‘ਭਾਰਤ ਕੀ ਹੈ’ ਪੁਸਤਕ ਜਸਵੰਤ ਸਿੰਘ ਜ਼ਫ਼ਰ ਨੇ ਕੀਤੀ ਲੋਕ ਅਰਪਣ
- ਭਾਰਤ ਬਾਰੇ ਵਿਸ਼ਵ ਪ੍ਰਸਿੱਧ ਵਿਦਵਾਨਾਂ ਦੇ ਵਿਚਾਰਾਂ ਦਾ ਸੰਕਲਨ ਹੈ ਪੁਸਤਕ
ਪਟਿਆਲਾ 07 ਅਪ੍ਰੈਲ, 2025 - ਵਿਸ਼ਵ ਪ੍ਰਸਿੱਧ ਵਿਦਵਾਨਾਂ ਦੀ ਨਜ਼ਰ ਵਿੱਚ ਭਾਰਤ ਦੀ ਅਮੀਰ ਤੇ ਸਰਬ-ਪੱਖੀ ਵਿਰਾਸਤ ਨੂੰ ਦਰਸਾਉਂਦੀ ਪੁਸਤਕ ‘ਭਾਰਤ ਕੀ ਹੈ’ ਅੱਜ ਭਾਸ਼ਾ ਵਿਭਾਗ, ਪੰਜਾਬ ਦੇ ਨਿਰਦੇਸ਼ਕ ਸ. ਜਸਵੰਤ ਸਿੰਘ ਜ਼ਫ਼ਰ ਨੇ ਲੋਕ ਅਰਪਣ ਕੀਤੀ। ਇਹ ਪੁਸਤਕ ਵਿਭਾਗ ਦੇ ਸਹਾਇਕ ਨਿਰਦੇਸ਼ਕ ਸ੍ਰੀ ਆਲੋਕ ਚਾਵਲਾ ਨੇ ਅਨੁਵਾਦ ਕੀਤੀ ਹੈ। ਮੂਲ ਰੂਪ ਵਿੱਚ ਡਾ. ਏ.ਵੀ. ਮੁਰਲੀ (ਅਮਰੀਕਾ) ਇਸ ਦੇ ਪ੍ਰਮੁੱਖ ਸੰਪਾਦਕ ਹਨ ਅਤੇ ਸਲੀਲ ਗੇਵਾਲੀ (ਸ਼ਿਲਾਂਗ) ਮੇਘਾਲਿਆ ਇਸ ਦੇ ਸੰਕਲਨਕਰਤਾ ਹਨ।
ਇਸ ਮੌਕੇ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਅਸੀਂ ਆਪਣੇ ਸੱਭਿਆਚਾਰ ਤੇ ਸੰਸਕ੍ਰਿਤੀ ਬਾਰੇ ਬਹੁਤ ਕੁਝ ਲਿਖਦੇ ਰਹਿੰਦੇ ਹਾਂ ਪਰ ਹੋਰਨਾਂ ਦੇਸ਼ਾਂ ਦੇ ਵਿਦਵਾਨਾਂ ਦੀ ਨਜ਼ਰ ਵਿੱਚ ਸਾਡਾ ਦੇਸ਼ ਕਿਸ ਤਰ੍ਹਾਂ ਦਾ ਹੈ ਉਸ ਨੂੰ ਜਾਣਨਾ ਵੀ ਅਤਿ-ਜ਼ਰੂਰੀ ਹੈ। ਇਸੇ ਕਰਕੇ ਵਿਸ਼ਵ ਪ੍ਰਸਿੱਧ ਵਿਦਵਾਨਾਂ ਦੁਆਰਾ ਸਾਡੇ ਦੇਸ਼ ਬਾਰੇ ਕੀਤੀਆਂ ਗਈਆਂ ਸ਼ਲਾਘਾਯੋਗ ਟਿੱਪਣੀਆਂ ਸਾਡਾ ਮਨੋਬਲ ਵਧਾਉਣ ਦੇ ਨਾਲ-ਨਾਲ ਦੁਨੀਆ ਭਰ ਵਿੱਚ ਸਾਡੇ ਦੇਸ਼ ਦਾ ਸਤਿਕਾਰ ਵਧਾਉਂਦੀਆਂ ਹਨ। ਉਨ੍ਹਾਂ ਅਨੁਵਾਦਕ ਸ੍ਰੀ ਆਲੋਕ ਚਾਵਲਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਸਾਹਿਤ ਅਤੇ ਗਿਆਨ ਦੇ ਖੇਤਰ ਵਿੱਚ ਹੋਣੇ ਲਾਜ਼ਮੀ ਹਨ।
ਆਲੋਕ ਚਾਵਲਾ ਨੇ ਦੱਸਿਆ ਇਸ ਪੁਸਤਕ ਵਿੱਚ ਅਲਬਰਟ ਆਈਨਸਟਾਈਨ, ਟੀ.ਐੱਸ. ਏਲੀਯਟ, ਆਰਥਰ ਸ਼ੋਪੇਨਹਵਰ, ਵਰਨਰ ਹਾਇਜ਼ੇਨਬਰਗ, ਫ੍ਰੈਡ੍ਰਿਕ ਹੇਗਲ, ਗ੍ਰੀਸ ਦੀ ਮਹਾਰਾਣੀ ਫ੍ਰੈਡ੍ਰਿਕਾ ਅਤੇ ਹੈਨਰੀ ਡੇਵਿਡ ‘ਥੋਰ ਆਦਿ ਦੇ ਭਾਰਤੀ ਲੋਕਾਂ ਦੇ ਸਾਹਿਤ, ਕਲਾ, ਵਿਗਿਆਨ ਅਤੇ ਹੋਰਨਾਂ ਖੇਤਰਾਂ ਵਿੱਚ ਕੀਤੇ ਵਡਮੁੱਲੇ ਕਾਰਜਾਂ ਬਾਰੇ ਪ੍ਰਗਟ ਕੀਤੇ ਮਾਣਮੱਤੇ ਵਿਚਾਰ ਤਸਵੀਰਾਂ ਸਹਿਤ ਸ਼ਾਮਲ ਹਨ। ਇਸ ਮੌਕੇ ‘ਤੇ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ, ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ, ਪ੍ਰੀਤਇੰਦਰ (ਮੈਲਬਰਨ), ਖੋਜ ਅਫ਼ਸਰ ਡਾ. ਸੰਤੋਖ ਸੁੱਖੀ, ਡਾ. ਸੁਖਦਰਸ਼ਨ ਸਿੰਘ ਚਹਿਲ, ਸਤਪਾਲ ਸਿੰਘ ਚਹਿਲ ਅਤੇ ਡਾ. ਮਨਜਿੰਦਰ ਸਿੰਘ ਹਾਜ਼ਰ ਸਨ।