ਪੰਜਾਬ ਦੀ ਸੰਗੀਤ ਪਰੰਪਰਾ: ਵਿਰਸਾ, ਵਰਤਮਾਨ ਅਤੇ ਭਵਿੱਖਮੁਖੀ ਦਿਸ਼ਾ `ਤੇ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ
- ਪੰਜਾਬ ਦੀ ਸੰਗੀਤ ਪਰੰਪਰਾ ਪੰਜਾਬੀਆਂ ਦੀ ਪਹਿਚਾਣ: ਪ੍ਰੋ. ਕਰਮਜੀਤ ਸਿੰਘ
- ਪੰਜਾਬ ਦੇ ਬਟਵਾਰੇ ਨੇ ਸੰਗੀਤ ਉੱਤੇ ਬੁਰਾ ਅਸਰ ਪਾਇਆ -ਡਾ. ਨੀਰਾ ਗਰੋਵਰ
- ਸੰਗੀਤ ਦੇ ਅਕਾਦਮਕ ਕਾਰਜਾਂ ਲਈ ਦੋਵਾਂ ਪੰਜਾਬਾਂ ਚੋਂ ਸਾਂਝ ਦੀ ਲੋੜ -ਡਾ. ਨਾਬੀਲਾ ਰਹਿਮਾਨ
ਪਟਿਆਲਾ, 11 ਮਾਰਚ 2025 - ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੰਗੀਤ ਪਰੰਪਰਾ ਪੰਜਾਬੀਆਂ ਦੀ ਪਹਿਚਾਣ ਹੈ ਅਤੇ ਇਹ ਸਾਡੀ ਆਮ ਸਿੱਖਿਆ ਦਾ ਹਿੱਸਾ ਹੋਣੀ ਚਾਹੀਦੀ ਹੈ।
ਅੱਜਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਪੰਜਾਬ ਦੀ ਸੰਗੀਤ ਪਰੰਪਰਾ ਬਾਰੇ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਮੌਕੇ ਆਪਣੇ ਭਾਸ਼ਣ ਵਿੱਚ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਮਨੁੱਖ ਦੀ ਪ੍ਰਥਾਮਿਕਤਾ ਮਨ ਦੀ ਸ਼ਾਂਤੀ ਹੈ ਅਤੇ ਮਨ ਦੀ ਸ਼ਾਂਤੀ ਵਿੱਚ ਸੰਗੀਤ ਅਹਿਮ ਭੂਮਿਕਾ ਨਿਭਾਉਂਦਾ ਹੈ।
ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਮਹਾਨ ਸੰਗੀਤ ਪਰੰਪਰਾ ਨੂੰ ਸੰਭਾਲਣਾ ਇਸ ਸਮੇਂ ਦਾ ਅਹਿਮ ਕਾਰਜ ਹੈ। ਉਨ੍ਹਾਂ ਕਿਹਾ ਕਿ ਸੰਗੀਤ ਦਾ ਕਿਸੇ ਵੀ ਵਿਅਕਤੀ ਦੇ ਮਨ `ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਇਸ ਕਰ ਕੇ ਬੱਚਿਆਂ ਨੂੰ ਸੰਗੀਤ ਬਾਰੇ ਜਾਗਰੂਕ ਕਰਨ ਦੀ ਜ਼ਰੂਰਤ ਹੈ।
ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਤਿੰਨ ਰੋਜ਼ਾ ਕੌਮਾਂਤਰੀ ਕਾਨਫ਼ਰੰਸ ਦਾ ਮੁੱਖ-ਸੁਰ ਭਾਸ਼ਣ ਡਾ. ਨੀਰਾ ਗਰੋਵਰ ਨੇ ਦਿੱਤਾ।
ਉਨ੍ਹਾਂ ਕਿਹਾ ਕਿ 1947 ਦੇ ਬਟਵਾਰੇ ਦਾ ਪੰਜਾਬੀ ਸੰਗੀਤ ਉੱਤੇ ਬੁਰਾ ਅਸਰ ਪਿਆ ਹੈ। ਉਨ੍ਹਾਂ ਪੰਜਾਬ ਦੇ ਸੰਗੀਤ ਘਰਾਣਿਆਂ ਦੇ ਹਵਾਲੇ ਨਾਲ ਪੰਜਾਬੀਆਂ ਦੇ ਸੁਭਾਅ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਇਹਨਾਂ ਦੀ ਬਹਾਦਰੀ ਦੇ ਨਾਲ਼-ਨਾਲ਼ ਸੂਖਮ ਅਤੇ ਕੋਮਲ ਕਲਾਵਾਂ ਦੀ ਸਮਝ ਵਜੋਂ ਵੀ ਜਾਣਿਆ ਜਾ ਸਕਦਾ ਹੈ। ਉਨ੍ਹਾਂ ਆਧੁਨਿਕ ਪਾਪੂਲਰ ਸੰਗੀਤਕ ਵੰਨਗੀ 'ਰੈਪ ਗਾਇਕੀ' ਬਾਰੇ ਬੋਲਦਿਆਂ ਕਿਹਾ ਕਿ ਇਹ ਵੰਨਗੀ ਵੀ ਪੰਜਾਬ ਲਈ ਕੋਈ ਨਵੀਂ ਨਹੀਂ ਹੈ ਬਲਕਿ ਇਸ ਨੂੰ ਪੰਜਾਬ ਵਿੱਚ ਪੁਰਾਤਨ ਸਮੇਂ ਤੋਂ ਢੋਲਕੀ ਦੀ ਤਾਲ ਉੱਤੇ ਗਾਏ ਜਾਣ ਵਾਲੇ ਉਹ ਗੀਤ ਜਿਨ੍ਹਾਂ ਵਿੱਚ ਗਾਇਨ ਰਾਹੀਂ ਆਪਸ ਵਿੱਚ ਸੰਵਾਦ ਰਚਾਇਆ ਜਾਂਦਾ ਸੀ, ਨਾਲ਼ ਜੋੜ ਕੇ ਦੇਖਿਆ ਜਾ ਸਕਦਾ ਹੈ।
ਪਾਕਿਸਤਾਨ ਤੋਂ ਆਨਲਾਈਨ ਵਿਧੀ ਰਾਹੀਂ ਜੁੜੇ ਵਿਸ਼ੇਸ਼ ਮਹਿਮਾਨ ਡਾ. ਨਾਬੀਲਾ ਰਹਿਮਾਨ ਨੇ ਪੰਜਾਬੀ ਸੰਗੀਤ ਦੀ ਵਿਸ਼ਵ ਪੱਧਰੀ ਪਹਿਚਾਣ ਦੇ ਹਵਾਲੇ ਨਾਲ਼ ਸੰਗੀਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਆਵਾਜ਼ ਅਤੇ ਖੁਸ਼ਬੂ ਨੂੰ ਡੱਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸੰਗੀਤ ਅਤੇ ਇਸ ਨਾਲ਼ ਜੁੜੇ ਅਕਾਦਮਿਕ ਕਾਰਜਾਂ ਦੀ ਬਿਹਤਰੀ ਲਈ ਦੋਹੇਂ ਪੰਜਾਬਾਂ ਦੇ ਵਿਦਿਅਕ ਅਤੇ ਖੋਜ ਅਦਾਰਿਆਂ ਨੂੰ ਸੰਸਥਾਤਮਕ ਪੱਧਰ ਉੱਤੇ ਸਾਂਝ ਕਾਇਮ ਕਰਦਿਆਂ ਯਤਨ ਕਰਨੇ ਚਾਹੀਦੇ ਹਨ।
ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਉੱਘੇ ਲੋਕ ਗਾਇਕ ਪੰਮੀ ਬਾਈ ਨੇ ਇਸ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਨ੍ਹਾਂ ਪੰਜ ਵਿਸ਼ੇਸ਼ ਪ੍ਰੋਜੈਕਟਾਂ ਬਾਰੇ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਜਿਨ੍ਹਾਂ ਰਾਹੀਂ ਪੰਜਾਬ ਦੇ ਵਿਰਾਸਤੀ ਸੰਗੀਤ ਅਤੇ ਨਾਚਾਂ ਬਾਰੇ ਖੋਜ ਭਰਪੂਰ ਕਾਰਜ ਕੀਤਾ ਗਿਆ ਸੀ। ਆਪਣੀ ਅਗਵਾਈ ਵਿੱਚ ਹੋਏ ਇਨ੍ਹਾਂ ਪ੍ਰੋਜੈਕਟਾਂ ਦੇ ਸਰੂਪ ਬਾਰੇ ਵਰਨਣ ਕਰਦਿਆਂ ਉਨ੍ਹਾਂ ਅਜਿਹੇ ਹੋਰ ਕਾਰਜਾਂ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।
ਕੈਨੇਡਾ ਤੋਂ ਪੁੱਜੇ ਵਿਸ਼ੇਸ਼ ਮਹਿਮਾਨ ਭੁਪਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਸਾਨੂੰ ਆਪਣੇ ਸੰਗੀਤ ਅਤੇ ਵਿਰਾਸਤ ਦੇ ਪ੍ਰਚਾਰ ਪ੍ਰਸਾਰ ਲਈ ਮਿਸ਼ਨਰੀਆਂ ਵਾਂਗ ਨਿੱਠ ਕੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰੇਕ ਕੌਮ ਨੂੰ ਅੱਗੇ ਵਧਣ ਲਈ ਸੰਗੀਤ ਦੀ ਲੋੜ ਹੁੰਦੀ ਹੈ।
ਉਦਘਾਟਨੀ ਸੈਸ਼ਨ ਦੌਰਾਨ ਸਵਾਗਤੀ ਭਾਸ਼ਣ ਵਿਭਾਗ ਮੁਖੀ ਪ੍ਰੋ. ਅਲੰਕਾਰ ਸਿੰਘ ਨੇ ਦਿੱਤਾ ਅਤੇ ਇਸ ਸੈਸ਼ਨ ਦਾ ਸੰਚਾਲਨ ਕਾਨਫ਼ਰੰਸ ਕੋਆਰਡੀਨੇਟਰ ਪ੍ਰੋ. ਨਿਵੇਦਿਤਾ ਸਿੰਘ ਵੱਲੋਂ ਕੀਤਾ ਗਿਆ। ਧੰਨਵਾਦੀ ਭਾਸ਼ਣ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਵੱਲੋਂ ਮੁਲਤਾਨੀ ਵੱਲੋਂ ਦਿੱਤਾ ਗਿਆ।
ਉਦਘਾਟਨੀ ਸੈਸ਼ਨ ਉਪਰੰਤ ਪਹਿਲੇ ਦਿਨ ਦੇ ਪਹਿਲੇ ਅਕਾਦਮਿਕ ਸੈਸ਼ਨ ਵਿੱਚ 'ਪੰਜਾਬ ਦੀ ਸ਼ਾਸਤਰੀ ਗਾਇਨ ਪਰੰਪਰਾ' ਬਾਰੇ ਚਰਚਾ ਕੀਤ ਗਈ ਜਦੋਂ ਕਿ ਦੂਜੇ ਅਕਾਦਮਿਕ ਸੈਸ਼ਨ ਵਿੱਚ 'ਪੰਜਾਬ ਦੀ ਸ਼ਾਸਤਰੀ ਵਾਦਨ ਪਰੰਪਰਾ' ਵਿਸ਼ੇ ਉੱਤੇ ਗੱਲ ਹੋਈ। ਇਸ ਉਪਰੰਤ ਪਹਿਲੇ ਦਿਨ ਦੀ ਸ਼ਾਮ ਕੋਲਕਾਤਾ ਤੋਂ ਪੁੱਜੇ ਪਟਿਆਲਾ ਘਰਾਣੇ ਦੇ ਕਲਾਕਾਰ ਵਿਦੁਸ਼ੀ ਅੰਜਨਾ ਨਾਥ ਨੇ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਦਿੱਤੀ। ਇਸ ਮੌਕੇ ਪੰਜਾਬ ਘਰਾਣੇ ਦੇ ਉਸਤਾਦ ਤਬਲਾ ਵਾਦਕਾਂ ਵੱਲੋਂ ਉਸਤਾਦ ਜ਼ਾਕਿਰ ਹੁਸੈਨ ਨੂੰ ਆਪਣੇ ਸਮੂਹਿਕ ਤਬਲਾ ਵਾਦਨ ਨਾਲ਼ ਪੇਸ਼ਕਾਰੀ ਦਿੱਤੀ ਗਈ।