Babushahi Special: ਕਾਲੀ ਥਾਰ ਵਾਲੀ ਬੀਬੀ ਦੀ ਨਸ਼ਾ ਤਸਕਰੀ ਦੀ ਕੁੰਡਲੀ ਫਰੋਲੇਗੀ ਨਾਰਕੋਟਿਕਸ ਕੰਟਰੋਲ ਬਿਊਰੋ
ਅਸ਼ੋਕ ਵਰਮਾ
ਬਠਿੰਡਾ,7 ਅਪ੍ਰੈਲ 2025:ਲੰਘੇ ਬੁੱਧਵਾਰ ਨੂੰ ਚਿੱਟੇ ਸਮੇਤ ਗ੍ਰਿਫਤਾਰ ਪੰਜਾਬ ਪੁਲਿਸ ਦੀ ਹੈਡ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ ਦੀ ਜਾਂਚ ਹੁਣ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕੀਤੀ ਜਾਏਗੀ। ਅਹਿਮ ਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਹੁਣ ਤੱਕ ਦੇ ਰਿਮਾਂਡ ਦੌਰਾਨ ਅਮਨਦੀਪ ਵੱਲੋਂ ਕੀਤੇ ਖੁਲਾਸਿਆਂ ਤੋਂ ਬਾਅਦ ਐਨਸੀਬੀ ਵੱਲੋਂ ਵੀ ਆਪਣੇ ਪੱਧਰ ਤੇ ਤਫਤੀਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਨੂੰ ਪੱਤਰ ਵੀ ਭੇਜਿਆ ਹੈ। ਸੂਤਰ ਦੱਸਦੇ ਹਨ ਕਿ ਹੁਣ ਤੱਕ ਦੀ ਜਾਣਕਾਰੀ ਅਨੁਸਾਰ ਲੇਡੀ ਕਾਂਸਟੇਬਲ ਅਮਨਦੀਪ ਕੌਰ ਦੇ ਤਾਰ ਕੁੱਝ ਆਈਪੀਐਸ ਅਧਿਕਾਰੀਆਂ ਅਤੇ ਸਿਆਸੀ ਲੀਡਰਾਂ ਨਾਲ ਜੁੜਨ ਦੀ ਆਸ਼ੰਕਾ ਹੈ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ । ਇਸੇ ਕਾਰਨ ਹੁਣ ਐਨਸੀਬੀ ਇਸ ਮਹਿਲਾ ਪੁਲਿਸ ਮੁਲਾਜਮ ਤੋਂ ਪੁੱਛ ਪੜਤਾਲ ਕਰੇਗੀ ਤਾਂ ਜੋ ਨਸ਼ਾ ਤਸਕਰੀ ਦੇ ਇਸ ਗੋਰਖਧੰਦੇ ਦੀ ਤਹਿ ਤੱਕ ਪੁੱਜਿਆ ਜਾ ਸਕੇ।

ਓਧਰ ਬਠਿੰਡਾ ਪੁਲਿਸ ਨੇ ਅਮਨਦੀਪ ਕੌਰ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਸਬੰਧੀ ਤੱਥਾਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਬੈਂਕ ਖਾਤਿਆਂ ਦੀ ਜਾਂਚ ਲਈ ਪੁਲਿਸ ਨੇ ਅਦਾਲਤ ਤੋਂ ਪ੍ਰਵਾਨਗੀ ਵੀ ਹਾਸਲ ਕਰ ਲਈ ਹੈ। ਸੂਤਰ ਆਖਦੇ ਹਨ ਕਿ ਜਿਲ੍ਹਾ ਪੁਲਿਸ ਅਮਨਦੀਪ ਕੌਰ ਦੇ ਕੁੱਝ ਬੈਂਕ ਖਾਤਿਆਂ ਤੇ ਰੋਕ ਲੁਆਉਣ ਵਿੱਚ ਸਫਲ ਹੋ ਗਈ ਹੈ। ਪੁਲਿਸ ਨੂੰ ਪਤਾ ਲੱਗਿਆ ਹੈ ਕਿ ਕੁੱਝ ਦਿਨ ਪਹਿਲਾਂ ਅਮਨਦੀਪ ਦੇ ਖਾਤਿਆਂ ਵਿੱਚ ਲੱਖਾਂ ਦਾ ਲੈਣ ਦੇਣ ਹੋਇਆ ਹੈ। ਸੂਤਰਾਂ ਅਨੁਸਾਰ ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਚਿੱਟੇ ਦੇ ਕਾਲੇ ਧੰਦੇ ਦੀ ਕਾਲੀ ਕਮਾਈ ਨੂੰ ਸਫੈਦ ਕਰਨ ਲਈ ਬੈਂਕ ਕਰਜਿਆਂ ਆਦਿ ਦਾ ਰਸਤਾ ਅਖਤਿਆਰ ਕਰ ਸਕਦੀ ਹੈ। ਸੂਤਰਾਂ ਮੁਤਾਬਕ ਪੁਲਿਸ ਦੀ ਰੇਡਾਰ ਤੇ ਅਮਨਦੀਪ ਦੇ ਰਿਸ਼ਤੇਦਾਰਾਂ ਦੇ ਬੈਂਕ ਖਾਤੇ ਵੀ ਹਨ। ਅਮਨਦੀਪ ਦੀ ਸੰਪਤੀ ਤੇ ਗੱਡੀਆਂ ਦੀ ਜਾਂਚ ਲਈ ਮਾਲ ਵਿਭਾਗ ਅਤੇ ਆਰਟੀਓ ਦੀ ਸਹਾਇਤਾ ਲਈ ਜਾ ਰਹੀ ਹੈ।
ਪੁਲਿਸ ਦੀ ਅੱਖ ਉਸ ਪੁਰਾਣੀ ਥਾਰ ਤੇ ਵੀ ਹੈ ਜੋ ਅਮਨਦੀਪ ਨੇ ਬਠਿੰਡਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਦੇ ਅਧੀਨ ਕੰਮ ਕਰਨ ਵਾਲੇ ਪੁਲਿਸ ਮੁਲਾਜਮ ਨੂੰ ਵੇਚੀ ਸੀ। ਮਹੱਤਵਪੂਰਨ ਇਹ ਵੀ ਹੈ ਕਿ ਅਮਨਦੀਪ ਦੀ ਇਸ ਪੁਲਿਸ ਮੁਲਾਜਮ ਨਾਲ ਚੰਗੀ ਜਾਣ ਪਹਿਚਾਣ ਸੀ। ਪੁਲਿਸ ਨੇ ਜਦੋਂ ਅਮਨਦੀਪ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਕਢਵਾਈ ਤਾਂ ਸਾਹਮਣੇ ਆਇਆ ਕਿ ਉਸ ਦੀ ਜਿਆਦਾਤਰ ਗੱਲਬਾਤ ਬਲਵਿੰਦਰ ਸਿੰਘ ਸੋਨੂੰ ਨਾਲ ਹੋਈ ਹੈ ਜੋ ਫਰਾਰ ਚੱਲ ਰਿਹਾ ਹੈ। ਬਠਿੰਡਾ ਪੁਲਿਸ ਵੱਲੋਂ 17.71 ਗਰਾਮ ਚਿੱਟੇ ਨਾਲ ਗ੍ਰਿਫਤਾਰ ਬਰਖਾਸਤ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਇਸ ਵੇਲੇ ਰਿਮਾਂਡ ਤੇ ਚੱਲ ਰਹੀ ਹੈ। ਪੁਲਿਸ ਹੁਣ ਅਮਨਦੀਪ ਦੇ ਸਾਥੀ ਸੋਨੂੰ ਨੂੰ ਦਬੋਚਣ ’ਚ ਜੁਟੀ ਹੋਈ ਹੈ। ਸੋਨੂੰ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੂੰ ਕਈ ਤਰਾਂ ਦੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਬਲਵਿੰਦਰ ਸਿੰਘ ਉਰਫ ਸੋਨੂੰ ਨੂੰ ਇਸ ਤੋਂ ਪਹਿਲਾਂ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਜੋ ਦੋਵਾਂ ਨੂੰ ਆਹਮੋ ਸਾਹਮਣੇ ਬਿਠਾਕੇ ਪੁੱਛਗਿਛ ਕੀਤੀ ਜਾ ਸਕੇ। ਸੋਨੂੰ ਨੂੰ ਜਿੳਂ ਹੀ ਪਤਾ ਲੱਗਿਆ ਕਿ ਉਸ ਨੂੰ ਪੁਲਿਸ ਨੇ ਨਾਮਜਦ ਕਰ ਲਿਆ ਹੈ ਤਾਂ ਉਹ ਆਪਣੀ ਪਤਨੀ ਦੀ ਅਦਾਲਤ ’ਚ ਕੁੱਟਮਾਰ ਕਰਨ ਪਿੱਛੋਂ ਫਰਾਰ ਹੋ ਗਿਆ ਸੀ। ਪੁਲਿਸ ਸੂਤਰਾਂ ਮੁਤਾਬਕ ਸੋਨੂੰ ਸਿਰਸਾ ਜਿਲ੍ਹੇ ’ਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਮੋਟਰਸਾਈਕਲ ਛੱਡਕੇ ਅੱਗੇ ਭੱਜ ਗਿਆ ਹੈ। ਸੂਤਰਾਂ ਅਨੁਸਾਰ ਪੁਲਿਸ ਨੇ ਸੋਨੂੰ ਦੀ ਪੈੜ ਨੱਪਣ ਲਈ ਉਸ ਦੇ ਰਿਸ਼ਤੇਦਾਰ ਨੂੰ ਪੁੱਛਗਿਛ ਲਈ ਹਿਰਾਸਤ ’ਚ ਲਿਆ ਹੈ। ਤੀਸਰਾ ਰਿਮਾਂਡ ਖਤਮ ਹੋਣ ਮਗਰੋਂ ਪੁਲਿਸ ਵੱਲੋਂ ਮੰਗਲਵਾਰ ਨੂੰ ਅਮਨਦੀਪ ਨੂੰ ਅਦਾਲਤ ’ਚ ਪੇਸ਼ ਕੀਤਾ ਜਾਣਾ ਹੈ। ਸੂਤਰਾਂ ਮੁਤਾਬਕ ਪੁਲਿਸ ਇਸ ਮੌਕੇ ਰਿਮਾਂਡ ਵਧਾਉਣ ਦੀ ਮੰਗ ਕਰ ਸਕਦੀ ਹੈ । ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਦੋ ਦਿਨ ਦੇ ਰਿਮਾਂਡ ਦੌਰਾਨ ਅਮਨਦੀਪ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਹਮੇਸ਼ਾ ਵਿਵਾਦਾਂ ’ਚ ਰਹੀ ਅਮਨਦੀਪ
ਪੰਜਾਬ ਪੁਲਿਸ ਤੋਂ ਬਰਖਾਸਤ ਕੀਤੀ ਗਈ ਹੈਡ ਕਾਂਸਟੇਬਲ ਅਮਨਦੀਪ ਕੌਰ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਅਮਨਦੀਪ ਨੂੰ ਪਹਿਲਾਂ ਮਾਨਸਾ ਪੁਲਿਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਪ੍ਰੀਵਾਰ ਦੀ ਸੁਰੱਖਿਆ ’ਚ ਤਾਇਨਾਤ ਕੀਤਾ ਸੀ। ਜਦੋਂ ਇਹ ਸਾਹਮਣੇ ਆਇਆ ਕਿ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਕਰ ਰਹੀ ਤਾਂ ਉਸ ਨੂੰ ਹਟਾ ਦਿੱਤਾ ਗਿਆ ਸੀ। ਸੂਤਰਾਂ ਮੁਤਾਬਕ ਜਦੋਂ ਅਮਨਦੀਪ ਉੱਥੇ ਹੁੰਦੀ ਸੀ ਤਾਂ ਬਲਵਿੰਦਰ ਸਿੰਘ ਉਰਫ ਸੋਨੂੰ ਅਕਸਰ ਉੱਥੇ ਆਉਂਦਾ ਜਾਂਦਾ ਰਹਿੰਦਾ ਸੀ। ਸੁਰੱਖਿਆ ਇੰਚਾਰਜ ਵੱਲੋਂ ਇੰਨ੍ਹਾਂ ਦੀਆਂ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖੀ ਜਾਂਦੀ ਸੀ। ਸੁਰੱਖਿਆ ਇੰਚਾਰਜ ਨੇ ਐਸਐਸਪੀ ਨਾਨਕ ਸਿੰਘ ਦੇ ਧਿਆਨ ’ਚ ਲਿਆਂਦਾ ਤਾਂ ਉਨ੍ਹਾਂ ਨੇ ਅਮਨਦੀਪ ਨੂੰ ਬਦਲ ਦਿੱਤਾ ਸੀ।
ਅਮਨਦੀਪ ਤੇ ਸੋਨੂੰ ’ਚ ਗੂੜੀ ਜਾਣ ਪਛਾਣ
ਅਸਲ ਵਿੱਚ ਬਲਵਿੰਦਰ ਸਿੰਘ ਉਰਫ ਸੋਨੂੰ ਐਂਬੂਲੈਂਸ ਚਲਾਉਂਦਾ ਸੀ ਤਾਂ ਇਸ ਦੌਰਾਨ ਉਸ ਦੀਆਂ ਨਜ਼ਦੀਕੀਆਂ ਅਮਨਦੀਪ ਨਾਲ ਵਧ ਗਈਆਂ ਸਨ। ਕੁੱਝ ਸਮਾਂ ਬਾਅਦ ਤਾਂ ਸੋਨੂੰ ਅਮਨਦੀਪ ਨਾਲ ਹੀ ਰਹਿਣ ਲੱਗ ਪਿਆ ਸੀ। ਸੂਤਰਾਂ ਅਨੁਸਾਰ ਪੁਲਿਸ ਨੇ ਜਦੋਂ ਸੋਨੂੰ ਅਤੇ ਅਮਨਦੀਪ ਦੀ ਤਿੰਨ ਮਹੀਨਿਆਂ ਦੀ ਕਾਲ ਡਿਟੇਲ ਕਢਵਾਈ ਤਾਂ ਪਤਾ ਲੱਗਾ ਕਿ ਸੋਨੂੰ ਅਤੇ ਅਮਨਦੀਪ ਪੁਲਿਸ ਦੇ ਇੱਕ ਅਧਿਕਾਰੀ ਦੇ ਸੰਪਰਕ ਵਿੱਚ ਸਨ ਅਤੇ ਇਸ ਅਰਸੇ ਦੌਰਾਨ ਪੰਜਾਬ ਦੇ ਅੰਮ੍ਰਿਤਸਰ,ਫਿਰੋਜ਼ਪੁਰ ,ਫਾਜ਼ਿਲਕਾ , ਪਟਿਆਲਾ ਅਤੇ ਜਲੰਧਰ ਤੋਂ ਇਲਾਵਾ ਮੁੰਬਈ ਤੱਕ ਜਾਂਦਾ ਰਿਹਾ ਹੈ।