ਸਾਹਿਤ ਸਭਾ ਤੇ ਸਾਹਿਤ ਸੱਭਿਆਚਾਰ ਮੰਚ ਦੀ ਮੀਟਿੰਗ ਦੌਰਾਨ ਚੱਲਿਆ ਰਚਨਾਵਾਂ ਦਾ ਦੌਰ
ਅਸ਼ੋਕ ਵਰਮਾ
ਬਠਿੰਡਾ, 2 ਮਾਰਚ 2025 : ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਅਤੇ ਸਾਹਿਤ ਸੱਭਿਆਚਾਰ ਮੰਚ ਬਠਿੰਡਾ ਦੀ ਸਾਂਝੀ ਮੀਟਿੰਗ ਸਥਾਨਕ ਟੀਚਰਜ ਹੋਮ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਅਮਨ ਦਾਤੇਵਾਸੀਆ ਦੀ ਪੁਸਤਕ ‘ਸੁਰਖ਼ਾਬ ਦੇ ਪਰ’ ਉੱਪਰ 30 ਮਾਰਚ ਨੂੰ ਅਤੇ ਇਤਿਹਾਸਕਾਰ ਸ੍ਰੀ ਹਰਭਜਨ ਸੇਲਬਰਾਹ ਦੀ ਪੁਸਤਕ ‘ਅਣਗੌਲਿਆ ਇਤਿਹਾਸਕਾਰ ਭਾਈ ਪੰਜਾਬ ਸਿੰਘ ਬਹਿਲੋ ਕਾ’ ਉੱਪਰ ਅਪਰੈਲ ਮਹੀਨੇ ਵਿੱਚ ਵਿਚਾਰ ਚਰਚਾ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੇਲਬਰਾਹ ਨੇ ਸਾਹਿਤਕਾਰਾਂ ਵੱਲੋਂ ਇਤਿਹਾਸ ਲਿਖਣ ਤੋਂ ਕੀਤੀ ਜਾ ਰਹੀ ਅਣਦੇਖੀ ਤੇ ਲਾਪਰਵਾਹੀ ਤੇ ਦੁੱਖ ਪ੍ਰਗਟ ਕਰਦਿਆਂ ਇਤਿਹਾਸ ਲਿਖਣ ਦੀ ਲੋੜ ਤੇ ਜੋਰ ਦਿੱਤਾ। ਜਰਨੈਲ ਸਿੰਘ ਭਾਈਰੂਪਾ, ਜਸਵਿੰਦਰ ਜਸ ਤੇ ਮਾ: ਕਰਨੈਲ ਸਿੰਘ ਨੇ ਸਾਹਿਤਕ ਮੀਟਿੰਗਾਂ ਅਤੇ ਸਮਾਗਮਾਂ ਵਿੱਚ ਘਟ ਰਹੀ ਹਾਜਰੀ ਤੇ ਚਿੰਤਾ ਜ਼ਾਹਰ ਕੀਤੀ। ਇਸ ਉਪਰੰਤ ਰਚਨਾਵਾਂ ਦੇ ਦੌਰ ਵਿੱਚ ਸਰਵ ਸ੍ਰੀ ਦਿਲਜੀਤ ਬੰਗੀ, ਅਮਰਜੀਤ ਸਿੰਘ ਜੀਤ, ਕਮਲ ਬਠਿੰਡਾ, ਮਨਜੀਤ ਜੀਤ, ਬਲਵਿੰਦਰ ਸਿੰਘ ਭੁੱਲਰ, ਦਿਲਬਾਗ ਸਿੰਘ, ਅਮਨ ਦਾਤੇਵਾਸੀਆ, ਜਸਪਾਲ ਮਾਨਖੇੜਾ, ਰਣਬੀਰ ਰਾਣਾ, ਮਨਜੀਤ ਬਠਿੰਡਾ, ਹਰਬੰਸ ਲਾਲ, ਰਮੇਸ਼ ਗਰਗ ਅਤੇ ਹੋਰਾਂ ਨੇ ਰਚਨਾਵਾਂ ਪੇਸ਼ ਕੀਤੀਆਂ। ਅਖ਼ੀਰ ਵਿੱਚ ਸ੍ਰੀ ਦਮਜੀਤ ਦਰਸ਼ਨ ਨੇ ਰਚਨਾਵਾਂ ਤੇ ਤਸੱਲੀ ਪ੍ਰਗਟ ਕੀਤੀ ਅਤੇ ਸਾਰਥਿਕ ਟਿੱਪਣੀਆਂ ਵੀ ਕੀਤੀਆਂ।