ਕਹਾਣੀਕਾਰ ਤਲਵਿੰਦਰ ਮੰਡ ਕੈਨੇਡਾ ਅਤੇ ਕਵੀ ਕਮਲ ਬੰਗਾ ਅਮਰੀਕਾ ਨਾਲ ਸਾਹਿਤਕ ਮਿੱਤਰ ਮਿਲਣੀ
ਫਗਵਾੜਾ, 6 ਮਾਰਚ 2025 - ਬਲੱਡ ਬੈਂਕ ਹਰਗੋਬਿੰਦ ਨਗਰ ਫਗਵਾੜਾ ਵਿਖੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਵਲੋਂ ਪ੍ਰਵਾਸੀ ਸਾਹਿਤਕਾਰਾਂ ਨੂੰ ਜੀ ਆਇਆਂ ਆਖਣ ਅਤੇ ਵਿਚਾਰਾਂ ਦੀ ਸਾਂਝ ਪਾਉਣ ਲਈ ਮਿੱਤਰ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮਿੱਤਰ ਮਿਲਣੀ ਵਿੱਚ ਕਵੀ ਤੇ ਕਹਾਣੀਕਾਰ ਤਲਵਿੰਦਰ ਮੰਡ, ਅਮਰੀਕਾ ਵਸਦੇ ਕਵੀ ਕਮਲ ਬੰਗਾ ਸੈਕਰਾਮੈਂਟੋ ਅਤੇ ਪਰਮਿੰਦਰ ਸਿੰਘ ਮੰਡ ਬਰਤਾਨੀਆ ਸਥਾਨਕ ਸਾਹਿਤਕਾਰਾਂ ਨਾਲ ਨਿੱਘੀ ਗੱਲਵਕੜੀ ਪਾਉਣ ਲਈ ਸ਼ਾਮਲ ਹੋਏ।
ਇਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸ਼ਾਇਰ ਤੇ ਚਿੰਤਕ ਪ੍ਰੋ. ਲਖਵਿੰਦਰ ਸਿੰਘ ਜੌਹਲ ਅਤੇ ਬਲਜਿੰਦਰ ਮਾਨ ਖ਼ਾਸ ਤੌਰ 'ਤੇ ਸ਼ਿਰਕਤ ਕਰਨ ਲਈ ਆਏ। ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਵਲੋਂ ਇਹ ਨਿੱਘੀ ਮਿੱਤਰ ਮਿਲਣੀ ਤੇ ਗਲਵਕੜੀ ਪਾਉਣ ਦਾ ਵਿਲਖਣ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਮਿੱਤਰ ਮਿਲਣੀ ਵਿੱਚ ਸ਼ਾਇਰ ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਇਹ ਉਪਰਾਲੇ ਸਾਹਿਤਕਾਰਾਂ ਦੀ ਸਖ਼ਸ਼ੀਅਤ ਨੂੰ ਤਰਾਸ਼ਦੇ ਹਨ ਅਤੇ ਭਾਵੇਂ ਬਹੁਤੇ ਸਾਹਿਤਕਾਰਾਂ ਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਦੁਸ਼ਵਾਰੀਆਂ ਆਉਂਦੀਆਂ ਹਨ ਪਰ ਉਹ ਆਪਣਾ ਰਾਸਤਾ ਨਹੀਂ ਬਦਲਦੇ। ਇਸੇ ਤਰ੍ਹਾਂ, ਤਲਵਿੰਦਰ ਮੰਡ ਨੇ ਦੱਸਿਆ ਕਿ ਜੋ ਸਾਡੇ ਅਧਿਆਪਕਾਂ ਨੇ ਸਾਨੂੰ ਸਿਖਾਇਆ ਹੈ ਉਹੀ ਅਸੀਂ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਮੋੜ ਰਹੇ ਹਾਂ। ਉਹਨਾਂ ਦਾ ਇਸ਼ਾਰਾ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਵੱਲ ਸੀ, ਕਿਉਂਕਿ ਮੰਡ ਉਹਨਾਂ ਦਾ ਵਿਦਿਆਰਥੀ ਰਿਹਾ ਹੈ। ਪਰਮਿੰਦਰ ਸਿੰਘ ਮੰਡ ਨੇ ਵੀ ਆਪਣੇ ਬਾਹਰ ਦੇ ਤਜ਼ਰਬੇ ਹਾਜ਼ਰ ਸਾਹਿਤਕਾਰਾਂ ਨਾਲ ਸਾਂਝੇ ਕੀਤੇ। ਅੱਠਾਰਾਂ ਪੁਸਤਕਾਂ ਦੇ ਲੇਖਕ ਕਮਲ ਬੰਗਾ ਸੈਕਰਾਮੈਂਟੋ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਖੁਸ਼ ਕੀਤਾ।
ਬਲਜਿੰਦਰ ਮਾਨ ਜਿਹੜੇ ਕਿ ਬਾਲ ਸਾਹਿਤ ਨਾਲ ਸਬੰਧਤ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਦੇ ਸੰਪਾਦਕ ਹਨ – ਨੇ ਹਾਜ਼ਰ ਪ੍ਰਵਾਸੀ ਸਾਹਿਤਕਾਰਾਂ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਵਿਅਕਤ ਕੀਤੀਆਂ। ਇਸ ਭਾਵ ਪੂਰਤ ਸਮਾਗਮ ਵਿੱਚ ਰਵਿੰਦਰ ਚੋਟ, ਪ੍ਰਵਿੰਦਰਜੀਤ ਸਿੰਘ, ਕਮਲੇਸ਼ ਸੰਧੂ ਅਤੇ ਐਸ.ਐਲ. ਵਿਰਦੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਜਸਵਿੰਦਰ ਫਗਵਾੜਾ, ਮਨੋਜ ਫਗਵਾੜਵੀ, ਹਰਿਜੰਦਰ ਨਿਆਣਾ, ਸੋਹਣ ਸਹਿਜਲ, ਰਵਿੰਦਰ ਰਾਏ, ਮਹਿੰਦਰ ਸੂਦ ਵਿਰਕ ਅਤੇ ਮੋਹਣ ਸਿੰਘ ਯੂ.ਐਸ.ਏ. ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਹੋਰਾਂ ਤੋਂ ਇਲਾਵਾ ਬੰਸੋਂ ਦੇਵੀ, ਬਲਵੀਰ ਸਿੰਘ, ਬੱਗਾ ਸਿੰਘ ਆਰਟਿਸਟ ਅਤੇ ਮਨਦੀਪ ਸਿੰਘ ਵੀ ਹਾਜ਼ਰ ਸਨ।