'ਇੱਕ ਸੁਪਨਾ' ਪੁਸਤਕ 'ਤੇ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ ਨਾਲ ਸਾਹਿਤਕ ਰੰਗ 'ਚ ਰੰਗਿਆ ਗਿਆ ਮਾਹੌਲ
- ਵਿਲੱਖਣ ਪੈੜਾਂ ਸਿਰਜ ਗਿਆ ਸਾਹਿਤਕ ਸਮਾਗਮ
ਰੋਹਿਤ ਗੁਪਤਾ
ਦੀਨਾਨਗਰ/ਗੁਰਦਾਸਪੁਰ, 11 ਮਾਰਚ 2025 - ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਦੀਨਾਨਗਰ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ, ਗੁਰਦਾਸਪੁਰ ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਸ਼ਾਂਤੀ ਦੇਵੀ ਆਰੀਆ ਮਹਿਲਾ, ਕਾਲਜ ਦੀਨਾਨਗਰ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕਰਵਾਇਆ ਗਿਆ ਜੋ ਕਿ ਵਿਲੱਖਣ ਪੈੜਾਂ ਸਿਰਜ ਗਿਆ। ਇਸ ਸਮਾਰੋਹ 'ਚ ਵੱਡੀ ਗਿਣਤੀ 'ਚ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ।
ਸਮਾਗਮ ਦਾ ਆਗਾਜ਼ ਸ਼ਮ੍ਹਾ ਰੌਸ਼ਨ ਕਰਨ ਨਾਲ ਕੀਤਾ ਗਿਆ। ਇਸ ਉਪਰੰਤ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗਮਲੇ ਦੇ ਕੇ 'ਜੀ ਆਇਆ' ਨੂੰ ਆਖਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਸਰਲਾ ਨਿਰੰਕਾਰੀ ਜੀ ਨੇ ਆਏ ਮਹਿਮਾਨਾਂ ਨੂੰ ਸਵਾਗਤੀ ਬੋਲਾਂ ਨਾਲ ਉਨ੍ਹਾਂ ਦੀ ਆਮਦ ਨੂੰ ਸੁਭਾਗਾ ਦੱਸਦਿਆਂ ਕਿਹਾ ਕਿ ਸਾਡੀ ਨਵੀਂ ਪੀੜ੍ਹੀ ਲਈ ਇਸ ਤਰ੍ਹਾਂ ਦੇ ਸਮਾਗਮ ਸਮੇਂ ਦੀ ਵੱਡੀ ਲੋੜ ਹਨ ਤੇ ਇਸ ਤਰ੍ਹਾਂ ਦੇ ਸਮਾਗਮਾਂ ਨਾਲ ਹੀ ਨਵੀਂ ਪੀੜ੍ਹੀ ਨੂੰ ਭਾਸ਼ਾ, ਸਭਿਆਚਾਰ ਤੇ ਵਿਰਸੇ ਨਾਲ ਜੋੜਿਆ ਜਾ ਸਕਦਾ ਹੈ। ਇਸ ਸਮਾਗਮ ਦੇ ਪਹਿਲੇ ਸੈਸ਼ਨ 'ਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਤੇ ਅਦਾਰਾ 'ਰੂਪਾਂਤਰ' ਦੇ ਸੰਪਾਦਕ ਸ. ਧਿਆਨ ਸਿੰਘ ਸ਼ਾਹ ਸਿਕੰਦਰ ਹੋਰਾਂ ਦੀ ਪੁਸਤਕ 'ਇੱਕ ਸੁਪਨਾ' 'ਤੇ ਵਿਚਾਰ-ਗੋਸ਼ਟੀ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਪ੍ਰੋ. ਬਲਦੇਵ ਸਿੰਘ ਬੱਲੀ, ਡਾ. ਅਸ਼ੋਕ ਹਸਤੀਰ, ਨਰੇਸ਼ ਨਿਰਗੁਣ ਡਾ. ਸਰਲਾ ਨਿਰੰਕਾਰੀ ਤੇ ਪਾਲ ਗੁਰਦਾਸਪੁਰੀ ਜੀ ਨੇ ਕੀਤੀ।
ਗੋਸ਼ਟੀ ਦਾ ਪ੍ਰਾਰੰਭ ਪ੍ਰੋ. ਬਲਦੇਵ ਸਿੰਘ ਬੱਲੀ ਹੋਰਾਂ ਵੱਲੋਂ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਕਿਤਾਬ 'ਇੱਕ ਸੁਪਨਾ' ਦੇ ਹਰ ਪੱਖ ਨੂੰ ਬਹੁਤ ਭਾਵਪੂਰਤ ਤੇ ਸਾਰਥਿਕ ਢੰਗ ਨਾਲ ਵਿਚਾਰਿਆ। ਉਨ੍ਹਾਂ ਨੇ ਵਿਸ਼ਵ ਪੱਧਰ 'ਤੇ ਪੈਦਾ ਹੋਈਆਂ ਪ੍ਰਸਥਿਤੀਆਂ ਦੇ ਪ੍ਰਸੰਗ ਵਿੱਚ 'ਇੱਕ ਸੁਪਨਾ' ਕਿਤਾਬ ਦੀ ਸਾਰਥਕਤਾ ਨੂੰ ਇੰਨੇ ਸੋਹਣੇ ਢੰਗ ਨਾਲ ਪੇਸ਼ ਕੀਤਾ ਕਿ ਸਭ ਸੁੰਨ ਹੋ ਕੇ ਸੁਣਦੇ ਰਹੇ। ਇਸ ਉਪਰੰਤ ਡਾ. ਸੰਦੀਪ ਕੌਰ ਨੇ ਆਪਣੇ ਖੋਜ ਭਰਪੂਰ ਤੇ ਭਾਵਪੂਰਤ ਪੇਪਰ 'ਚ ਇਸ ਕਿਤਾਬ ਨੂੰ ਮਾਨਵਤਾ ਦੇ ਭਲੇ ਦਾ ਦਸਤਾਵੇਜ਼ ਕਿਹਾ। ਪ੍ਰੋ. ਰਮਨ ਕੁਮਾਰ ਦਾ ਪੇਪਰ ਉਨ੍ਹਾਂ ਦੀ ਸ਼ਰੀਕ-ਏ-ਹਯਾਤ ਪ੍ਰੋ. ਬੇਵੀ ਹੋਰਾਂ ਵੱਲੋਂ ਪੜ੍ਹਿਆ ਗਿਆ ਜਿਸ ਵਿੱਚ ਪੁਸਤਕ ਦੇ ਅਧਿਆਇਆਂ ਅਨੁਸਾਰ ਹਰ ਪੱਖ ਨੂੰ ਗਹਿਰ ਗੰਭੀਰ ਢੰਗ ਨਾਲ ਵਿਚਾਰਿਆ ਗਿਆ। ਪੁਸਤਕ ਦੇ ਸਿਰਜਕ ਸ. ਧਿਆਨ ਸਿੰਘ ਸ਼ਾਹ ਸਿਕੰਦਰ ਹੋਰਾਂ ਨੇ ਕਿਹਾ ਕਿ ਇਸ ਪੁਸਤਕ 'ਚ ਮੈਂ ਜੋ ਸੁਪਨਾ ਲਿਆ ਹੈ ਜੇ ਉਹ ਪੂਰਾ ਹੋ ਜਾਵੇ ਤਾਂ ਸੰਸਾਰ ਦੇ ਹਰ ਝਗੜੇ ਦਾ ਅੰਤ ਹੋ ਸਕਦਾ ਹੈ। ਉਨ੍ਹਾਂ ਤਸੱਲੀ ਜ਼ਾਹਿਰ ਕੀਤੀ ਕਿ ਉਨ੍ਹਾਂ ਦੀ ਕਿਤਾਬ 'ਤੇ ਬਹੁਤ ਭਖਵੀਂ ਤੇ ਗਹਿਰ ਗੰਭੀਰ ਚਰਚਾ ਹੋਈ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ, ਡਾ. ਸੁਰੇਸ਼ ਮਹਿਤਾ ਹੋਰਾਂ ਨੇ ਕਿਹਾ ਕਿ ਇਹ ਕਿਤਾਬ ਸ਼ਾਹ ਸਿਕੰਦਰ ਹੋਰਾਂ ਦੀ ਉਸ ਮਾਨਵਵਾਦੀ ਤੇ ਸੁਹਿਰਦ ਸੋਚ ਦਾ ਦਸਤਾਵੇਜ਼ ਹੈ ਜੋ ਮਾਨਵਤਾ ਦਾ ਭਲਾ ਲੋਚਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੇ ਸਮਾਗਮ ਜ਼ਿਲ੍ਹੇ ਵਿੱਚ ਕਰਵਾਏ ਜਾ ਸਕਣ। ਬਹੁਤ ਜਲਦੀ ਹੋਰ ਸਮਾਗਮਾਂ ਸਬੰਧੀ ਵੀ ਉਹ ਯੋਜਨਾ ਤਿਆਰ ਕਰੀ ਬੈਠੇ ਹਨ।
ਸ਼ੈਸ਼ਨ ਦੇ ਦੂਜੇ ਦੌਰ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਦਾ ਆਗਾਜ਼ ਨਰੇਸ਼ ਨਿਰਗੁਣ ਜੀ ਦੀ ਖ਼ੂਬਸੂਰਤ ਨਜ਼ਮ ਨਾਲ ਹੋਇਆ। ਪ੍ਰਸਿੱਧ ਗ਼ਜ਼ਲਗੋਅ ਪਾਲ ਗੁਰਦਾਸਪੁਰੀ, ਡਾ. ਅਸ਼ੋਕ ਹਸਤੀਰ, ਸੁਭਾਸ਼ ਸਹਿਲ (ਡਲਹੌਜੀ), ਪੂਰਨ ਅਹਿਸਾਨ ਹੋਰਾਂ ਦੇ ਕਲਾਮ ਨੇ ਖ਼ੂਬ ਰੰਗ ਬੰਨ੍ਹਿਆ ਤੇ ਸਮਾਗਮ ਨੂੰ ਕਾਵਿਕ ਰੰਗ ਵਿੱਚ ਰੰਗ ਦਿੱਤਾ। ਰਾਜ ਗੁਰਦਾਸਪੁਰੀ ਡਾ. ਗੁਰਚਰਨ ਗਾਂਧੀ, ਸੁਲਤਾਨ ਭਾਰਤੀ, ਰਮੇਸ਼ ਕੁਮਾਰ ਜਾਨੂੰ, ਜਸਵਿੰਦਰ ਅਨਮੋਲ ਹੋਰਾਂ ਦੀਆਂ ਰਚਨਾਵਾਂ ਨੇ ਖ਼ੂਬ ਵਾਹ ਵਾਹ ਲੁੱਟੀ। ਇਨ੍ਹਾਂ ਤੋਂ ਇਲਾਵਾ ਚੌਧਰੀ ਸ਼ਮਸ਼ੂਦੀਨ, ਓਮ ਪ੍ਰਕਾਸ਼ ਭਗਤ, ਗੁਰਮੀਤ, ਹਿਤੇਸ਼ ਸ਼ਾਸਤਰੀ ਨੇ ਵੀ ਕਲਾਮ ਪੇਸ਼ ਕੀਤਾ। ਸਮੁੱਚੀ ਅਗਵਾਈ ਪੰਜਾਬੀ ਵਿਭਾਗ ਦੇ ਮੁੱਖੀ ਡਾ. ਕੁਲਵਿੰਦਰ ਕੌਰ ਛੀਨਾ ਹੋਰਾਂ ਵੱਲੋਂ ਕੀਤੀ ਗਈ ਜਦਕਿ ਮੰਚ ਦਾ ਬਹੁਤ ਪ੍ਰਭਾਵਸ਼ਾਲੀ ਸੰਚਾਲਨ ਰਮਨ ਕੁਮਾਰ ਸ਼ਰਮਾ ਹੋਰਾਂ ਨੇ ਕੀਤਾ।
ਇਸ ਸਮਾਗਮ ਦਾ ਸਮੁੱਚਾ ਪ੍ਰਬੰਧ ਨੌਜਵਾਨ ਸ਼ਾਇਰ ਜੁਗਲ ਕਿਸ਼ੋਰ 'ਪੰਗੋਤਰਾ' ਵੱਲੋਂ ਕੀਤਾ ਗਿਆ ਸੀ। ਸਮਾਗਮ ਦੀ ਸਮਾਪਤੀ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਤੇ ਸਿਰੌਪੇ ਦੇ ਕੇ ਕੀਤੀ ਗਈ। ਇਸ ਸਮੇਂ ਜੈ ਸਿੰਘ ਸੈਣੀ, ਭੁਪਿੰਦਰ ਸਿੰਘ, ਪ੍ਰੋ. ਜਗਦੀਸ਼ ਕੌਰ, ਪ੍ਰੋ. ਰੁਕਮਣੀ, ਪ੍ਰੋ. ਮਨਜਿੰਦਰ, ਪ੍ਰੋ. ਸਤਿੰਦਰ, ਪ੍ਰੋ. ਬੇਵੀ, ਪ੍ਰੋ. ਅਮਨਦੀਪ ਤੇ ਪ੍ਰੋ. ਹਰਿੰਦਰ ਆਦਿ ਵੀ ਹਾਜ਼ਰ ਸਨ। ਲੰਬਾ ਸਮਾਂ ਚਲਿਆ ਇਹ ਸਮਾਗਮ ਬੇਹੱਦ ਸਫ਼ਲ ਰਿਹਾ ਤੇ ਯਾਦਗਾਰੀ ਹੋ ਨਿੱਬੜਿਆ।