31 ਅਗਸਤ, ਜਨਮ ਦਿਨ ਉਤੇ ਵਿਸ਼ੇਸ਼ : ਅਮ੍ਰਿਤਾ ਪ੍ਰੀਤਮ ਨੂੰ ਪੰਜਾਬ ਕਲਾ ਪਰਿਸ਼ਦ ਨੇ ਕੀਤਾ ਯਾਦ
ਚੰਡੀਗੜ੍ਹ, 31 ਅਗਸਤ 2021 : ਸ਼੍ਰੀ ਅਮ੍ਰਿਤਾ ਪ੍ਰੀਤਮ ਦਾ ਇਕ ਸੌ ਦੋ-ਵਾਂ ਜਨਮ ਦਿਨ ਹੈ। ਪੰਜਾਬੀ ਲੇਖਕ,ਪਾਠਕ ਤੇ ਕਲਾ ਪ੍ਰੇਮੀ ਉਨਾ ਨੂੰ ਬੜੀ ਸ਼ਿੱਦਤ ਨਾਲ ਚੇਤੇ ਕਰ ਰਹੇ ਨੇ ਅੱਜ। ਇਸ ਦਿਨ ਉਤੇ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਹੈ ਕਿ ਅੰਮ੍ਰਿਤਾ ਜੀ ਵੀਹਵੀਂ ਸਦੀ ਦੀ ਮਹਾਨ ਤੇ ਸਭ ਤੋਂ ਵਧ ਹਰਮਨ ਪਿਆਰੀ ਕਵਿੱਤਰੀ ਸਨ। ਦੁਨੀਆਂ ਭਰ ਵਿਚ ਨਾਮਣਾ ਖਟ ਕੇ ਪੰਜਾਬੀਆਂ ਦਾ ਮਾਣ ਵਧਾਇਆ। ਉਨਾ ਕਿਹਾ ਕਿ ਪੰਜਾਬੀ ਉਨਾ ਨੂੰ ਕਦੇ ਨਹੀਂ ਭੁਲਾ ਸਕਦੇ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਅਮ੍ਰਿਤਾ ਜੀ ਇਕ ਨਿਵੇਕਲੀ ਸ਼ਖਸੀਅਤ ਦੇ ਮਾਲਕ ਸਨ। 'ਨਾਗਮਣੀ' ਰਸਾਲੇ ਰਾਹੀਂ ਉਨਾ ਅਣਗਿਣਤ ਲੇਖਕ ਪੈਦਾ ਕੀਤੇ ਤੇ ਪ੍ਰੇਰਨਾ ਸ੍ਰੋਤ ਬਣਕੇ ਅਗਵਾਈ ਕਰਦੇ ਰਹੇ। ਡਾ ਪਾਤਰ ਅਨੁਸਾਰ ਕਿ ਅੰਮ੍ਰਿਤਾ ਜੀ ਨੇ ਇਕੋ ਸਮੇਂ ਵਿਚ ਕਈ ਸਾਹਿਤਕ ਵਿਧਾਵਾਂ ਉਤੇ ਕਲਮ ਚਲਾਈ।
ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਜੀ ਨੇ ਅੰਮ੍ਰਿਤਾ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਗੁੱਜਰਾਂਵਾਲਾ ਵਿਖੇ 31 ਅਗਸਤ 1919 ਵਿਚ ਪੈਦਾ ਹੋਕੇ 31 ਅਕਤੂਬਰ 2005 ਵਿਚ ਪੂਰੀ ਹੋਏ ਅਮ੍ਰਿਤਾ ਜੀ ਨੇ ਕਵਿਤਾ ਤੋਂ ਇਲਾਵਾ, ਨਿਬੰਧ, ਡਾਇਰੀ, ਕਹਾਣੀ, ਨਾਵਲ, ਯਾਦਾਂ, ਰੇਖਾ ਚਿਤਰ, ਸਫਰਨਾਮਾ ਵੀ ਲਿਖਿਆ। ਉਨਾ ਦੇ ਗੀਤ ਕਈ ਗਾਇਕਾਂ ਨੇ ਗਾਏ। ਟੋਰਾਂਟੋ ਵਾਲੇ ਕੁਲਦੀਪ ਦੀਪਕ ਨੇ ਆਪਣੀ ਮਧੁਰ ਆਵਾਜ ਵਿਚ ' ਮੈਂ ਫਿਰ ਆਵਾਂਗੀ' ਗਾ ਕੇ ਦਿਲੋਂ ਸ਼ਰਧਾਂਜਲੀ ਦਿਤੀ। 'ਰਸੀਦੀ ਟਿਕਟ' (ਸਵੈ ਜੀਵਨੀ) ਦੇ ਕਈ ਕਈ ਐਡੀਸ਼ਨ ਛਪੇ। 'ਪਿੰਜਰ' ਨਾਵਲ ਉਤੇ ਫਿਲਮ ਬਣੀਂ। ਸੌ ਤੋਂ ਵਧੇਰੇ ਪੁਸਤਕਾਂ ਲਿਖੀਆਂ। 'ਅਜ ਆਖਾਂ ਵਾਰਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ' ਅਮਰ ਕਵਿਤਾ ਹੋ ਨਿਬੜੀ।
ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਅੰਮ੍ਰਿਤਾ ਜੀ ਨੂਬ ਯਾਦ ਕਰਦਿਆਂ ਕਿਹਾ ਕਿ ਭਾਰਤ ਦੀਆਂ ਲਗਪਗ ਸਾਰੀਆਂ ਭਾਸ਼ਾਵਾਂ ਵਿਚ ਉਨਾ ਦੀਆਂ ਰਚਨਾਵਾਂ ਅਨੁਵਾਦ ਹੋਈਆਂ ਤੇ ਅੰਗਰੇਜ਼ੀ ਤੇ ਸਪੈਨਿਸ਼ ਵਿਚ ਵੀ ਕਈ ਕੁਛ ਛਪਿਆ।
ਅਮ੍ਰਿਤਾ ਪ੍ਰੀਤਮ ਜੀ ਨੂੰ ਲਗਪਗ ਸਾਰੇ ਹੀ ਵੱਕਾਰੀ ਪੁਰਸਕਾਰ ਮਿਲੇ ਤੇ ਪਦਮ ਸ਼੍ਰੀ ਵੀ ਹਾਸਲ ਹੋਇਆ। ਸ਼੍ਰੀ ਮਤੀ ਇੰਦਰਾ ਗਾਂਧੀ ਵੀ ਆਪ ਦੀਆਂ ਲਿਖਤਾਂ ਦੇ ਉਪਾਸ਼ਕ ਸਨ। ਅਮ੍ਰਿਤਾ ਜੀ ਦੇ ਅੰਤਲੇ ਵੇਲੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਉਨਾ ਦੇ ਘਰ ਜਾਕੇ ਪੰਜਾਬ ਸਰਕਾਰ ਵਲੋਂ 11 ਲੱਖ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ। ਕੈਪਟਨ ਉਨਾ ਦੀ ਵਾਰਸ ਸ਼ਾਹ ਵਾਲੀ ਕਵਿਤਾ ਨੂੰ ਖਾਸ ਤੌਰ ਉਤੇ ਪਸੰਦ ਕਰਦੇ ਸਨ।
ਅਜ ਉਨਾ ਦੇ ਜਨਮ ਦਿਨ ਮੌਕੇ ਲੇਖਕਾਂ, ਪਾਠਕਾਂ ਤੇ ਉਨਾ ਨੂੰ ਚਾਹੁੰਣ ਵਾਲਿਆਂ ਨੇ ਉਨਾ ਦੀਆਂ ਤਸਵੀਰਾਂ ਤੇ ਰਚਨਾਵਾਂ ਸਾਂਝੀਆਂ ਕਰ ਕੇ ਉਨਾ ਨੂੰ ਯਾਦ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਵੀ ਉਨਾ ਨੂੰ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ, ਮੀਡੀਆ ਕੋ: ਪੰਜਾਬ ਕਲਾ ਪਰਿਸ਼ਦ।