ਵਿਕਾਸ ਕਾਰਜਾਂ ਲਈ 117 ਕਰੋੜ ਰੁਪਏ ਦੇ ਗੱਫੇ ਨਾਲ ਬਠਿੰਡਾ ਵਿੱਚ ਹੋਵੇਗਾ ਸੁਧਾਰ: ਮੇਅਰ ਪਦਮਜੀਤ ਮਹਿਤਾ
- ਜਨਰਲ ਹਾਊਸ ਦੀ ਮੀਟਿੰਗ ਵਿੱਚ ਕੌਂਸਲਰ ਰਤਨ ਰਾਹੀ, ਉਮੇਸ਼ ਗੋਗੀ ਅਤੇ ਮੈਡਮ ਪ੍ਰਵੀਨ ਗਰਗ ਨੂੰ ਚੁਣਿਆ ਐਫਐਂਡਸੀਸੀ ਮੈਂਬਰ
ਅਸ਼ੋਕ ਵਰਮਾ
ਬਠਿੰਡਾ, 7 ਅਪ੍ਰੈਲ 2025:ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਅੱਜ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਬਠਿੰਡਾ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 117 ਕਰੋੜ ਰੁਪਏ ਦੀ ਤਜਵੀਜ਼ ਸਦਨ ਵਿੱਚ ਪਾਸ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਪ੍ਰਸਤਾਵ ਰੱਖਿਆ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਸ਼੍ਰੀ ਅਸ਼ੋਕ ਪ੍ਰਧਾਨ ਦੀ ਧਰਮ ਪਤਨੀ ਸਵਰਗੀ ਕਮਲੇਸ਼ ਰਾਣੀ, ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਰਜਿੰਦਰ ਕੁਮਾਰ ਦੇ ਪਿਤਾ, ਸੁਪਰਡੈਂਟ ਮੈਡਮ ਰਾਜਪਾਲ ਕੌਰ ਅਤੇ ਕੌਂਸਲਰ ਮੈਡਮ ਊਸ਼ਾ ਗੋਇਲ ਦੀ ਮਾਤਾ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸਦਨ ਵੱਲੋਂ 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਨਰਲ ਹਾਊਸ ਦੀ ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਸ੍ਰੀ ਅਜੇ ਅਰੋੜਾ, ਆਈ.ਏ.ਐਸ., ਸੰਯੁਕਤ ਕਮਿਸ਼ਨਰ ਸਰਦਾਰ ਜਸਪਾਲ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਸੁਸ਼ੀਲ ਮਹਿਤਾ, ਕਾਰਜਕਾਰੀ ਇੰਜੀਨੀਅਰ, ਨਿਗਮ ਇੰਜੀਨੀਅਰ, ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸਮੂਹ ਅਧਿਕਾਰੀ ਸਮੇਤ 46 ਕੌਂਸਲਰ ਹਾਜ਼ਰ ਸਨ।
ਜਨਰਲ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਮੇਅਰ ਦਫ਼ਤਰ ਵਿੱਚ ਵਾਰਡ ਨੰਬਰ 32 ਦੇ ਕੌਂਸਲਰ ਸ੍ਰੀ ਉਮੇਸ਼ ਗੋਗੀ ਅਤੇ ਸਮਾਜ ਸੇਵੀ ਰਵਿੰਦਰ ਬਿੱਟੂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਪਾਰਟੀ ਦਾ ਝੰਡਾ ਪਹਿਨਾ ਕੇ ਪਾਰਟੀ ਵਿੱਚ ਸ਼ਾਮਲ ਕਰਕੇ ਸਵਾਗਤ ਕੀਤਾ। ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਕੌਂਸਲਰ ਉਮੇਸ਼ ਗੋਗੀ ਅਤੇ ਸਮਾਜ ਸੇਵੀ ਰਵਿੰਦਰ ਬਿੱਟੂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕੌਂਸਲਰ ਉਮੇਸ਼ ਗੋਗੀ ਨੇ ਕਿਹਾ ਕਿ ਉਹ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦਿਆਂ ਬਠਿੰਡਾ ਦੇ ਵਿਕਾਸ ਨੂੰ ਮੁੱਖ ਪਹਿਲ ਦਿੰਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਅੱਜ ਜਨਰਲ ਹਾਊਸ ਦੀ ਮੀਟਿੰਗ ਵਿੱਚ ਐਫ਼ਐਂਡਸੀਸੀ ਦੇ ਤਿੰਨ ਮੈਂਬਰ ਵੀ ਚੁਣੇ ਗਏ। ਇਸ ਦੌਰਾਨ ਕੌਂਸਲਰ ਵਿਕਰਮ ਕ੍ਰਾਂਤੀ ਨੇ ਕੌਂਸਲਰ ਰਤਨ ਰਾਹੀ ਦਾ ਨਾਂ ਸਦਨ ਦੇ ਸਾਹਮਣੇ ਰੱਖਿਆ, ਤਾਂ ਕੌਂਸਲਰ ਸੁਖਰਾਜ ਔਲਖ ਨੇ ਹਾਮੀ ਭਰੀ ਅਤੇ ਵੱਡੀ ਗਿਣਤੀ ਕੌਂਸਲਰਾਂ ਨੇ ਰਤਨ ਰਾਹੀ ਨੂੰ ਐੱਫ.ਐਂਡ.ਸੀ.ਸੀ ਮੈਂਬਰ ਲਈ ਆਪਣਾ ਸਮਰਥਨ ਦਿੱਤਾ।
ਇਸੇ ਤਰ੍ਹਾਂ ਕੌਂਸਲਰ ਬਲਜੀਤ ਸਿੰਘ ਰਾਜੂ ਸਰਾਂ ਨੇ ਕੌਂਸਲਰ ਉਮੇਸ਼ ਗੋਗੀ ਦਾ ਨਾਂ ਸਦਨ ਦੇ ਸਾਹਮਣੇ ਰੱਖਿਆ, ਜਦੋਂ ਕਿ ਕੌਂਸਲਰ ਸ਼ਾਮਲਾਲ ਜੈਨ ਨੇ ਹਾਮੀ ਭਰੀ ਅਤੇ ਵੱਡੀ ਗਿਣਤੀ ਕੌਂਸਲਰਾਂ ਨੇ ਆਪਣਾ ਸਮਰਥਨ ਦਿੱਤਾ। ਇਸ ਦੌਰਾਨ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਮੈਡਮ ਪ੍ਰਵੀਨ ਗਰਗ ਦਾ ਨਾਂ ਐਫ.ਐਂਡ.ਸੀ.ਸੀ ਮੈਂਬਰ ਲਈ ਸਦਨ ਦੇ ਸਾਹਮਣੇ ਰੱਖਿਆ, ਜਿਸ ਦੀ ਵੱਡੀ ਗਿਣਤੀ ਕੌਂਸਲਰਾਂ ਨੇ ਉਨ੍ਹਾਂ ਦਾ ਸਮਰਥਨ ਕਰਦਿਆਂ ਮੈਂਬਰ ਚੁਣ ਲਿਆ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਐਫ਼ ਐਂਡ ਸੀਸੀ ਦੇ ਤਿੰਨੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਫ਼ ਐਂਡ ਸੀਸੀ ਸ਼ਹਿਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਵੇਗੀ।
ਨਵੇਂ ਚੁਣੇ ਗਏ ਮੈਂਬਰਾਂ ਨੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ, ਕਮਿਸ਼ਨਰ ਸ਼੍ਰੀ ਅਜੇ ਅਰੋੜਾ ਸਮੇਤ ਸਮੂਹ ਅਧਿਕਾਰੀਆਂ ਤੇ ਕੌਂਸਲਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਮੇਅਰ ਸਾਹਬ ਨੇ ਕਿਹਾ ਕਿ ਉਹ ਖੁਦ ਵੀ ਅਧਿਕਾਰੀਆਂ ਅਤੇ ਕੌਂਸਲਰਾਂ ਦੇ ਸਹਿਯੋਗ ਨਾਲ ਬਠਿੰਡਾ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਬਠਿੰਡਾ ਵਾਸੀਆਂ ਨੂੰ ਸਮੱਸਿਆਵਾਂ ਤੋਂ ਮੁਕਤ ਕਰਵਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਬਠਿੰਡਾ ਦੇ ਵਿਕਾਸ ਲਈ ਕਰੀਬ 117 ਕਰੋੜ ਰੁਪਏ ਦਾ ਪ੍ਰਸਤਾਵ ਸਦਨ ਵਿੱਚ ਪਾਸ ਕੀਤਾ ਗਿਆ ਹੈ, ਜੋ ਬਠਿੰਡਾ ਨੂੰ ਤਰੱਕੀ ਵੱਲ ਲੈ ਜਾਵੇਗਾ। ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ, ਪੀ.ਸੀ.ਏ. ਦੇ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ ਅਤੇ ਸਮੂਹ ਕੌਂਸਲਰਾਂ ਨੇ ਨਵੇਂ ਚੁਣੇ ਗਏ ਐਫ.ਐਂਡ.ਸੀ.ਸੀ. ਮੈਂਬਰਾਂ ਦਾ ਮੁੰਹ ਮਿੱਠਾ ਕਰਵਾਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਅੱਜ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਵੀ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।