Punjab News: ਘਪਲੇਬਾਜ਼ਾਂ 'ਤੇ ਡਿੱਗੇਗੀ ਗਾਜ਼! AAP ਵਿਧਾਇਕ ਨੇ ਕਿਹਾ- 10 ਸਾਲਾਂ ਦੌਰਾਨ ਜਾਰੀ ਹੋਈਆਂ ਗਰਾਂਟਾਂ ਦੀ ਹੋਵੇਗੀ ਵਿਜੀਲੈਂਸ ਜਾਂਚ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,7 ਅਪ੍ਰੈਲ 2025- ਬੀਤੇ 10 ਸਾਲਾਂ ਦੌਰਾਨ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਨੂੰ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਜਾਰੀ ਹੋਈਆ ਗਰਾਂਟਾਂ ਦੀ ਗਲਤ ਵਰਤੋਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ, ਕਿਉਂਕਿ ਘਪਲੇ ਕਰਨ ਵਾਲਿਆਂ ਦੀ ਹੁਣ ਵਿਜੀਲੈਂਸ ਜਾਂਚ ਕਰਨ ਉਪਰੰਤ ਬਣਦੀ ਕਾਰਵਾਈ ਅਮਲ ਚ ਜਲਦੀ ਲਿਆਂਦੇ ਹੋਏ ਪੁਲਿਸ ਕੇਸ ਦਰਜ ਕਰਵਾਉਣ ਸਬੰਧੀ ਕੋਈ ਦੇਰੀ ਨਹੀਂ ਕੀਤੀ ਜਾਵੇਗੀ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਆਪਣੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਕੀਤਾ। ਜਾਣਕਾਰੀ ਦਿੰਦੇ ਹੋਏ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਗੁਰੂਆਂ ਦੀ ਧਰਤੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਚ ਬੀਤੇ ਕਰੀਬ 10 ਸਾਲਾਂ ਦੇ ਸਮੇਂ ਦੌਰਾਨ ਜਾਰੀ ਹੋਈਆਂ ਵਿਕਾਸ ਕਾਰਜਾਂ ਸਬੰਧੀ ਗਰਾਂਟਾਂ ਦੀ ਜਾਂਚ ਕਰਨ ਦਾ ਉਹਨਾਂ ਨੇ ਬੀੜਾ ਚੁੱਕ ਲਿਆ ਹੈ।
ਵਿਧਾਇਕ ਲਾਲਪੁਰਾ ਨੇ ਦੱਸਿਆ ਕਿ ਜਨਤਾ ਦੇ ਇੱਕ ਇੱਕ ਪੈਸੇ ਦਾ ਹਿਸਾਬ ਕਰਨ ਸਬੰਧੀ ਉਹਨਾਂ ਨੇ ਵਿਜੀਲੈਂਸ ਵਿਭਾਗ ਤੋਂ ਇਲਾਵਾ ਪੰਚਾਇਤੀ ਰਾਜ ਵਿਭਾਗ ਦੇ ਐਸਡੀਓ ਨੂੰ ਲਿਖਤੀ ਪੱਤਰ ਭੇਜਦੇ ਹੋਏ ਹਲਕੇ ਅਧੀਨ ਆਉਂਦੇ ਪਿੰਡ ਅਲਾਦੀਨਪੁਰ ਅਤੇ ਪਿੰਡ ਖਡੂਰ ਸਾਹਿਬ ਦੀ ਜਾਂਚ ਕਰਾਉਣ ਸਬੰਧੀ ਮੰਗ ਕੀਤੀ ਹੈ।ਉਹਨਾਂ ਦੱਸਿਆ ਕਿ ਪਿੰਡ ਅਲਾਦੀਨਪੁਰ ਨੂੰ ਬੀਤੇ 10 ਸਾਲ ਦੌਰਾਨ ਚਾਰ ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ ਜਿਸ ਚੋਂ ਵੱਡੇ ਪੱਧਰ ਉੱਪਰ ਘਪਲੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ।
ਇਸੇ ਤਰ੍ਹਾਂ ਹਲਕੇ ਅਧੀਨ ਆਉਂਦੇ ਪਿੰਡ ਖਡੂਰ ਸਾਹਿਬ ਦੀ ਨਗਰੀ ਲਈ 8 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ।ਜਿਸ ਦੇ ਵੇਰਵਿਆਂ ਸਬੰਧੀ ਕਰਵਾਏ ਗਏ ਵਿਕਾਸ ਕਾਰਜਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਇਸ 10 ਸਾਲਾਂ ਦੇ ਕਾਰਜ ਕਾਲ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਸਮੇਤ ਆਮ ਆਦਮੀ ਪਾਰਟੀ ਦੇ ਸਰਪੰਚਾਂ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦੀ ਜਾਂਚ ਨਿਰਪੱਖ ਢੰਗ ਨਾਲ ਕਰਾਉਣ ਦੀ ਮੰਗ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇਸ ਦੋਵਾਂ ਪਿੰਡਾਂ ਲਈ ਸਰਕਾਰ ਵੱਲੋਂ 12 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ ਪਰ ਇਸ ਰਾਸ਼ੀ ਨਾਲ ਕਰਵਾਏ ਗਏ ਵਿਕਾਸਕਾਰ ਪਿੰਡ ਵਾਸੀਆਂ ਨੂੰ ਜਿਆਦਾਤਰ ਨਜ਼ਰ ਨਹੀਂ ਆ ਰਹੇ ਹਨ। ਲਾਲਪੁਰਾ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੂੰ ਇਸ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਵਿਕਾਸ ਲਈ ਕਿੰਨੀ ਗ੍ਰਾਂਟ ਭੇਜੀ ਗਈ ਅਤੇ ਉਸ ਵਿੱਚ ਕਿੰਨੇ ਦੀ ਹੇਰਾਫੇਰੀ ਕੀਤੀ ਗਈ।ਲਾਲਪੁਰਾ ਨੇ ਇਹ ਵੀ ਦੱਸਿਆ ਕਿ ਹਰ ਦਸ ਦਿਨਾਂ ਬਾਅਦ ਉਹ ਹਲਕੇ ਦੇ ਇੱਕ ਪਿੰਡ ਦਾ ਚਿੱਠਾ ਖੋਲ ਕੇ ਮੀਡੀਆ ਸਾਹਮਣੇ ਰੱਖਣਗੇ ਜਿਸ ਦੀ ਸ਼ੱਕ ਦੇ ਆਧਾਰ ਉੱਪਰ ਲੋੜ ਪੈਣ 'ਤੇ ਵਿਜੀਲੈਂਸ ਜਾਂਚ ਪਹਿਲ ਦੇ ਅਧਾਰ ਤੇ ਕਰਵਾਈ ਜਾਵੇਗੀ।
ਲਾਲਪੁਰਾ ਨੇ ਖਦਸ਼ਾ ਜਿਤਾਉਂਦੇ ਹੋਏ ਕਿਹਾ ਕਿ ਪਿੰਡ ਅਲਾਦੀਨਪੁਰ ਵਿਖੇ ਕਰੀਬ ਇਕ ਕਰੋੜ ਰੁਪਏ ਦੀ ਹੇਰਾ ਫੇਰੀ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਅਤੇ ਪਿੰਡ ਖਡੂਰ ਸਾਹਿਬ ਵਿੱਚ ਵੱਡੀ ਗਿਣਤੀ ਦੌਰਾਨ ਘਪਲੇਬਾਜੀ ਸਾਹਮਣੇ ਆ ਰਹੀ ਹੈ,ਜਿਸ ਦੀ ਵਿਜੀਲੈਂਸ ਵੱਲੋਂ ਵੱਖਰੇ ਤੌਰ ਉੱਪਰ ਬਰੀਕੀ ਨਾਲ ਜਾਂਚ ਕਰਵਾਈ ਜਾ ਰਹੀ ਹੈ ਜਿਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਹੀ ਕਿਉਂ ਨਾ ਹੋਵੇ।