ਪੰਜਾਬ ਸਿੱਖਿਆ ਕ੍ਰਾਂਤੀ ਵਿੱਚ ਨਵੀਆਂ ਪੁਲਾਂਘਾ ਪੁੱਟ ਰਿਹਾ ਹੈ :- ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
- ਪੰਜਾਬ ਸਰਕਾਰ ਨੇ ਬਜਟ ਵਿੱਚ ਸਿੱਖਿਆ ਲਈ 17,762 ਕਰੋੜ ਰੁਪਏ ਰੱਖੇ ਹਨ
- ਕੈਬਨਿਟ ਮੰਤਰੀ ਸੌਂਦ ਵੱਲੋਂ ਹਲਕਾ ਖੰਨਾ ਦੇ 6 ਸਰਕਾਰੀ ਸਕੂਲਾਂ ਵਿਚ 79.85 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 56 ਹਜ਼ਾਰ ਨੌਕਰੀਆਂ ਦੇ ਚੁੱਕੀ ਹੈ
ਸੁਖਮਿੰਦਰ ਭੰਗੂ
ਖੰਨਾ (ਲੁਧਿਆਣਾ), 7 ਅਪ੍ਰੈਲ 2025
ਬਦਲਦੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਹੁਣ ਹਰ ਪਾਸੇ ਨਜ਼ਰ ਆ ਰਹੀ ਹੈ, "ਪੰਜਾਬ ਸਿੱਖਿਆ ਕ੍ਰਾਂਤੀ" ਵਿੱਚ ਨਵੀਆ ਪੁਲਾਘਾ ਪੁੱਟ ਰਿਹਾ ਹੈ। ਪੰਜਾਬ ਸਰਕਾਰ ਨੇ ਬਜਟ ਵਿੱਚ ਸਿੱਖਿਆ ਲਈ 17,762 ਕਰੋੜ ਰੁਪਏ ਰੱਖੇ ਹਨ। ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਸੂਬਾ ਸਰਕਾਰ ਇਹ ਯਕੀਨੀ ਬਣਾਉਣ ਲਈ ਵਿਦਿਅਕ ਢਾਂਚੇ ਵਿੱਚ ਨਿਰੰਤਰ ਸੁਧਾਰ ਕਰ ਰਹੀ ਹੈ ਕਿ ਹਰੇਕ ਬੱਚੇ, ਭਾਵੇਂ ਪਿਛੋਕੜ ਦਾ ਕੋਈ ਵੀ ਹੋਵੇ, ਮਿਆਰੀ ਸਿੱਖਿਆ ਪ੍ਰਾਪਤ ਕਰ ਸਕੇ।
ਇਹ ਪ੍ਰਗਟਾਵਾ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੋਮਵਾਰ ਨੂੰ ਹਲਕਾ ਖੰਨਾ ਦੇ ਸਰਕਾਰੀ ਮਿਡਲ ਸਕੂਲ ਰਹੋਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਹੇੜੀ, ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ, ਸਰਕਾਰੀ ਮਿਡਲ ਸਕੂਲ ਗੋਹ, ਸਰਕਾਰੀ ਪ੍ਰਾਇਮਰੀ ਸਕੂਲ ਗੋਹ ਅਤੇ ਸਰਕਾਰੀ ਮਿਡਲ ਸਕੂਲ ਰਤਨਹੇੜੀ ਦੇ 79.85 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਕੈਬਨਿਟ ਮੰਤਰੀ ਨੇ ਹਲਕਾ ਖੰਨਾ ਦੇ ਜਿਹੜੇ 6 ਸਕੂਲਾਂ ਵਿਚ ਪਹੁੰਚ ਕੇ ਉੱਥੇ ਹੋਏ ਕੰਮਾਂ ਦਾ ਉਦਘਾਟਨ ਕੀਤਾ ਹੈ ਜਿਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਰਹੌਣ ਦੇ ਸਰਕਾਰੀ ਮਿਡਲ ਸਕੂਲ ਵਿੱਚ 19 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਕਰਵਾਈ ਗਈ ਹੈ। ਇਸ ਤੋਂ ਇਲਾਵਾ ਬਾਥਰੂਮ ਦੀ ਪੂਰੀ ਤਿਆਰੀ ਅਤੇ ਕੁਝ ਮੁਰੰਮਤ ਦਾ ਕੰਮ ਸੀ, ਉਸ ਤੇ 1 ਲੱਖ ਰੁਪਏ ਖਰਚ ਕੀਤਾ ਗਿਆ ਹੈ।ਲਲਹੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦੋ ਵੱਡੇ ਕਲਾਸ ਰੂਮ 15 ਲੱਖ 2 ਹਜ਼ਾਰ ਰੁਪਏ ਖਰਚ ਹੋਏ ਹਨ। ਦੋ ਅਧੁਨਿਕ ਲੈਬ ਬਣਾਈਆਂ ਗਈਆਂ ਹਨ ਜਿਨ੍ਹਾਂ ਤੇ 15 ਲੱਖ 2 ਹਜ਼ਾਰ ਰੁਪਏ ਖਰਚ ਹੋਏ ਹਨ। ਇੱਥੇ ਲੜਕੀਆਂ ਲਈ ਨਵੇਂ ਬਾਥਰੂਮ ਬਣਾਏ ਗਏ ਹਨ ਜਿਹਨਾਂ ਉੱਤੇ 1.5 ਲੱਖ ਰੁਪਏ ਖਰਚ ਹੋਏ ਹਨ। ਪਿੰਡ ਮਲਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਾਥਰੂਮ ਲਈ 1.66 ਲੱਖ ਰੁਪਏ ਖਰਚ ਹੋਏ ਹਨ। ਰਤਨਹੇੜੀ ਦੇ ਸਰਕਾਰੀ ਮਿਡਲ ਸਕੂਲ ਵਿੱਚ ਤਿੰਨ ਵੱਡੇ ਕਲਾਸ ਰੂਮ ਬਣਾਏ ਗਏ ਹਨ ਜਿਹਨਾਂ ਤੇ 18.50 ਲੱਖ ਰੁਪਏ ਖਰਚ ਹੋਏ ਹਨ। ਪਿੰਡ ਗੋਹ ਦੇ ਸਰਕਾਰੀ ਮਿਡਲ ਸਕੂਲ ਦੀ 4.75 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਕਰਵਾਈ ਗਈ ਹੈ। ਇਸ ਤੋਂ ਇਲਾਵਾ 1.40 ਲੱਖ ਰੁਪਏ ਬਾਥਰੂਮ ਉੱਤੇ ਖਰਚ ਹੋਏ ਹਨ। ਪਿੰਡ ਗੋਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 2 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਦਾ ਕੰਮ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਮੁਕਾਬਲੇਬਾਜੀ ਦੇ ਦੌਰ ਵਿੱਚ ਕਾਨਵੈਂਟ ਤੇ ਮਾਡਲ ਸਕੂਲਾਂ ਨੂੰ ਮਾਤ ਪਾ ਰਹੇ ਸਰਕਾਰੀ ਸਕੂਲ ਹੁਣ ਵਿਦਿਆਰਥੀਆਂ ਦੇ ਮਾਪਿਆਂ ਦੀ ਪਹਿਲੀ ਪਸੰਦ ਬਣ ਰਹੇ ਹਨ।
ਸ੍ਰੀ ਸੌਂਦ ਨੇ ਦੱਸਿਆ ਕਿ ਸਾਡੀ ਸਰਕਾਰ ਵੱਲੋਂ 12500 ਕੱਚੇ ਅਧਿਆਪਕ ਪੱਕੇ ਕੀਤੇ ਗਏ ਅਤੇ 20 ਹਜ਼ਾਰ ਨਵੇਂ ਅਧਿਆਪਕਾ ਦੀ ਭਰਤੀ ਸ਼ੁਰੂ ਕੀਤੀ ਗਈ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਲੜਕੇ/ਲੜਕੀਆਂ ਨੂੰ ਹੁਣ ਤੱਕ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 56 ਹਜ਼ਾਰ ਨੌਕਰੀਆਂ ਦੇ ਚੁੱਕੀ ਹੈ ਜਿਸ ਅਨੁਸਾਰ ਇੱਕ ਸਾਲ ਦੀ 18 ਹਜ਼ਾਰ ਦੀ ਅਨੁਪਾਤ ਬਣ ਰਹੀ ਹੈ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਇਹ ਅਨੁਪਾਤ 9 ਤੋਂ 10 ਹਜ਼ਾਰ ਮਸਾਂ ਹੀ ਬਣਦੀ ਸੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹਨਾਂ ਸਕੂਲਾਂ ਦੀ ਹਰ ਜਰੂਰਤ ਨੂੰ ਤਰਜੀਹ ਦੇ ਆਧਾਰ ਉਤੇ ਪੂਰਾ ਕਰਵਾਇਆ ਜਾ ਰਿਹਾ ਹੈ ਅਤੇ ਵਿਦਿਆਰਥੀ ਨਾ ਕੇਵਲ ਪੜ੍ਹਾਈ ਬਲਕਿ ਖੇਡਾਂ ਅਤੇ ਸਭਿਆਚਾਰਕ ਮੁਕਾਬਲਿਆਂ ਵਿੱਚ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਬਣਾ ਕੇ ਵਿਦਿਆਰਥੀ ਵਰਗ ਨੂੰ ਤਰਾਸ਼ਣ ਲਈ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ ਅਤੇ ਇੱਥੇ ਪੜਨ ਵਾਲੇ ਸੈਂਕੜੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ।
ਸ੍ਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਭਰ ਵਿੱਚ ਨਵੇਂ ਸਕੂਲਾਂ ਦੇ ਉਦਘਾਟਨਾਂ ਦੀ ਇੱਕ ਲੜੀ ਦੇ ਨਾਲ ਵਿਕਾਸ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੋਈ ਹੈ, ਜੋ ਅਗਲੇ ਸਮੇਂ ਤੱਕ ਜਾਰੀ ਰਹੇਗੀ। ਉਨ੍ਹਾਂ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਨਵੀਨਤਾਕਾਰੀ ਵਿਚਾਰ ਪੈਦਾ ਕਰਨ ਵਿੱਚ ਨਾਗਰਿਕਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਵੀ ਚਾਨਣਾ ਪਾਇਆ।