ਆਰਟੀਫੀਸ਼ੀਅਲ ਇੰਟੈਲੀਜੈਂਸ ਪੱਤਰਕਾਰਤਾ: ਭਾਸ਼ਾਈ ਅਤੇ ਤਕਨੀਕੀ ਵਿਕਾਸ ਦੀ ਲੋੜ
ਪ੍ਰਵੀਨ ਪੁਰੀ
ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿਚ ਦਾਖਲ ਹੋਣ ਦੇ ਨਾਲ ਹੀ ਜਿੱਥੇ ਬਹੁਤ ਕੁਝ ਨਵਾਂ ਹੋਣ ਵਾਲਾ ਹੈ ਉੱਥੇ ਵਿਦਵਾਨਾਂ ਨੇ ਇਸ ਤੋਂ ਹੋਣ ਵਾਲੇ ਖ਼ਤਰਿਆ ਤੋਂ ਵੀ ਹੁਣ ਤੋਂ ਹੀ ਅਗਾਂਹ ਕਰਨਾ ਸ਼ੁਰੂ ਕਰ ਦਿੱਤਾ ਹੈ। ਮਸ਼ੀਨੀ ਬੁੱਧੀਮਾਨਤਾ ਦੇ ਪਲੇਟਫਾਰਮ ਤੇ ਪੰਜਾਬੀ ਭਾਸ਼ਾ ਦੂਸਰੀਆਂ ਭਾਸ਼ਾਵਾਂ ਦੇ ਮੁਕਾਬਲੇ ਤੇ ਕਮਜ਼ੋਰ ਪੈ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮ ਜੈਮਨੀ-ਪ੍ਰੋ 'ਤੇ ਪੰਜਾਬੀ ਭਾਸ਼ਾ ਨਾ ਹੋਣਾ ਸਾਰੇ ਪੰਜਾਬੀਆਂ ਨੂੰ ਚਿੰਤਾ ਵਿਚ ਪਾ ਗਿਆ ਸੀ। ਪਹਿਲਾ ਤਾਂ ਇਹ ਹੀ ਸਮਝਿਆ ਗਿਆ ਸੀ ਕਿ ਸ਼ਾਇਦ ਪੰਜਾਬੀ ਭਾਸ਼ਾ ਨਾਲ ਜਾਣਬੁਝ ਕਿ ਵਿਤਕਰਾ ਕੀਤਾ ਗਿਆ ਹੈ ਪਰ ਬਾਅਦ ਵਿਚ ਪਤਾ ਲੱਗਾ ਕਿ ਇਸ ਦੇ ਲਈ ਕੋਈ ਹੋਰ ਨਹੀਂ ਸਗੋਂ ਅਸੀਂ ਆਪ ਹੀ ਜਿੰਮੇਵਾਰ ਹਾਂ। ਕਿਉਂਕਿ ਜਿਨ੍ਹਾਂ ਵੱਡਾ ਡਾਟਾ ਇਸ ਦੇ ਲਈ ਚਾਹੀਦਾ ਹੈ ਉਹ ਉਪਲਬੱਧ ਨਹੀਂ ਹੈ। ਪੰਜਾਬੀ ਪੱਤਰਕਾਰਤਾ ਦੇ ਮਾਮਲੇ ਵਿਚ ਵੀ ਇਹ ਡਾਟਾ ਹੀ ਵੱਡੀ ਰੁਕਾਵਟ ਬਣਿਆ ਹੋਇਆ ਹੈ। ਪੰਜਾਬੀ ਪੱਤਰਕਾਰਤਾ ਦੇ ਮਾਮਲੇ ਵਿਚ ਚਿੰਤਕਾਂ ਦੀਆਂ ਚਿੰਤਾਵਾਂ ਬਿਲਕੁਲ ਸਹੀ ਹੋ ਸਕਦੀਆਂ ਹਨ ਪਰ ਇਸ ਦਾ ਦੂਸਰਾ ਪੱਖ ਇਹ ਵੀ ਹੈ ਕਿ AI ਨੇ ਪੱਤਰਕਾਰਤਾ ਨੂੰ ਨਵੀਂ ਦਿਸ਼ਾ ਦੇ ਦਿੱਤੀ ਹੈ।ਦੁਨੀਆਂ ਭਰ ਦਾ ਮੀਡੀਆ ਜਗਤ ਏਆਈ ਹੁਣ ਕਿਸੇ ਨਾ ਕਿਸੇ ਤਰ੍ਹਾਂ ਜੇ ਨੂੰ ਫੋਲੋ ਕਰ ਰਿਹਾ ਹੈ ਤਾਂ ਪੰਜਾਬੀ ਮੀਡੀਆ ਜਗਤ ਕਿਉਂ ਪਿੱਛੇ ਰਹੇ।ਏਆਈ ਨੇ ਖਬਰਾਂ ਨੂੰ ਤੇਜ਼, ਕੁਸ਼ਲ ਅਤੇ ਡਾਟਾ-ਅਧਾਰਿਤ ਬਣਾ ਕੇ ਪੱਤਰਕਾਰਤਾ ਨੂੰ ਇੱਕ ਵੱਡੀ ਸਹੂਲਤ ਵਰਦਾਨ ਵਾਂਗ ਦੇ ਦਿੱਤੀ ਹੈ ਜੇ ਪੱਤਰਕਾਰ ਵੱਲੋਂ ਉਪਲਬੱਧ ਡਾਟੇ ਵਿਚ ਆਪਣੀ ਭਾਸ਼ਾ ਦੇ ਅਨੁਕੂਲ ਜਾਨ ਪਾ ਦਿੱਤੀ ਜਾਵੇ ਤਾਂ ਨਜ਼ਾਰੇ ਹੀ ਨਜ਼ਾਰੇ ਹਨ । 2010 ਵਿੱਚ "ਆਟੋਮੈਟਿਡ ਇਨਸਾਈਟਸ" ਅਤੇ "ਨੈਰੇਟਿਵ ਸਾਇੰਸ" ਦੇ ਨਾਲ ਜਦੋਂ ਪਹਿਲੀ ਵਾਰੀ ਖੇਡ ਸਕੋਰ ਅਤੇ ਵਿੱਤੀ ਰਿਪੋਰਟਾਂ ਨੂੰ ਸੰਖਿਆਵਾਂ ਤੋਂ ਸਧਾਰਨ ਵਾਕਾਂ ਵਿੱਚ ਬਦਲਿਆ ਗਿਆ ਸੀ ਤਾਂ ਇਹ ਵੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।2014 ਵਿੱਚ ਐਸੋਸੀਏਟਿਡ ਪ੍ਰੈਸ (ਏ ਪੀ ) ਵੱਲੋਂ ਇਸ ਇਸ ਨੂੰ ਮੁੱਖ ਧਾਰਾ ਵਿੱਚ ਲਿਆ ਕੇ ਪੱਤਰਕਾਰਤਾ ਵਿਚ ਨਵੇਂ ਰਾਹ ਖੋਲ੍ਹ ਦਿੱਤੇ । ਜਿਸ ਤੋਂ ਬਾਅਦ ਕੌਮਾਂਤਰੀ ਮੀਡੀਆ ਸੱਭਿਆਚਾਰ, ਰਾਜਨੀਤੀ ਅਤੇ ਖੋਜੀ ਰਿਪੋਰਟਿੰਗ ਵਿਚ ਤੇਜੀ ਨਾਲ ਕੰਮ ਕਰਨ ਲੱਗ ਪਿਆ। ਇਸ ਦੇ ਮੁਕਾਬਲੇ ਤੇ ਪੰਜਾਬੀ ਮੀਡੀਆ ਆਟੋਮੇਸ਼ਨ ਤੋਂ ਅੱਗੇ ਨਹੀਂ ਸੀ ਨਿਕਲ ਸਕਿਆ । ਜਿਸ ਦੇ ਬਾਅਦ ਇਹ ਮਹਿਸੂਸ ਹੋਣ ਲੱਗ ਪਿਆ ਸੀ ਕਿ AI ਨੂੰ ਪੰਜਾਬੀ ਪੱਤਰਕਾਰਤਾ ਦਾ ਹਿੱਸਾ ਬਣਾਉਣ ਤੋਂ ਪਹਿਲਾ ਭਾਸ਼ਾਈ ਸਮਰੱਥਾ ਅਤੇ ਤਕਨੀਕੀ ਵਿਕਾਸ ਦੀ ਸਖ਼ਤ ਲੋੜ ਹੈ। ਇਸ ਵਕਤ ਏਆਈ ਪੰਜਾਬੀ ਦੀਆਂ ਬੋਲੀਆਂ ਦੀ ਸਥਾਨਕ ਸ਼ਬਦਾਵਲੀ ਦੇ ਡਾਟਾ ਦੀ ਘਾਟ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਵੀ ਹੈ ਕਿ ਮੌਜੂਦਾ ਮਾਡਲ ਅੰਗਰੇਜ਼ੀ 'ਤੇ ਜ਼ਿਆਦਾ ਨਿਰਭਰ ਹਨ।ਪੰਜਾਬੀ ਸੱਭਿਆਚਾਰ ਅਤੇ ਪ੍ਰਸੰਗ ਨੂੰ ਸਮਝਣ ਦੀ ਸੂਝ ਤੋਂ ਕੋਰੇ ਹੋਣ ਕਰਕੇ ਖਬਰਾਂ ਦਾ ਅਨੁਵਾਦ ਬਹੁਤ ਰੜਕ ਦਾ ਹੈ। ਏ ਆਈ ਵਿਚ ਜਿਨ੍ਹਾਂ ਚਿਰ ਤਕ ਸਥਾਨਕ ਸੰਵੇਦਨਸ਼ੀਲਤਾ ਨਾਲ ਲਿਖਣ ਦੀ ਸਮਰੱਥਾ ਨਹੀਂ ਹੋਵੇਗੀ,ਉਹਨਾਂ ਚਿਰ ਤਕ ਖ਼ਬਰ ਨਾਲ ਇਨਸਾਫ਼ ਨਹੀਂ ਹੋ ਸਕੇਗਾ । ਸਿੱਧੇ ਸ਼ਬਦਾਂ ਵਿਚ ਜਦੋਂ ਤੱਕ AI ਪੰਜਾਬੀ ਦੇ ਸ਼ਬਦਾਂ ਦੇ ਅਰਥਾਂ ਦੀ ਡੂੰਘਾਈ ਨਹੀਂ ਸਮਝੇਗਾ ਉਦੋਂ ਤਕ ਇਹ ਸਤਹੀ ਰਹੇਗਾ।ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਲਲਿਤ ਕਲਾ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵੱਲੋਂ 'ਰੀਬੂਟਿੰਗ ਪੰਜਾਬ' ਤਹਿਤ ਕਰਵਾਏ ਗਏ ਸਮਾਗਮਾਂ ਵਿਚ ਇਸ ਤੇ ਨਿੱਠ ਕੇ ਵਿਦਵਾਨਾਂ ਨੇ ਗੱਲ ਸ਼ੁਰੂ ਕੀਤੀ ਅਤੇ ਇਹ ਹੀ ਨਿਚੋੜ ਕਢਿਆ ਕਿ ਜਿਸ ਤਰ੍ਹਾਂ ਵੀ ਹੋਵੇ ਡਾਟਾ ਦੀ ਕਮੀ ਨੂੰ ਦੂਰ ਕਰੋ ਜੇ ਪੰਜਾਬੀ ਨੂੰ ਵਿਕਸਤ ਭਾਸ਼ਾਵਾਂ ਵਿਚ ਸ਼ਾਮਿਲ ਕਰਨਾ ਹੈ। ਜੇ ਪੱਛੜ ਗਏ ਤਾਂ ਇਸ ਵਿਚ ਸਿਰਫ਼ ਪੰਜਾਬੀ ਭਾਸ਼ਾ ਨੇ ਹੀ ਨਹੀਂ ਪੱਛੜਨਾ ਸਗੋਂ ਇਸ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵੀ ਵੱਡੀ ਠੇਸ ਪਹੁੰਚਣੀ ਹੈ।ਸਥਾਨਕ ਡਾਟਾ ਸੈੱਟਾਂ ਦੀ ਵੱਡੀ ਕਮੀ ਪੰਜਾਬੀ ਮੀਡੀਆ ਲਈ ਵੀ ਵੱਡੀ ਰੁਕਾਵਟ ਬਣੀ ਹੋਈ ਹੈ। AI ਨੂੰ ਸਰਕਾਰੀ ਅੰਕੜੇ, ਸੋਸ਼ਲ ਮੀਡੀਆ ਰੁਝਾਨ, ਜਾਂ ਖੇਤਰੀ ਖਬਰਾਂ ਦੇ ਵਿਸ਼ਲੇਸ਼ਣ ਲਈ ਤਿਆਰ ਕਰਨਾ ਹੋਵੇਗਾ। "ਵਰਡਸਮਿਥ" ਜਾਂ "ਕੁਇੱਲ" ਵਰਗੇ ਟੂਲਜ਼ ਨੂੰ ਪੰਜਾਬੀ ਲਈ ਅਨੁਕੂਲਿਤ ਕਰਕੇ ਤੇਜ਼ ਰਿਪੋਰਟਿੰਗ (ਖੇਤੀ, ਚੋਣਾਂ, ਮੌਸਮ) ਸੰਭਵ ਹੈ। ਫੈਕਟ-ਚੈਕਿੰਗ ਅਤੇ ਖੋਜੀ ਪੱਤਰਕਾਰਤਾ ਲਈ ਸਥਾਨਕ ਸਰੋਤਾਂ ਤੋਂ ਡਾਟਾ ਖਿੱਚਣ ਦੀ ਸਮਰੱਥਾ ਵੀ ਜ਼ਰੂਰੀ ਹੈ।ਵਿਸ਼ਵ ਪੱਧਰ 'ਤੇ "ਰਾਇਟਰਜ਼" ਵਿੱਤੀ ਧੋਖਾਧੜੀ,"ਵਾਸ਼ਿੰਗਟਨ ਪੋਸਟ" ਚੋਣ ਰਿਪੋਰਟਾਂ, ਅਤੇ "ਗਾਰਡੀਅਨ" ਜਨਤਕ ਖਰਚਿਆਂ ਦੀ ਖੋਜ ਲਈ AI ਵਰਤ ਚੁੱਕੇ ਹਨ। ਭਾਰਤ ਵਿੱਚ "ਅਲਟ ਨਿਊਜ਼" ਫਰਜ਼ੀ ਖਬਰਾਂ ਰੋਕਦਾ ਹੈ, ਪਰ ਪੰਜਾਬੀ ਮੀਡੀਆ ਅਜੇ "ਗ੍ਰਾਮਰਲੀ" ਜਾਂ "ਚੈਟਜੀਪੀਟੀ", "ਗ੍ਰੋਕ" ਤੱਕ ਸੀਮਤ ਹੈ। ਪੰਜਾਬੀ ਪੱਤਰਕਾਰਤਾ ਵਿਚ ਤੇਜ਼ ਖਬਰਾਂ, ਸੋਸ਼ਲ ਮੀਡੀਆ ਟ੍ਰੈਂਡਸ, ਅਤੇ ਭ੍ਰਿਸ਼ਟਾਚਾਰ 'ਤੇ ਖੋਜੀ ਰਿਪੋਰਟਾਂ ਕਰਨ ਦੀਆਂ ਸੰਭਾਵਨਾਵਾਂ ਹੁਣ ਤਕਨੀਕੀ ਅਤੇ ਭਾਸ਼ਾਈ ਸਹਿਯੋਗ ਨਾਲ ਬਹੁਤ ਵੱਡੀਆਂ ਹਨ।AI ਪੱਤਰਕਾਰਤਾ ਦਾ ਭਵਿੱਖ ਪੰਜਾਬੀ ਮੀਡੀਆ ਵਿੱਚ ਉਦੋਂ ਚਮਕੇਗਾ, ਜਦੋਂ ਇਹ ਸਥਾਨਕ ਭਾਸ਼ਾ ਦੀ ਰੂਹ ਅਤੇ ਤਕਨੀਕ ਦੀ ਤਾਕਤ ਨਾਲ ਤਰਾਸ਼ਿਆ ਜਾਵੇਗਾ ਇਸ ਲਈ ਮੀਡੀਆ ਹਾਊਸਾਂ, ਟੈਕ ਮਾਹਿਰਾਂ ਅਤੇ ਭਾਸ਼ਾਈ ਸੰਪਾਦਕਾਂ ਦਾ ਸਾਂਝਾ ਯਤਨ ਲੋੜੀਂਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਸਿਰਫ਼ ਮਸ਼ੀਨ ਦੇ ਤੌਰ ਤੇ ਲੈਣ ਦੀ ਬਜਾਇ ਇਸ ਨੂੰ ਪੰਜਾਬੀ ਦੇ ਅਨੁਕੂਲ ਬਣਾ ਕਿ ਸਹਿਯੋਗੀ ਸਾਥੀ ਬਣਾਇਆ ਜਾਵੇ।

-
ਪ੍ਰਵੀਨ ਪੁਰੀ, ਡਾਇਰੈਕਟਰ ਲੋਕ ਸੰਪਰਕ, ਗੁਰੂ ਨਾਨਕ ਦੇਵ ਯੂਨੀਵਰਸਿਟੀ
purigndu@gmail.com
9878277423
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.