱਧ ਰੀਕਾਰਡ ਗੀਤਾਂ ਦੇ ਸਿਰਜਕ, 32 ਪੁਸਤਕਾਂ ਦੇ ਲੇਖਕ ਹਰਦੇਵ ਦਿਲਗੀਰ ਪੰਜਾਬੀ ਸਾਹਿੱਤ ਅਕਾਦਮੀ ਦੇ ਵੀ ਜੀਵਨ ਮੈਂਬਰ ਸਨ।
ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬ ਵਿੱਚ ਪੰਜ ਦਰਿਆ ਪਾਣੀਆਂ ਦੇ ਹਨ ਅਤੇ ਪੰਜ ਦਰਿਆ ਸਾਹਿੱਤ ਦੇ ਹਨ। ਗੁਰਬਾਣੀ, ਸੂਫੀ ਸਾਹਿਤ, ਕਿੱਸਾ ਕਵਿਤਾ, ਲੋਕ ਸਾਹਿਤ ਤੇ ਸਿਰਜਣਾਤਮਕ ਸਾਹਿੱਤ ਇਥੋਂ ਦੇ ਲੋਕ ਮਨ ਨੂੰ ਸਿੰਜਦੇ ਹਨ। ਹਰਦੇਵ ਦਿਲਗੀਰ ਨੇ ਇਨ੍ਹਾਂ ਸਾਰੇ ਦਰਿਆਵਾਂ ਨੂੰ ਆਤਮਸਾਤ ਕਰਕੇ ਪੰਜਾਬੀ ਲੋਕ ਚੇਤਨਾ ਨੂੰ ਸੁਰ ਸ਼ਬਦ ਸੰਗੀਤ ਨਾਲ ਜੋੜਿਆ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਹਰਦੇਵ ਦਿਲਗੀਰ ਦੇ ਗੀਤਾਂ ਨੇ ਚਾਰ ਪੁਸ਼ਤਾਂ ਨੂੰ ਆਪਣੇ ਗੀਤਾਂ ਨਾਲ ਸਿੰਜਿਆ ਹੈ। ਮੈਂ ਖ਼ੁਦ ਬਚਪਨ ਚ ਉਨ੍ਹਾਂ ਦੇ ਗੀਤ ਸੁਣਾ ਕੇ ਸਕੂਲ ਵੇਲੇ ਇਨਾਮ ਜਿੱਤਦਾ ਰਿਹਾ ਹਾਂ ਤੇ ਹੁਣ ਮੇਰੀ ਸਾਢੇ ਤਿੰਨ ਸਾਲ ਦੀ ਪੋਤਰੀ ਗਿੱਧਾ ਪਾਉ ਕੁੜੀਓ ਨੀ ਮਜਾਜਾਂ ਪਿੱਟੀਉ ਸੁਣ ਕੇ ਨਾਲ ਨਾਲ ਨੱਚਦੀ ਹੈ।
ਵਿਸ਼ਵ ਪ੍ਰਸਿੱਧ ਰਾਗੀ ਭਾਈ ਜੋਗਿੰਦਰ ਸਿੰਘ ਰਿਆੜ ਨੇ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਦਰਬਾਰ ਸੰਪਰਦਾਇ ਲੋਪੋਂ(ਮੋਗਾ) ਵੱਲੋਂ ਹਰਦੇਵ ਦਿਲਗੀਰ ਦੇ ਸਪੁੱਤਰ ਸਃ ਜਗਵੰਤ ਸਿੰਘ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ।
ਉੱਘੇ ਸੰਗੀਤਕਾਰ ਚਰਨਜੀਤ ਆਹੂਜਾ, ਗੀਤਕਾਰ ਬਾਬੂ ਸਿੰਘ ਮਾਨ, ਦੇਬੀ ਮਖਸੂਸਪੁਰੀ,ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ, ਸਾਬਕਾ ਪਾਰਲੀਮੈਂਟਰੀ ਸੈਕਟਰੀ ਦਰਸ਼ਨ ਸਿੰਘ ਸ਼ਿਵਾਲਿਕ, ਪਰਗਟ ਸਿੰਘ ਗਰੇਵਾਲ ਪ੍ਰਧਾਨ ਮੋਹਨ ਸਿੰਘ ਫਾਉਂਡੇਸ਼ਨ, ਰਾਜੀਵ ਕੁਮਾਰ ਲਵਲੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ,ਸਿਰਕੱਢ ਲੋਕ ਗਾਇਕ ਸੁਰਿੰਦਰ ਛਿੰਦਾ, ਅਮਰੀਕ ਸਿੰਘ ਤਲਵੰਡੀ, ਡਾਃ ਨਿਰਮਲ ਜੌੜਾ, ਅਸ਼ੋਕ ਭੌਰਾ ਅਮਰੀਕਾ, ਲੋਕ ਗਾਇਕ ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਸੁਖਵਿੰਦਰ ਸੁੱਖੀ, ਹੈਪੀ ਰਾਏਕੋਟੀ, ਗੁਰਮੀਤ ਮੀਤ, ਲਵ ਮਨਜੋਤ,ਕੁੰਢਾ ਸਿੰਘ ਧਾਲੀਵਾਲ, ਭੱਟੀ ਭੜੀਵਾਲਾ, ਹਰਬੰਸ ਸਹੋਤਾ, ਆਤਮਾ ਬੁੱਢੇਵਾਲੀਆ,ਗੁਲਸ਼ਨ ਕੋਮਲ, ਸੁੱਖ ਚਮਕੀਲਾ, ਰਣਜੀਤ ਮਣੀ,ਦਲਵਿੰਦਰ ਦਯਾਲਪੁਰੀ,ਬਿੱਟੂ ਖੰਨੇਵਾਲਾ, ਅਸ਼ੋਕ ਬਾਂਸਲ ਮਾਨਸਾ, ਹਰਭਜਨ ਸਿੰਘ ਬੈਂਸ, ਸਰਬਜੀਤ ਵਿਰਦੀ, ਅਮਰਜੀਤ ਸ਼ੇਰਪੁਰੀ, ਸਤੀਸ਼ ਗੁਲਾਟੀ, ਸਤਿਬੀਰ ਸਿੰਘ ਸਿੱਧੂ ਕੈਨੇਡਾ, ਜਗਦੀਸ਼ਪਾਲ ਸਿੰਘ ਸਰਪੰਚ ਦਾਦ, ਤਰਲੋਚਨ ਝਾਂਡੇ, ਡਾਃ ਗੁਰਇਕਬਾਲ ਸਿੰਘ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਭਗਵਾਨ ਢਿੱਲੋਂ , ਅਮਨਦੀਪ ਫੱਲੜ, ਬੇਅੰਤ ਕੌਰ ਗਿੱਲ ਮੋਗਾ, ਰਵੀਦੀਪ ਰਵੀ,ਦਿਲਬਾਗ ਸਿੰਘ ਹੁੰਦਲ ਤਰਨਤਾਰਨ, ਡਾਃ ਜਸਵਿੰਦਰ ਸ਼ਰਮਾ ਰਾਮਪੁਰਾ ਫੂਲ,ਸੁਰਿੰਦਰਜੀਤ ਚੌਹਾਨ ਸਮੇਤ ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਹਰਦੇਵ ਦਿਲਗੀਰ ਨੂੰ ਅਲਵਿਦਾ ਕਹੀ।