ਦੁੱਲਾ ਭੱਟੀ ਦੇ ਸ਼ਹੀਦੀ ਦਿਹਾੜੇ ਅੰਤਰਾਸ਼ਟਰੀ ਪੱਧਰ ਦੀ ਸੰਸਥਾ ‘ਯੁਨਾਇਟਡ ਪੰਜਾਬੀਜ਼ ਆਰਗੇਨਾਈਜੇਸ਼ਨ‘ ਦਾ ਉਦਘਾਟਨ
ਚੰਡੀਗੜ੍ਹ, 27 ਮਾਰਚ 2025 - ਸਾਂਝੇ ਪੰਜਾਬ ਦੇ ਨਾਇਕ ਦੁੱਲਾ ਭੱਟੀ ਦੇ ਸ਼ਹੀਦੀ ਦਿਹਾੜੇ ਮੌਕੇ ਮਿਤੀ 26ਮਾਰਚ 2025 ਨੂੰ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਅੰਤਰਾਸ਼ਟਰੀ ਪੱਧਰ ਦੀ ਸੰਸਥਾ ‘ ਯੁਨਾਇਟਡ ਪੰਜਾਬੀਜ਼ ਆਰਗੇਨਾਈਜੇਸ਼ਨ ‘ ਦਾ ਜ਼ੂਮ ਮੀਟਿੰਗ ਰਾਹੀਂ ਉਦਘਾਟਨ ਕੀਤਾ ਗਿਆ ।
ਇਸ ਵਿੱਚ ਵਿਸ਼ਵ ਭਰ ਦੇ ਉੱਘੇ ਪੰਜਾਬੀ ਲੇਖਕਾਂ , ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ , ਜਿਹਨਾਂ ਵਿੱਚ ਬਰਤਾਨੀਆਂ ਤੋਂ ਨਾਮਵਰ ਸੀਨੀਅਰ ਲੇਖਕ ਰਣਜੀਤ ਧੀਰ , ਆਕਸਫੋਰਡ ਯੁਨੀਵਰਸਟੀ ਦੀ ਪਾਕਿਸਤਾਨ ਮੂਲ ਦੀ ਚਿੰਤਕ ਅਤੇ ਸੱਭਿਆਚਾਰਕ ਕਰਮੀ ਨੁਜ਼ਹਤ ਅੱਬਾਸ , ਪੰਜਾਬੀ ਲੇਖਿਕਾ ਅਤੇ ਦੇਸੀ ਰੇਡੀਓ ਯੂ ਕੇ ਦੀ ਕਰਮੀ ਕੁਲਵੰਤ ਕੌਰ ਢਿੱਲੋਂ , ਕਨੇਡਾ ਤੋਂ ਨਾਮਵਰ ਸ਼ਾਇਰ ਕਵਿੰਦਰ ਚਾਂਦ , ਸ਼ਾਇਰਾ ਪਰਮਜੀਤ ਦਿਓਲ , ਅਮਰੀਕਾ ਤੋਂ ਕ੍ਰਾਂਤੀਕਾਰੀ ਸ਼ਾਇਰ ਸੁਖਵਿੰਦਰ ਕੰਬੋਜ ,ਉੱਘੇ ਸਾਇੰਸਦਾਨ ਅਤੇ ਨਾਵਲਕਾਰ ਰਸ਼ਪਾਲ ਸਹੋਤਾ , ਪ੍ਰੋ. ਦਵਿੰਦਰ ਕੌਰ ,ਪਾਕਿਸਤਾਨ ਤੋਂ ਚਿੰਤਕ ਅਤੇ ਸ਼ਾਹਮੁਖੀ ਪੰਜਾਬੀ ਦੇ ਅਖਬਾਰ ‘ ਭੁਲੇਖਾ ‘ ਦੇ ਚੀਫ ਐਡੀਟਰ ਜਨਾਬ ਮੁਦੱਸਰ ਇਕਬਾਲ ਬੱਟ, ਪ੍ਰੋ. ਕਲਿਆਣ ਸਿੰਘ ਕਲਿਆਣ , ਚੜ੍ਹਦੇ ਪੰਜਾਬ ਤੋਂ ਜੰਗ ਬਹਾਦਰ ਗੋਇਲ , ਬੜੌਦਾ ਯੁਨੀ. ਦੇ ਪ੍ਰੋ. ਰਾਜਕੁਮਾਰ ਹੰਸ , ਦਿੱਲੀ ਤੋਂ ਲੇਖਕ ਅਤੇ ਮੀਡੀਆ ਸ਼ਖਸ਼ੀਅਤ ਪ੍ਰਮੋਦ ਫਾਵਾ ਜੀ ਅਤੇ ਇਸ ਸੰਸਥਾ ਦੇ ਫਾਊਂਡਰ ਹਰਵਿੰਦਰ ਸਿੰਘ ਨੇ ਭਾਗ ਲਿਆ।ਪ੍ਰੋ. ਗੁਰਭਜਨ ਗਿੱਲ ਸਿਹਤ ਕਾਰਨਾਂ ਕਰਕੇ ਅਤੇ ਉੱਘੇ ਚਿੰਤਕ ਮਨਮੋਹਨ, ਪਿਆਰੇ ਲਾਲ ਗਰਗ ਅਤੇ ਪਾਕਿਸਤਾਨ ਦੀ ਨਾਮਵਰ ਲੇਖਿਕਾ ਅਤੇ ਸੱਭਿਆਚਾਰਿਕ ਕਾਰਕੁਨ ਸੁਗਰਾ ਸਦਫ ਜੀ ਅਗਾਊਂ ਨਿਰਧਾਰਤ ਮਸ਼ਰੂਫ਼ੀਅਤ ਕਰਕੇ ਹਾਜ਼ਰ ਨਹੀਂ ਹੋ ਸਕੇ ਅਤੇ ਉਨ੍ਹਾਂ ਆਪਣੀਆਂ ਸ਼ੁਭ ਕਾਮਨਾਵਾਂ ਅਤੇ ਸੰਸਥਾ ਨੂੰ ਸਹਿਯੋਗ ਦੇਣ ਦਾ ਯਕੀਨ ਦਿਵਾਇਆ ਹੈ।

ਇਸ ਮੌਕੇ ਇਸ ਸੰਸਥਾ ਦੇ ਸੰਸਥਾਪਕ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਦੀ ਸਥਾਪਤੀ ਦਾ ਮੰਤਵ ਇੱਕ ਅਜਿਹਾ ਅੰਤਰਰਾਸ਼ਟਰੀ ਸਾਂਝਾ ਮੁਹਾਜ਼ ਤਿਆਰ ਕਰਨਾ ਹੈ ਜੋ ਸੂਫ਼ੀਆਂ , ਗੁਰੂਆਂ ਅਤੇ ਭਗਤਾਂ ਦੀ ਉਸਾਰੀ ਮਾਨਵਵਾਦੀ ਅਤੇ ਕਾਇਨਾਤੀ ਵਿਚਾਰਧਾਰਾ ‘ਪੰਜਾਬੀਅਤ’ ਅਨੁਸਾਰ ਮਨੁੱਖੀ ਭਾਈਚਾਰਾ ,ਸ਼ਾਂਤੀ ਅਤੇ ਮਾਨਵੀ ਕਦਰਾਂ ਕੀਮਤਾਂ ਮਜ਼ਬੂਤ ਕਰਨ ਲਈ ਕਾਰਜ ਕਰਨੇ ਅਤੇ ਪੰਜਾਬ ਅਤੇ ਪੰਜਾਬੀ ਦੀ ਸਲਾਮਤੀ ਲਈ ਉਪਰਾਲੇ ਕਰੇਗਾ। ਨਵੀਂ ਨਸਲ ਨੂੰ ਆਪਣੇ ਗੌਰਵਮਈ ਵਿਰਸੇ ਅਤੇ ਬੋਲੀ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕਰਨ ਦੀ ਤਜਵੀਜ਼ ਹੈ । ਸੰਸਥਾ ਵੱਲੋਂ ਸਮੁੱਚੇ ਕਾਰਜ ਉਲੀਕਣ ਅਤੇ ਅਮਲ ਵਿੱਚ ਲਿਆਉਣ ਲਈ ਮਾਹਰਾਂ ਦੇ ਵਿਸ਼ੇਸ਼ ਵਰਕਿੰਗ ਗਰੁੱਪ ਬਣਾਏ ਜਾਣਗੇ।