ਦਸਵਾਂ ਅੰਮ੍ਰਿਤਸਰ ਸਾਹਿਤ ਉਤਸਵ ਤੀਜਾ ਅਤੇ ਆਖਰੀ ਦਿਨ: ਬਸੰਤ ਦੀ ਬਹਾਰ ਵਿੱਚ ਖਿੜਿਆ ਸਾਹਿਤ ਉਤਸਵ
- ਬਸੰਤ ਦੀ ਬਹਾਰ ਵਿੱਚ ਖਿੜਿਆ ਅੰਮ੍ਰਿਤਸਰ ਸਾਹਿਤ ਉਤਸਵ
- ਪੰਜਾਬੀ ਗਜ਼ਲਗੋ ਵਿਜੇ ਵਿਵੇਕ ਨੂੰ 'ਨਾਦ ਪ੍ਰਗਾਸੁ ਸ਼ਬਦ ਸਨਮਾਨ' ਪ੍ਰਦਾਨ ਕੀਤਾ ਗਿਆ
ਅੰਮ੍ਰਿਤਸਰ, 06 ਮਾਰਚ 2025 - ਪੰਜਾਬ ਦੇ ਅਧਿਆਪਕਾਂ ਅਤੇ ਵਿਿਦਆਰਥੀਆਂ ਵਲੋਂ ਖ਼ਾਲਸਾ ਕਾਲਜ ਫਾਰ ਵਿਮਨ ਵਿਖੇ ਮਨਾਇਆ ਜਾ ਰਿਹਾ ਬਸੰਤ ਰੁੱਤ ਦੇ ਜਸ਼ਨਾਂ ਦਾ ਪ੍ਰਤੀਕ ਦਸਵਾਂ ਅੰਮ੍ਰਿਤਸਰ ਸਾਹਿਤ ਉਤਸਵ ਆਪਣੇ ਆਖਰੀ ਦਿਨ 'ਚੜ੍ਹਿਆ ਬਸੰਤ ਕਵੀ ਦਰਬਾਰ' ਨਾਲ ਪੂਰੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ। ਅੱਜ ਦਾ ਪੂਰਾ ਦਿਨ ਪੰਜਾਬੀ ਅਤੇ ਪੰਜਾਬੀ ਦੀਆਂ ਉਪਬੋਲੀਆਂ ਦੇ ਕਵੀਆਂ ਦੀਆਂ ਰਚਨਾਵਾਂ ਨਾਲ ਪ੍ਰਵਾਣ ਚੜਿਆ, ਜਿਸ ਦਾ ਆਨੰਦ ਪੰਜਾਬੀ ਸਾਹਿਤ ਅਤੇ ਕਵਿਤਾ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੇ ਖੂਬ ਮਾਣਿਆ। ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਗਜ਼ਲਗੋ ਵਿਜੇ ਵਿਵੇਕ ਨੂੰ ਨਾਦ ਪ੍ਰਗਾਸੁ ਸੰਸਥਾ ਵੱਲੋਂ ਦਿੱਤਾ ਜਾਣ ਵਾਲਾ ਸਲਾਨਾ 'ਨਾਦ ਪ੍ਰਗਾਸੁ ਸ਼ਬਦ ਸਨਮਾਨ' ਵੀ ਪ੍ਰਦਾਨ ਕੀਤਾ ਗਿਆ ਜਿਸ ਵਿੱਚ 21 ਹਜ਼ਾਰ ਦੀ ਨਗਦ ਰਾਸ਼ੀ, ਸਨਮਾਨ ਪੱਤਰ, ਲੋਈ ਅਤੇ ਪੁਸਤਕਾਂ ਦਾ ਇੱਕ ਸੈੱਟ ਸ਼ਾਮਿਲ ਸੀ। ਵਿਜੇ ਵਿਵੇਕ ਨੇ ਇਸ ਮੌਕੇ ਕਿਹਾ ਕਿ ਸਨਮਾਨ ਮਿਲਣ ਨਾਲ ਸਾਹਿਤਕਾਰ ਨੂੰ ਆਪਣੇ ਮਨ ਅਤੇ ਚੇਤਨਾ ਨੂੰ ਸਾਫ਼ ਰੱਖਣ ਲਈ ਵਧੇਰੇ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਨਾ ਪੈਂਦਾ ਹੈ। ਇਹ ਮੇਰਾ ਨਿੱਜੀ ਸਨਮਾਨ ਨਾ ਹੋ ਕੇ ਪੰਜਾਬੀ ਭਾਸ਼ਾ ਦੀ ਉਨੱਤੀ ਲਈ ਕੰਮ ਕਰਨ ਵਾਲੇ ਕਵੀਆਂ ਅਤੇ ਸਾਹਿਤਕਾਰਾਂ ਦਾ ਸਨਮਾਨ ਹੈ।
ਅੱਜ ਦੇ ਕਵੀ ਦਰਬਾਰ ਦੀ ਪ੍ਰਧਾਨਗੀ ਕਰਦੇ ਹੋਏ ਡਾ. ਮਨਮੋਹਨ ਨੇ ਕਿਹਾ ਕਿ ਕਵਿਤਾ ਸਿਰਫ ਭਾਵੁਕਤਾ ਅਤੇ ਸੁਹਜ ਦਾ ਪ੍ਰਗਟਾਵਾ ਹੀ ਨਹੀਂ ਹੁੰਦੀ ਸਗੋਂ ਇਹ ਇੱਕ ਭਾਸ਼ਾਈ ਦਖ਼ਲ ਵੀ ਹੁੰਦਾ ਹੈ ਜਿਸ ਵਿੱਚ ਸਮਾਜਿਕ ਅਤੇ ਰਾਜਨੀਤਿਕ ਢਾਂਚੇ ਨੂੰ ਬਦਲਣ ਦੀ ਸੰਭਾਵਨਾ ਪਈ ਹੁੰਦੀ ਹੈ। ਇਸ ਮੌਕੇ ਮੁੱਖ ਮਹਿਮਾਨ ਡਾ. ਸਰਬਜੋਤ ਸਿੰਘ ਬਹਿਲ ਨੇ ਕਿਹਾ ਕਿ ਕਵਿਤਾ ਦਾ ਘੇਰਾ ਵਸੀਹ ਹੋ ਰਿਹਾ ਹੈ। ਕਵਿਤਾ ਹੁਣ ਸੁਹਜ ਅਤੇ ਛੰਦਬੱਧਤਾ ਤੋਂ ਅੱਗੇ ਜਾ ਚੁੱਕੀ ਹੈ। ਸੋਸ਼ਲ ਮੀਡੀਏ ਦੇ ਆਉਣ ਨਾਲ ਕਵਿਤਾ ਦੇ ਅਰਥ ਵਿਿਗਆਨ ਦਾ ਮਿਆਰ ਘਟਿਆ ਹੈ ਜੋ ਸਾਡੇ ਨਵੇਂ ਸੰਜੀਦਾ ਕਵੀਆਂ ਲਈ ਇੱਕ ਚੁਣੌਤੀ ਹੈ। ਕਸ਼ਮੀਰ ਤੋਂ ਪਹੁੰਚੇ ਅੱਜ ਦੇ ਵਿਸ਼ੇਸ਼ ਮਹਿਮਾਨ ਕੀਰਤ ਸਿੰਘ ਇਨਕਲਾਬੀ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀ ਭਾਸ਼ਾ ਸਦੀਆਂ ਤੋਂ ਦੂਜੀਆਂ ਭਾਸ਼ਾਵਾਂ ਤੇ ਸੱਭਿਆਚਾਰਾਂ ਨਾਲ ਸੰਬੰਧ ਰੱਖਦੀ ਆਈ ਹੈ ਅਤੇ ਹੁਣ ਇਹ ਇੱਕ ਵਿਸ਼ਵਾਰਥੀ ਭਾਸ਼ਾ ਬਣ ਚੁੱਕੀ ਹੈ, 'ਚੜ੍ਹਿਆ ਬਸੰਤ ਕਵੀ ਦਰਬਾਰ' ਵੀ ਡੋਗਰੀ, ਗੋਜਰੀ ਅਤੇ ਪਹਾੜੀ ਦੇ ਕਵੀਆਂ ਨੂੰ ਆਪਣੇ ਵਿੱਚ ਸ਼ਾਮਿਲ ਕਰ ਇਹੀ ਭੂਮਿਕਾ ਨਿਭਾ ਰਿਹਾ ਹੈ।
ਅੱਜ ਦੇ ਕਵੀ ਦਰਬਾਰ ਦਾ ਆਰੰਭ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਇਸ ਤੋਂ ਉਪਰੰਤ ਬਸੰਤ ਰਾਗ ਦਾ ਵਾਦਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਤੋਂ ਪ੍ਰੋ. ਗੁਰਦੀਪ ਸਿੰਘ ਨੇ ਸਿਤਾਰ ਵਾਦਨ ਦੇ ਨਾਲ ਕੀਤਾ। ਉਪਰੰਤ ਬੋਦਲਾਂ ਘਰਾਣੇ ਤੋਂ ਭਾਈ ਸਤਿੰਦਰ ਸਿੰਘ ਨੇ ਬਸੰਤ ਰਾਗ ਦਾ ਗਾਇਨ ਕੀਤਾ। ਅੱਜ ਦੇ ਕਵੀ ਦਰਬਾਰ ਵਿੱਚ ਸਿਮਰਤ ਗਗਨ, ਅਮਰੀਕ ਡੋਗਰਾ, ਜਾਵੇਦ ਰਾਹੀ, ਪਰਮਜੀਤ ਸੋਹਲ, ਅਮਰਜੀਤ ਕਸਕ, ਸੁਸ਼ੀਲ ਬੇਗਾਨਾ, ਮੁਮਤਾਜ਼ ਚੌਧਰੀ, ਭੁਪਿੰਦਰ ਕੌਰ ਪ੍ਰੀਤ, ਸੁਆਮੀ ਅੰਤਰ ਨੀਰਵ ਅਤੇ ਭੁਪਿੰਦਰ ਪ੍ਰੀਤ ਨੇ ਆਪਣੀਆਂ ਰਚਨਾਵਾਂ ਹਾਜ਼ਰ ਸਰੋਤਿਆਂ ਨੂੰ ਸੁਣਾਈਆਂ। ਇਸ ਮੌਕੇ ਧੰਨਵਾਦੀ ਸ਼ਬਦ ਬੋਲਦਿਆਂ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਸਾਹਿਤ ਉਤਸਵ ਪੰਜਾਬ ਦੀਆਂ ਗਿਆਨ ਅਤੇ ਸੁਹਜ ਪਰੰਪਰਾਵਾਂ ਨੂੰ ਗਾਉਣ ਦਾ ਇੱਕ ਉਪਰਾਲਾ ਹੈ ਅਤੇ ਇਹ ਵਿਿਦਆਰਥੀਆਂ ਵਿੱਚ ਸਾਹਿਤਕ ਪ੍ਰੇਰਨਾ ਪੈਦਾ ਕਰਨ ਲਈ ਸਹਾਈ ਹੋਵੇਗਾ। ਅੱਜ ਦੇ ਇਸ ਸਮਾਗਮ ਵਿੱਚ ਡਾ. ਅਮਨਦੀਪ ਸਿੰਘ, ਡਾ. ਹਲਵਿੰਦਰ ਸਿੰਘ, ਡਾ. ਰੇਸ਼ਮ ਸਿੰਘ, ਪ੍ਰਿੰਸੀ. ਜਸਵੰਤ ਸਿੰਘ, ਸਵਰਨ ਸਿੰਘ ਡਾ. ਰਣਜੀਤ ਕੌਰ, ਡਾ. ਅਮਰਜੀਤ ਕੌਰ ਆਦਿ ਤੋਂ ਇਲਾਵਾ ਜੰਮੂ-ਕਸ਼ਮੀਰ, ਦਿੱਲੀ, ਬਿਹਾਰ, ਹਰਿਆਣਾ ਅਤੇ ਚੰਡੀਗੜ੍ਹ ਤੋਂ ਵੀ ਵਿਿਦਆਰਥੀ ਸ਼ਾਮਿਲ ਹੋਏ।