ਪੰਜਾਬ ਕਲਾ ਪਰਿਸ਼ਦ ਨੇ ਕੀਤਾ ਅਮਿਤੋਜ ਨੂੰ ਯਾਦ (ਜਨਮ ਦਿਨ ਉਤੇ ਵਿਸ਼ੇਸ਼)
ਚੰਡੀਗੜ੍ਹ, 3 ਜੂਨ 2021 - ਸਮਰੱਥ ਸ਼ਾਇਰ ਅਮਿਤੋਜ ਦਾ ਅੱਜ ਜਨਮ ਦਿਨ ਹੈ। ਪੰਜਾਬ ਕਲਾ ਪਰਿਸ਼ਦ ਅਮਿਤੋਜ ਨੂੰ ਯਾਦ ਕਰਦੀ ਹੋਈ ਉਹਨਾਂ ਦੇ ਪਰਿਵਾਰ ਨੂੰ ਮੁਬਾਰਕ ਦਿੰਦੀ ਹੈ ਤੇ ਪਾਠਕਾਂ ਪ੍ਰਸ਼ੰਸਕਾਂ ਨਾਲ ਉਸਦੀਆਂ ਯਾਦਾਂ ਸਾਂਝੀਆਂ ਕਰਦੀ ਹੈ। 3 ਜੂਨ 1947 ਦੇ ਦਿਨ ਪਿਤਾ ਚਰਨ ਦਾਸ ਦੇ ਘਰ ਮਾਂ ਜਾਨਕੀ ਦੇਵੀ ਦੀ ਕੁੱਖੋਂ ਭੁਲੱਥ ਨੇੜੇ ਪਿੰਡ ਆਖਾੜਾ ਵਿਖੇ ਪੈਦਾ ਹੋਇਆ ਕ੍ਰਿਸ਼ਨ ਕੁਮਾਰ ਪਹਿਲਾਂ ਕੰਵਲ ਸ਼ਮੀਮ ਬਣਿਆ। ਫੇਰ ਕ੍ਰਿਸ਼ਨ ਕੰਵਲ ਸਰੀਨ ਤੇ ਡਾ ਸੁਰਜੀਤ ਪਾਤਰ ਨੇ ਉਸਦਾ ਨਾਂ ਅਮਿਤੋਜ ਰੱਖ ਦਿੱਤਾ। ਡਾ ਪਾਤਰ ਨਾਲ ਉਸਦਾ ਮੇਲ 1962 ਵਿਚ ਹੋਇਆ ਕਪੂਰਥਲੇ ਕਾਲਜ ਵਿਚ ਪੜਦੇ ਸਮੇਂ। ਅਮਿਤੋਜ ਨੇ ਡੇਢ ਸਾਲ 'ਨਵਾਂ ਜਮਾਨਾ' ਵਾਸਤੇ ਪੱਤਰਕਾਰੀ ਵੀ ਕੀਤੀ ਤੇ ਜੀਵਨ ਬੀਮਾ ਵਿਚ ਵੀ ਕੰਮ ਕਰਦਾ ਰਿਹਾ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ ਤੇ ਪੀ ਐਚ ਡੀ ਕੀਤੀ। ਡਾ ਪਾਤਰ ਦੇ ਯਤਨਾਂ ਸਦਕਾ ਹੀ ਉਸਦੀ ਕਿਤਾਬ ' ਖਾਲੀ ਤਰਕਸ਼' ਛਪੀ। ਪਾਤਰ ਜੀ ਨੇ ਹੀ ਕਿਤਾਬ ਦਾ ਨਾਂ ਧਰਿਆ। ਦਸਦੇ ਨੇ ਕਿ ਹਾਲੇ ਵੀ ਉਸਦੀਆਂ ਕਈ ਲਿਖਤਾਂ ਛਪਣ ਖੁਣੋਂ ਪਈਆਂ ਹਨ। ਉਸਦੀਆਂ ਚੋਣਵੀਆਂ ਲਿਖਤਾਂ ਵਿਚ: ਲਾਹੌਰ ਦੇ ਨਾਂ ਖਤ,ਬੁੱਢਾ ਬੌਲਦ,ਖਾਲੀ ਤਰਕਸ਼, ਗਰੀਟਿੰਗ ਕਾਰਡ, ਯਾਦਗਾਰੀ ਕਵਿਤਾਵਾਂ ਹਨ। ਬਰਤੋਲਤ ਬਰੈਖਤ ਦਾ ਨਾਟਕ ਅੰਗ੍ਰੇਜੀ ਤੋਂ ਪੰਜਾਬੀ ਵਿਚ ਅਨੁਵਾਦ ਹੋਇਆ ਤਾਂ ਗੀਤ ਅਮਿਤੋਜ ਨੇ ਲਿਖੇ। ਖੂਬ ਸਲਾਹਿਆ ਗਿਆ ਇਹ ਨਾਟਕ।
ਇਹ ਸਮਾਂ 1980 ਦਾ ਸੀ ਜਦ ਅਮਿਤੋਜ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਕੱਚ ਦੀਆਂ ਮੁੰਦਰਾਂ' ਦਾ ਸੰਚਾਲਨ ਕਰਨ ਲੱਗਿਆ ਤਾਂ ਅਮਿਤੋਜ ਦੀ ਸਾਹਿਤਕ ਸ਼ਬਦਾਵਲੀ ਤੇ ਨਿਵੇਕਲੀ ਪੇਸ਼ਕਸ਼ ਸਦਕਾ ਪ੍ਰੋਗਰਾਮ ਬਹੁਤ ਮਕਬੂਲ ਹੋਇਆ। ਉਸਨੇ ਕਲਾ ਜਗਤ ਦੀਆਂ ਵੱਡੀਆਂ ਵੱਡੀਆਂ ਹਸਤੀਆਂ ਨਾਲ ਇਸ ਪ੍ਰੋਗਰਾਮ ਵਿਚ ਮੁਲਾਕਾਤਾਂ ਕੀਤੀਆਂ।
ਅਮਿਤੋਜ ਦੇ ਪਰਿਵਾਰ ਵਿਚ ਉਸਦੀ ਪਤਨੀ ਅੰਮ੍ਰਿਤਪਾਲ ਕੌਰ, ਬੇਟੀ ਸੁਖਮਨੀ ਤੇ ਬੇਟਾ ਆਗੋਸ਼ ਹਨ। ਅਮਿਤੋਜ 28 ਅਗਸਤ 2005 ਦੇ ਦਿਨ ਪੂਰਾ ਹੋ ਗਿਆ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਅਮਿਤੋਜ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਉਹ ਦਿਲਚਸਪ ਇਨਸਾਨ ਸੀ ਤੇ ਕਾਲਜ ਪੜਦਿਆਂ ਉਸ ਨਾਲ ਬਿਤਾਏ ਦਿਨ ਅਭੁੱਲ ਹਨ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਯੂਨੀਵਰਸਿਟੀ ਪੜਦਿਆਂ ਅਮਿਤੋਜ ਨੇ ਆਪਣਾ ਪਾਠਕ ਮੰਡਲ ਤੇ ਚਹੇਤਿਆਂ ਦਾ ਘੇਰਾ ਕਾਫੀ ਵਿਸ਼ਾਲ ਕਰ ਲਿਆ ਹੋਇਆ ਸੀ। ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਅਮਿਤੋਜ ਦੀ ਦੂਰਦਰਸ਼ਨ ਜਲੰਧਰ ਵਿਖੇ ਪ੍ਰੋਗਰਾਮ ਪੇਸ਼ਕਾਰੀ ਨੇ ਵੀ ਉਸਨੂੰ ਹਰਮਨ ਪਿਆਰਾ ਬਣਾ ਦਿਤਾ ਹੋਇਆ ਸੀ। ਉਸਦੀ ਨਿਵੇਕਲੀ ਸ਼ੈਲੀ ਤੇ ਅਨਮੋਲ ਸ਼ਬਦਾਵਲੀ ਦਰਸ਼ਕਾਂ ਨੂੰ ਖਿਚ ਪਾਉਣ ਵਾਲੀ ਹੁੰਦੀ ਸੀ। ਅਜ ਪੰਜਾਬ ਕਲਾ ਪਰਿਸ਼ਦ ਉਨਾ ਦੇ ਜਨਮ ਦਿਨ ਮੌਕੇ ਉਨਾ ਦੀ ਕਲਾਮਈ ਹਸਤੀ ਨੂੰ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ" ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।