ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਲੋਕ ਰੰਗ ਮੰਚ (ਰਜਿ.) ਅਬੋਹਰ ਵੱਲੋਂ ਮਿਲ ਬੈਠਣ ਦੀ ਸਾਂਝ ਸਮਾਗਮ ਕਰਵਾਇਆ ਗਿਆ
ਅਬੋਹਰ 2 ਅਪ੍ਰੈਲ 2025 - ਲੋਕ ਰੰਗ ਮੰਚ (ਰਜਿ.) ਅਬੋਹਰ ਵੱਲੋਂ ਮਿਲ ਬੈਠਣ ਦੀ ਸਾਂਝ ਸਮਾਗਮ ਦੇ ਤਹਿਤ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ “ਰੰਗਮੰਚ ਦੀ ਸਮਾਜ ਨੂੰ ਦੇਣ” ਵਿਸ਼ੇ ਸਬੰਧੀ ਡਾ. ਇਕਬਾਲ ਸਿੰਘ ਗੋਦਾਰਾ ਅਤੇ ਰੰਗਕਰਮੀ ਵਿਕਾਸ ਬਤੱਰਾ ਮੁੱਖ ਵਕਤਾ ਵਜੋਂ ਪਹੁੰਚੇ। ਸ਼੍ਰੀ ਰਾਜਿੰਦਰ ਮਾਜ਼ੀ (ਸੰਪਾਦਕ ਮੇਲਾ ਅਤੇ ਕਨਵੀਨਰ ਲੋਕ ਰੰਗ ਮੰਚ) ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਇਲਾਕੇ ਦੀਆਂ ਕਲਾ, ਸਾਹਿਤ ਤੇ ਰੰਗਮੰਚੀ ਗਤੀਵਿਧੀਆਂ ਦਾ ਜ਼ਿਕਰ ਕੀਤਾ।
ਡਾ. ਇਕਬਾਲ ਸਿੰਘ ਗੋਦਾਰਾ ਨੇ ਕਿਹਾ ਕਿ ਪੰਜਾਬੀ ਰੰਗਮੰਚ ਇਕ ਸਦੀ ਤੋਂ ਵੱਧ ਦਾ ਗੌਰਵਮਈ ਇਤਿਹਾਸ ਰੱਖਦਾ ਹੈ ਜਿਸ ਵਿੱਚ ਸਮਾਜਿਕ ਲਹਿਰਾਂ ਦੇ ਨਾਲ ਨਾਲ ਇਪਟਾ, ਸ .ਗੁਰਸ਼ਰਨ ਸਿੰਘ ਅਤੇ ਅਜੋਕੇ ਰੰਗਕਰਮੀਆਂ ਦਾ ਵੱਡਾ ਯੋਗਦਾਨ ਹੈ ਅਤੇ ਅੱਜ ਦੇ ਸਮੇਂ ਵਿੱਚ ਰੰਗਮੰਚ ਤਕਨੀਕ ਤੇ ਕਲਾ ਰਾਹੀ ਲੋਕਾਂ ਤੇ ਸਮਾਜ ਨੂੰ ਜੋੜਨ ਦਾ ਕਾਰਜ ਕਰ ਰਿਹਾ ਹੈ। ਰੰਗਕਰਮੀ ਵਿਕਾਸ ਬੱਤਰਾ ਨੇ ਕਿਹਾ ਕਿ ਰੰਗਮੰਚ ਕਈ ਕਲਾਵਾਂ ਦਾ ਸੁਮੇਲ ਹੇ ਤੇ ਇਸ ਦੇ ਨਾਲ ਸਮਾਜਿਕ ਮੁੱਦਿਆਂ ’ਤੇ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਸਕਦਾ ਹੈ। ਉਨ੍ਹਾਂ ਅਬੋਹਰ ਦੇ ਰੰਗਮੰਚ ਇਤਹਾਸ 'ਤੇ ਵੀ ਚਾਨਣਾ ਪਾਇਆ। ਇਸ ਮੌਕੇ ਤੇ ਨਟਰੰਗ ਅਬੋਹਰ ਦੇ " ਜਨਕ "ਨਾਟਕ ਦੇ ਲੇਖਕ ਕਸ਼ਮੀਰ ਲੂਣਾ ਅਤੇ ਨਿਰਦੇਸ਼ਕ ਹਨੀ ਉਤਰੇਜਾ ਨੂੰ ਵੀ ਲੋਕ ਰੰਗ ਮੰਚ( ਰਜਿ. ) ਅਬੋਹਰ ਵੱਲੋਂ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਦੂਸਰੇ ਸ਼ੈਸਨ ਕਵੀ ਦਰਬਾਰ ਤੇ ਸੰਗੀਤਕ ਮਹਿਫ਼ਲ ਦਾ ਆਗਾਜ਼ ਡਾ. ਸਨਮਾਨ ਮਾਜ਼ੀ ਵੱਲੋਂ ਗਾਏ ਗੀਤ ਨਾਲ ਕੀਤਾ। ਇਸ ਸੈਸ਼ਨ ਵਿੱਚ ਨਿਰਮਲ ਦਿਓਲ, ਕੁਸ਼ਲਦੀਪ ਚਹਿਲ, ਅਸੀਮ ਵਾਟਸ, ਅਜਮੇਰ ਬਰਾੜ, ਜਸਬੀਰ ਸੇਖੋਂ, ਕੁਲਵਿੰਦਰ ਸਿੰਘ ,ਗੁਰਜੰਟ ਬਰਾੜ ਨੇ ਗੀਤਾਂ ਤੇ ਕਵਿਤਾਵਾਂ ਨਾਲ ਰੰਗ ਬੰਨ੍ਹਿਆ। ਇਸ ਮੌਕੇ ਤੇ ਚਿੱਤਰਕਾਰ ਤਰਸੇਮ ਰਾਹੀ, ਡਾ.ਗੁਰਰਾਜ ਚਹਿਲ ,ਪਰਮਿੰਦਰ ਸਿੰਘ, ਰਵਿੰਦਰ ਗਿਲਹੋਤਰਾ, ਅਜੇਨਾਗਪਲ, ਡਾ. ਨਵੀਨ ਸੇਠੀ, ਡਾ. ਵਨੀਤ ਲੂਣਾ, ਕੁਲਵੰਤ ਸ਼ਰਮਾ ,ਸੰਦੀਪ ਸ਼ਰਮਾ ਗੋਰਾ, ਅਨਿਲ ਵਿਜ, ਸੁਖਦੇਵ ਸਿੰਘ, ਸੰਜੇ ਚਾਨਣਾ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਣ ਭੁਪਿੰਦਰ ਉਤਰੇਜਾ ਜ਼ਿਲ੍ਹਾ ਭਾਸ਼ਾ ਅਫ਼ਸਰ ਫਾਜ਼ਿਲਕਾ ਅਤੇ ਅਜ਼ਮੇਰ ਬਰਾੜ (ਮਲੋਟ) ਵੱਲੋਂ ਕੀਤਾ ਗਿਆ।