ਨਵਜੋਤ ਸਾਹਿਤ ਸੰਸਥਾ ਔੜ ਦੇ ਹਿੱਸੇ ਆਇਆ 43 ਪੁਸਤਕਾਂ ਦਾ ਮਾਣ
- ਸਾਹਿਤਕ ਵਿਹੜੇ ਵਿੱਚ 43 ਸਾਲ ਦੀਆਂ ਸਾਹਿਤਕ ਸੇਵਾਵਾਂ ਦੀ ਸੂਬਾਈ ਪਛਾਣ
ਨਵਾਂ ਸ਼ਹਿਰ 16 ਮਾਰਚ 2025 - 43 ਸਾਲ ਦੇ ਸਫ਼ਰ ’ਚ 43 ਪੁਸਤਕਾਂ ਪ੍ਰਕਾਸ਼ਿਤ ਕਰਨ ਵਿੱਚ ਨਵਜੋਤ ਸਾਹਿਤ ਸੰਸਥਾ ਔੜ ਨੇ ਸੂਬਾਈ ਪਛਾਣ ਬਣਾਈ ਹੈ। ਪੇਂਡੂ ਖੇਤਰ ਦੀ ਇਹ ਸੰਸਥਾ ਦੇ ਸੰਸਥਾਪਕ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਤੋਂ ਲੈ ਕੇ ਮੌਜ਼ੂਦਾ ਪ੍ਰਧਾਨ ਸੁਰਜੀਤ ਮਜਾਰੀ ਤੱਕ ਨਿਭਾਈਆਂ ਸਾਹਿਤਕ ਸੇਵਾਵਾਂ ਦੀ ਸਾਹਿਤਕ ਸੇਵਾਵਾਂ ਦੀ ਭਰਪੂਰ ਚਰਚਾ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਔੜ ਕਸਬੇ ਤੋਂ ਸੂਬਾ ਪੱਧਰ ’ਤੇ ਇਸ ਸੰਸਥਾ ਨੇ ਲੋਕਾਂ ਅੰਦਰ ਸਾਹਿਤਕ ਨਾਤਿਆਂ ਦਾ ਵਿਸ਼ਾਲ ਘੇਰਾ ਘੱਤਿਆ ਹੈ।
ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪ੍ਰਕਾਸ਼ਿਤ ਕੀਤੀਆਂ ਪੁਸਤਕਾਂ ਵਿੱਚ ਦੀਪਕ ਦੀ ਲੋਅ (ਦੀਪਕ ਜੈਤੋਈ), ਸਾਰ ਜਹਾਨ ਮੇਰਾ (ਉਲਫ਼ਲ ਬਾਜਵਾ), ਕਾਲੇ ਹਾਸ਼ੀਏ (ਗੁਰਦਿਆਲ ਰੌਸ਼ਨ), ਲਕੀਰਾਂ (ਸੰਧੂ ਵਰਿਆਣਵੀ), ਛੋਟੀ ਲੀਕ ਤੋਂ ਪਰ੍ਹੇ (ਸਤਪਾਲ ਸਾਹਲੋਂ), ਕੁੱਜੇ ਸਮੁੰਦਰ (ਜੋਗੇ ਭੰਗਲ), ਕਲਮ ਗ਼ਜ਼ਲ ਤੇ ਗੀਤ (ਜਸਵੰਤ ਸਿੰਘ ਭੌਰ), ਟੁੱਟੇ ਦਿਲਾਂ ਦੀ ਦਾਸਤਾਨ (ਸ਼ਾਦ ਪੰਜਾਬੀ), ਦਰਿਆ ਵਗਦੇ ਰਹੇ (ਸੁਰਜੀਤ ਮਜਾਰੀ), ਸਵਾਂਤੀ ਬੂੰਦ (ਹਰਜ਼ਿੰਦਰ ਕੰਗ), 'ਢਾਈ ਅੱਖਰ ਪ੍ਰੇਮ ਦੇ' (ਤਰਲੋਚਨ ਸਿੰਘ ਹੱਸਮੁੱਖ), ਕਰੀਮਪੁਰ ਤੋਂ ਕਿਆਮਤ ਤੱਕ (ਦਲਜੀਤ ਗਿੱਲ) ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਨਵਜੋਤ ਸਾਹਿਤ ਸੰਸਥਾ ਔੜ ਦੇ ਮੈਂਬਰਾਂ ਦੀਆਂ ਦੂਜੇ ਪ੍ਰਕਾਸ਼ਕਾਂ ਵਲੋਂ ਵੀ ਸੈਕੜੇ ਦੀ ਕਰੀਬ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਹਨਾਂ ਵਿੱਚ ਗੁਰਦਿਆਲ ਰੌਸ਼ਨ ਇੱਕਲਿਆਂ ਦੀਆਂ ਸਫ਼ਰ ਜਾਰੀ ਹੈ, ਖੇਤਾਂ ਤੋਂ ਦਿੱਲੀ ਤੱਕ, ਸੱਤ ਸਵਾਲ, ਰੰਗਾਂ ਦੇ ਸਿਰਨਾਵੇਂ, ਮਨ ਦਾ ਰੇਗਿਸਤਾਨ, ਜ਼ਿੰਦਗੀ ਦਾ ਮਰਸੀਆ ਆਦਿ ਪੰਜਾਹ ਪੁਸਤਕਾਂ ਦਰਜ ਹਨ। ਇਸ ਤੋਂ ਇਲਾਵਾ, ਰਜਨੀ ਸ਼ਰਮਾ ਦੀ ‘ਕਤਰਾ ਵੀ ਇੱਕ ਸਮੁੰਦਰ’, ਨੀਰੂ ਜੱਸਲ ‘ਨਾਮ ਤੁਸਾਂ ਆਪ ਰੱਖ ਲੈਣਾ’, ਅਮਰ ਜਿੰਦ ਦੀ ‘ਹਰਫ਼ਾਂ ਦੇ ਰੰਗ’, ਸਤਪਾਲ ਸਾਹਲੋਂ ਦੀ ‘ਮੇਰੇ ਹਿੱਸੇ ਦੀ ਧੁੱਪ’, ਡਾ. ਕੇਵਲ ਰਾਮ ਦੀ ‘ਕਸਵੱਟੀ’, ਸੁਰਜੀਤ ਮਜਾਰੀ ਦੀ ‘ਜਜ਼ਬਾਤ’, ਪ੍ਰਹਲਾਦ ਅਟਵਾਲ ਦੀ ‘ਹਨੇਰ੍ਹਾ ਜਰਦੀਆਂ ਲਾਲਟਣਾ’ ਵੀ ਸਾਹਿਤ ਦਾ ਧੰਨਭਾਗ ਬਣੀਆਂ ਹਨ।
ਸੰਸਥਾ ਦੇ ਮਿਸ਼ਨ ਸਬੰਧੀ ਚਾਨਣਾ ਪਾਉਂਦਿਆਂ ਇਸ ਦੇ ਸੰਸਥਾਪਕ ਗੁਰਦਿਆਲ ਰੌਸ਼ਨ ਦਾ ਕਹਿਣ ਸੀ ਕਿ ਇਸ ਸੰਸਥਾ ਰਵਾਇਤੀ ਅਤੇ ਦਿਖਾਵੀ ਚੱਕਰ ਤੋਂ ਰਹਿਤ ਹੋ ਕੇ ਲੋਕਾਂ ਅੰਦਰ ਸਾਹਿਤਕ ਚੇਤਨਾ ਕਰਨ ਅਤੇ ਮਾਂ ਬੋਲੀ ਦੀ ਸੁਰੱਖਿਆ ਲਈ ਕਾਰਜਸ਼ੀਲ ਹੈ ਅਤੇ ਇਸ ਨੇ ਮੀਟਿੰਗਾਂ, ਸੈਮੀਨਾਰਾਂ, ਪ੍ਰਤੀਯੋਗਤਾਵਾਂ ਅਤੇ ਸਮਾਗਮਾਂ ਰਾਹੀਂ ਆਪਣੀ ਲਗਾਤਾਰਤਾ ਬਣਾਈ ਹੋਈ ਹੈ। ਸੰਸਥਾ ਦੇ ਪ੍ਰਧਾਨ ਸੁਰਜੀਤ ਮਜਾਰੀ ਨੇ ਦੱਸਿਆ ਕਿ ਸੰਸਥਾ ਦੇ ਮੈਂਬਰਾਂ ਦੀਆਂ ਉਕਤ ਪੁਸਤਕਾਂ ਨਾਲ ਸਾਹਿਤਕ ਵਿਹੜੇ ਅੰਦਰ ਉਦਾਹਰਣ ਬਣੀ ਹੈ ਅਤੇ ਇਸ ਦੇ ਮੈਂਬਰਾਂ ਦੀਆਂ ਦੋ ਸਾਂਝੀਆਂ ਪੁਸਤਕਾਂ ‘ਪ੍ਰਸ਼ਨ ਚਿੰਨ੍ਹ’ ਤੇ ‘ਏਤੀ ਮਾਰ ਪਈ’ ਵਾਂਗ ਹੁਣ ‘ਸਾਂਝੀ ਧੜਕਣ’ ਦੀ ਪ੍ਰਕਾਸ਼ਨਾਂ ਵੀ ਜਲਦ ਕੀਤੀ ਜਾ ਰਹੀ ਹੈ।