Babushahi Special: ਚਿੱਟੇ ਤੇ ਕਾਲੀ ਥਾਰ ਵਾਲੀ ਪੁਲਿਸ ਮੁਲਾਜਮ : ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ
ਅਸ਼ੋਕ ਵਰਮਾ
ਬਠਿੰਡਾ,6 ਅਪ੍ਰੈਲ 2025:ਬਠਿੰਡਾ ਪੁਲਿਸ ਵੱਲੋਂ 17.71 ਗਰਾਮ ਚਿੱਟੇ ਨਾਲ ਗ੍ਰਿਫਤਾਰ ਬਰਖਾਸਤ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੋ ਵਾਰ ਪੁਲਿਸ ਰਿਮਾਂਡ ਤੇ ਰਹਿਣ ਦੇ ਬਾਵਜੂਦ ਜਾਂਚ ਟੀਮਾਂ ਲਈ ਬੁਝਾਰਤ ਬਣਦੀ ਜਾ ਰਹੀ ਹੈ ਜਿਸ ਨੂੰ ਬੁੱਝਣਾ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਹੈ। ਪੁਲਿਸ ਨੇ ਅੱਜ ਮੁੜ ਅਮਨਦੀਪ ਦਾ ਦੋ ਦਿਨ ਦਾ ਰਿਮਾਂਡ ਲਿਆ ਹੈ। ਖਾਕੀ ਵਰਦੀ ਦੀ ਆੜ ’ਚ ਤਸਕਰੀ ਕਰਦੀ ਆ ਰਹੀ ਅਮਨਦੀਪ ਦੀ ਗ੍ਰਿਫਤਾਰੀ ਅਸਾਨ ਨਹੀਂ ਸੀ ਕਿਉਂਕਿ ਉਹ ਖੁਦ ਨੂੰ ਆਈਪੀਐਸ ਅਧਿਕਾਰੀਆਂ ਦੀ ਚਹੇਤੀ ਦੱਸਕੇ ਬਚ ਜਾਂਦੀ ਰਹੀ ਹੈ। ਗ੍ਰਿਫਤਾਰੀ ਮੌਕੇ ਵੀ ਜਦੋਂ ਪੁਲਿਸ ਨੇ ਜਦੋਂ ਅਮਨਦੀਪ ਦੇ ਆਈਫੋਨ ਕਬਜੇ ’ਚ ਲਏ ਤਾਂ ਉਸ ਨੇ ਇੱਕ ਆਈਪੀਐਸ ਅਫਸਰ ਦਾ ਨਾਮ ਲੈਕੇ ਆਪਣੇ ਫੋਨ ਤੋਂ ਗੱਲ ਕਰਨ ਬਾਰੇ ਕਿਹਾ ਪਰ ਅਧਿਕਾਰੀਆਂ ਨੇ ਉਸ ਦੀ ਪੇਸ਼ ਨਾਂ ਚੱਲਣ ਦਿੱਤੀ।
ਹਾਲਾਂਕਿ ਪੁਲਿਸ ਅਧਿਕਾਰੀ ਜਾਂਚ ਪ੍ਰਭਾਵਿਤ ਹੋਣ ਦੇ ਡਰੋਂ ਹੁਣ ਤੱਕ ਦੀ ਤਫਤੀਸ਼ ਸਬੰਧੀ ਕੁੱਝ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਪਰ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰਕੇ ਬਠਿੰਡਾ ਪੁਲਿਸ ਨੇ ਇੱਕ ਤਰਾਂ ਨਾਲ ਮਾਰਕਾ ਹੀ ਮਾਰਿਆ ਹੈ। ਸੂਤਰ ਦੱਸਦੇ ਹਨ ਕਿ ਅਮਨਦੀਪ ਨੂੰ ਦੋ ਆਈਪੀਐਸ ਅਧਿਕਾਰੀਆਂ ਦਾ ਥਾਪੜਾ ਹਾਸਲ ਸੀ ਜਿਸ ਦੇ ਚੱਲਦਿਆਂ ਕਾਫੀ ਕੁੱਝ ਜਾਨਦੇ ਹੋਏ ਵੀ ਪੁਲਿਸ ਇਸ ਤੋਂ ਪਹਿਲਾਂ ਤੱਕ ਉਸ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੀ ਸੀ। ਅਮਨਦੀਪ ਨੂੰ ਗ੍ਰਿਫਤਾਰ ਕਰਨ ਦੀ ਯੋਜਨਾ ਐਟੀ ਨਾਰਕੋਟਿਕਸ ਟਾਸਕ ਫੋਰਸ ਨੇ ਬਣਾਈ ਸੀ ਜਿਸ ਦੇ ਮੁਖੀ ਆਈਪੀਐਸ ਅਫਸਰ ਨਿਲਾਂਭ ਕਿਸ਼ੋਰ ਹਨ ਜੋ ਡਿਊਟੀ ਦੇ ਮਾਮਲੇ ’ਚ ਫਰਜ਼ਸ਼ਨਾਸ਼ ਮੰਨੇ ਜਾਂਦੇ ਹਨ। ਉਨ੍ਹਾਂ ਹੀ ਅਮਨਦੀਪ ਨੂੰ ਦਬੋਚਣ ਲਈ ਮੋਹਾਲੀ ਤੋਂ ਵਿਸ਼ੇਸ਼ ਟੀਮ ਭੇਜੀ ਸੀ ਜਿਸ ਨੇ ਬਠਿੰਡਾ ਪੁਲਿਸ ਨਾਲ ਸਾਂਝੇ ਆਪਰੇਸ਼ਨ ਤਹਿਤ ਬਾਦਲ ਰੋਡ ਤੇ ਨਾਕਾ ਲਾਇਆ ਸੀ।
ਇੱਕ ਪੁਲਿਸ ਮੁਲਾਜਮ ਨੇ ਮੰਨਿਆ ਕਿ ਜੇਕਰ ਮੋਹਾਲੀ ਦੀ ਟੀਮ ਨਾਂ ਹੁੰਦੀ ਤਾਂ ਅਮਨਦੀਪ ਨੂੰ ਗ੍ਰਿਫਤਾਰ ਕਰਨਾ ਔਖਾ ਸੀ। ਇਸ ਮੌਕੇ ਥਾਣਾ ਸਦਰ ਬਠਿੰਡਾ ਦੇ ਐਸਐਚਓ ਵਜੋਂ ਕੰਮ ਕਰ ਰਹੇ ਸਿਖਲਾਈ ਅਧੀਨ ਆਈਪੀਐਸ ਅਧਿਕਾਰੀ ਅਨੁਭਵ ਜੈਨ ਵੀ ਸ਼ਾਮਲ ਸਨ ਜਿੰਨ੍ਹਾਂ ਕੋਲ ਕੁੱਝ ਕਰ ਦਿਖਾਉਣ ਦਾ ਇਹ ਸੁਨਹਿਰੀ ਮੌਕਾ ਸੀ ਜੋ ਉਨ੍ਹਾਂ ਗੁਆਇਆ ਨਹੀਂ। ਦਰਅਸਲ ਪੁਲਿਸ ਅਧਿਕਾਰੀ ਅਮਨਦੀਪ ਨੂੰ ਫੜ੍ਹਨ ਲਈ ਪਿਛਲੇ ਕਈ ਦਿਨਾਂ ਤੋਂ ਰਣਨੀਤੀ ਬਣਾ ਰਹੇ ਸਨ। ਬੁੱਧਵਾਰ ਨੂੰ ਮਿਲੀ ਪੱਕੀ ਸੂਚਨਾ ਦੇ ਅਧਾਰ ਤੇ ਪੁਲਿਸ ਦੀ ਸਪੈਸ਼ਲ ਟੀਮ ਨੇ ਭੱਜਣ ਕੋਸ਼ਿਸ਼ ਕਰਨ ਵਾਲੀ ਅਮਨਦੀਪ ਨੂੰ ਦਬੋਚ ਲਿਆ। ਅਮਨਦੀਪ ਤੋਂ ਐਸਐਸਪੀ ਬਠਿੰਡਾ ਅਤੇ ਚੰਡੀਗੜ੍ਹ ਦੀ ਟੀਮ ਨੇ ਪੁੱਛਗਿੱਛ ਕੀਤੀ ਪਰ ਉਸ ਨੇ ਸਵਾਲਾਂ ਦੇ ਸਹੀ ਜਵਾਬ ਨਹੀਂ ਦਿੱਤੇ। ਪੁਲਿਸ ਉਸ ਦੇ ਮੋਬਾਈਲ ਫੋਨ ਤੋਂ ਸੰਪਰਕਾਂ ਅਤੇ ਹੈਰੋਇਨ ਦੇ ਸੋਰਸ ਬਾਰੇ ਪਤਾ ਲਾਉਣ ਦੀ ਕੋਸ਼ਿਸ ਕਰ ਰਹੀ ਹੈ।
ਪਤਾ ਲੱਗਿਆ ਹੈ ਕਿ ਐਸਐਸਪੀ ਬਠਿੰਡਾ ਨੇ ਜਾਂਚ ਲਈ ਅਮਨਦੀਪ ਦਾ ਡਿਊਟੀ ਰਿਕਾਰਡ ਵੀ ਮੰਗਵਾਇਆ ਹੈ। ਪੁੱਛਗਿੱਛ ਦੌਰਾਨ ਅਮਨਦੀਪ ਨੇ ਮਹਿੰਗੀਆਂ ਐਨਕਾਂ ਅਤੇ ਕਾਰਾਂ ਤੋਹਫ਼ੇ ਵਜੋਂ ਮਿਲਣ ਅਤੇ ਇੱਕ ਨਿੱਜੀ ਕਲੋਨੀ ਵਿੱਚ ਪਲਾਟ ਬਾਰੇ ਇੰਕਸ਼ਾਫ ਕੀਤਾ ਹੈ । ਆਪਣੇ ਭਰਾ ਭਰਜਾਈ ਦੇ ਨਾਮ ’ਤੇ ਪਲਾਟ ਵੀ ਖਰੀਦੇ ਹਨ। ਆਪਣੀ ਪੁਰਾਣੀ ਥਾਰ ਕਾਰ ਇੱਕ ਪੁਲਿਸ ਕਰਮਚਾਰੀ ਦੇ ਜਵਾਈ ਨੂੰ ਵੇਚ ਕੇ ਇੱਕ ਨਵੀਂ ਥਾਰ ਖਰੀਦੀ ਸੀ। ਉਸਨੇ ਆਪਣੇ ਜੀਜੇ ਨੂੰ ਇੱਕ ਬੁਲੇਟ ਮੋਟਰਸਾਈਕਲ ਤੋਹਫ਼ੇ ਵਿੱਚ ਦਿੱਤਾ ਅਤੇ ਕੁੱਝ ਸਮਾਂ ਪਹਿਲਾਂ ਉਸ ਨੇ ਮਹਿੰਗੇ ਸੋਨੇ ਦੇ ਗਹਿਣੇ ਵੀ ਖਰੀਦੇ ਹਨ। ਅਮਨਦੀਪ ਕੋਲ ਇਸ ਵੇਲੇ ਇੱਕ ਥਾਰ ਅਤੇ ਇੱਕ ਵਰਨਾ ਕਾਰ ਹੈ। ਸੂਤਰਾਂ ਮੁਤਾਬਕ ਉਸ ਦੇ ਨਾਮ ’ਤੇ ਬਿਨਾਂ ਪ੍ਰਵਾਨਗੀ ਦੇ ਖਰੀਦੇ ਦੋ ਪਲਾਟ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਕੋਠੀ ਨਾਲ ਵਿਵਾਦ ਜੁੜੇ
ਭਾਵੇਂ ਪੁਲਿਸ ਡੂੰਘਾਈ ਨਾਲ ਤਫਤੀਸ਼ ਬਾਰੇ ਕਹਿ ਰਹੀ ਹੈ ਪਰ ਉਸ ਦੀ ਵਿਰਾਟ ਗ੍ਰੀਨ ਕਲੋਨੀ ਵਿਚਲੀ ਕੋਠੀ ਨੰਬਰ168 ਨਾਲ ਵੀ ਵਿਵਾਦ ਜੁੜੇ ਹਨ। ਇਹ ਕੋਠੀ ਉਸ ਦੇ ਮੁਕਤਸਰ ਵਾਸੀ ਕਿਸੇ ਦੋਸਤ ਸੀ। ਸੂਤਰਾਂ ਮੁਤਾਬਕ ਉਸ ਨੇ ਬਲਾਤਕਾਰ ਦੇ ਕੇਸ ’ਚ ਆਪਣੇ ਦੋਸਤ ਨੂੰ ਅੰਦਰ ਕਰਵਾ ਦਿੱਤਾ । ਹੁਣ ਇਸ ਕੋਠੀ ਤੇ ਅਮਨਦੀਪ ਕਬਜਾ ਕਰਕੇ ਰਹਿ ਰਹੀ ਹੈ। ਸ਼ੁਰੂਆਤ ’ਚ ਇਹ ਕੋਠੀ ਕਰੀਬ 50 ਲੱਖ ਦੀ ਸੀ ਜਿਸਦੀ ਕੀਮਤ ਹੁਣ ਦੋ ਕਰੋੜ ਤੋਂ ਉੱਪਰ ਚਲੀ ਗਈ ਹੈ।
ਇੰਸਟਾ ਸਟਾਰ ਬਣੀ ਅਮਨਦੀਪ
ਬਰਖਾਸਤ ਹੈਡ ਕਾਂਸਟੇਬਲ ਚਰਚਾ ’ਚ ਆਉਣ ਤੋਂ ਬਾਅਦ ਇੰਸਟਗਰਾਮ ਤੇ ਸਟਾਰ ਬਣਦੀ ਨਜ਼ਰ ਆ ਰਹੀ ਹੈ। ਆਪਣੀ ਗ੍ਰਿਫਤਾਰੀ ਮੌਕੇ ਅਮਨਦੀਪ ਦੇ 29 ਹਜ਼ਾਰ ਫਾਲੋਅਰ ਸਨ ਜੋ ਐਤਵਾਰ ਤੱਕ 75 ਹਜ਼ਾਰ ਹੋ ਗਏ ਹਨ ਅਤੇ ਇਹ ਹਰ ਘੰਟੇ ਲਗਾਤਾਰ ਵਧ ਰਹੀ ਹੈ। ਅਮਨਦੀਪ ਦੀਆਂ ਰੀਲ੍ਹਾਂ ਤੇ ਲੋਕ ਭੱਦੇ ਭੱਦੇ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ ਹੈ ‘ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਥਾਰ ਰੱਖੀ ਹੈ ਚਿੱਟਾ ਵੇਚਣ ਨੂੰ। ਇੱਕ ਲਿਖਦਾ ਹੈ ਕਿ ਰਾਵਣ ਚਾਹੇ ਲੱਖ ਬੁਰਾ ਸੀ ਪਰ ਉਸ ਨੇ ਥਾਰ ’ਚ ਚਿੱਟਾ ਨਹੀਂ ਵੇਚਿਆ ਸੀ।
ਬਠਿੰਡਾ ਕਿੰਜ ਆਈ ਅਫਸਰ ਚੁੱਪ
ਅਮਨਦੀਪ ਕੌਰ ਦੀ ਡਿਊਟੀ ਮਾਨਸਾ ’ਚ ਸੀ ਪਰ ਉਸ ਨੂੰ ਕਿਸੇ ਵੱਡੇ ਅਧਿਕਾਰੀ ਦੀ ਸਿਫਾਰਿਸ਼ ਤੇ ਬਠਿੰਡਾ ਅਟੈਚ ਕੀਤਾ ਹੋਇਆ ਸੀ। ਇੱਕ ਤੋਂ ਦੂਸਰੇ ਜਿਲ੍ਹੇ ’ਚ ਡੀਆਈਜੀ ਭੇਜ ਸਕਦਾ ਹੈ। ਅਮਨਦੀਪ ਨੂੰ ਬਠਿੰਡਾ ਕਿਸ ਦੇ ਹੁਕਮਾਂ ਤੇ ਭੇਜਿਆ ਗਿਆ ਅਫਸਰ ਇਸ ਸਬੰਧੀ ਚੁੱਪ ਹਨ। ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਅਮਨਦੀਪ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਏਗੀ।