ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਪੰਜਾਬੀ ਭਵਨ ਵਿਖੇ ਪੰਜ-ਰੋਜ਼ਾ ਨਾਟਕ-ਮੇਲੇ ਦੇ ਚੌਥੇ ਦਿਨ ਪ੍ਰਸਿੱਧ ਲੋਕ ਗਾਇਕ ਗੁਰਦਿਆਲ ਨਿਰਮਾਣ ਨਾਲ ਰੂ-ਬ-ਰੂ
ਲੁਧਿਆਣਾ : 27 ਮਾਰਚ 2025- ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਉੱਤਰੀ ਖੇਤਰ ਸੱਭਿਅਚਾਰਾਕ ਕੇਂਦਰ, ਪਟਿਆਲਾ (ਸਭਿਆਚਾਰ ਮੰਤਰਾਲਾ, ਭਾਰਤ ਸਰਕਾਰ), ਪੰਜਾਬ ਕਲਾ ਪਰਿਸ਼ਦ, ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਅਤੇ ਉੱਤਮ ਸਵੀਟਸ, ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਹੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਵਸਰ ’ਤੇ 23-27 ਮਾਰਚ, 2025 ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ, ਪੰਜਾਬੀ ਭਵਨ, ਲੁਧਿਆਣਾ ਵਿਖੇ ਹੋ ਰਹੇ ਪੰਜ ਰੋਜ਼ਾ ਨਾਟਕ ਮੇਲੇ ਮੌਕੇ ਤੀਜੇ ਦਿਨ ਡਾ. ਸੋਮਪਾਲ ਹੀਰਾ ਦਾ ਲਿਖਿਆ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਡਾ. ਕੰਵਲ ਢਿੱਲੋਂ ਦੀ ਨਿਰਦੇਸ਼ਨਾ ਹੇਠ ਪੰਜਾਬੀ ਭਵਨ, ਲੁਧਿਆਣਾ ਵਿਖੇ ਖੇਡਿਆ ਗਿਆ ਜਿਸ ਦੀ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਤਾੜੀਆਂ ਨਾਲ ਸਰਾਹਣਾ ਕੀਤੀ। ਇਸ ਮੌਕੇ ਪ੍ਰਧਾਨਗੀ ਸ੍ਰੀ ਸਵਰਾਜ ਸੰਧੂ, ਮੁੱਖ ਮਹਿਮਾਨ ਸ੍ਰੀ ਸਵਰਨਜੀਤ ਸਵੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਅਸ਼ਵਨੀ ਚੈਟਲੇ, ਸ੍ਰੀ ਕੇ. ਕੇ. ਬਾਵਾ, ਕਰਮਜੀਤ ਕੌਰ ਛੰਦੜਾ ਅਤੇ ਸ੍ਰੀਮਤੀ ਭੁਪਿੰਦਰ ਕੌਰ ਪਾਤਰ ਸ਼ਾਮਲ ਹੋਏ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੂੰ ਸ. ਸੁਰਜੀਤ ਸਿੰਘ ਦੌਧਰ ਅਤੇ ਸ੍ਰੀ ਕੇ. ਕੇ. ਬਾਵਾ ਨੇ ਪੰਜ-ਪੰਜ ਹਜ਼ਾਰ ਭੇਟਾ ਕੀਤੇ। ਨਾਟਕ ਦੀ ਸਮਾਪਤੀ ’ਤੇ ਆਏ ਹੋਏ ਪਤਵੰਤਿਆਂ ਨੇ ਇਸ ਨਾਟਕ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਡਾ. ਹਰੀ ਸਿੰਘ ਜਾਚਕ ਨੇ ਅਕਾਡਮੀ ਵਲੋਂ ਸਭ ਦਾ ਧੰਨਵਾਦ ਕੀਤਾ। 26 ਮਾਰਚ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਸ੍ਰੀ ਸੰਜੀਵਨ ਸਿੰਘ ਅਤੇ ਡਾ. ਅਮਨ ਭੋਗਲ ਨੇ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਬਾਰੇ ਚਰਚਾ ਕੀਤੀ। ਇਹ ਨਾਟਕ ਭਾਸ਼ਾ ਬਾਰੇ ਸੀ ਜਿਸ ਸੰਬੰਧੀ ਚਰਚਾ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਪੰਜਾਬ ਵਿਚ ਹੋਰ ਰਾਜਾਂ ਤੋਂ ਆ ਕੇ ਵੱਸੇ ਹੁਣ ਪੰਜਾਬੀ ਦੇ ਅਧਿਆਪਕ ਹੀ ਨਹੀਂ ਉੱਘੇ ਵਿਦਵਾਨ ਵੀ ਹਨ। ਭਾਸ਼ਾ ਨੂੰ ਜ਼ਜਬਾਤੀ ਪਹੁੰਚ ਅਪਣਾ ਕੇ ਨਹੀਂ ਚੱਲਣਾ ਚਾਹੀਦਾ। ਇਸ ਨਾਟਕ ਦੀ ਛੋਟੀ ਜਿਹੀ ਕਮਜ਼ੋਰੀ ਹੈ। ਭਾਸ਼ਾ ਇਕ ਸਿਆਸੀ ਮੁੱਦਾ ਹੈ। ਅੱਜ ਸੰਸਕਿਰਤ ਸਿਰਫ਼ ਕਰਨਾਟਕਾ ਦੇ ਕੇਵਲ ਇਕ ਪਿੰਡ ਦੀ ਹੀ ਮਾਤ ਭਾਸ਼ਾ ਹੈ। ਪੰਜਾਬੀ ਜਿਉਦੀ ਰੱਖਣ ਲਈ +ਦੋ ਤੱਕ ਦੀ ਸਿੱਖਿਆ ਲਾਜ਼ਮੀ ਪੰਜਾਬੀ ਹੋਣੀ ਚਾਹੀਦੀ ਹੈ। ਭਾਅ ਜੀ ਗੁਰਸ਼ਰਨ ਸਿੰਘ ਨੇ ਸਸਤਾ ਰੰਗਮੰਚ ਪੈਦਾ ਕਰਨ ਲਈ ਘੱਟ ਪਾਤਰਾਂ ਦੀ ਨਾਟਕਮੰਡਲੀ ਵਿਧੀ ਕੱਢੀ ਪਰ ਉਸ ਨੇ ਰੰਗਮੰਚ ਨੂੰ ਨੁਕਸਾਨ ਨਹੀਂ ਹੋਣ ਦਿੱਤਾ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਨਾਟਕ ਬਾਰੇ ਗੱਲ ਕਰਦਿਆਂ ਕਿਹਾ ਕਿ ਸਤਾ ਅਤੇ ਲੋਕਾਂ ਦੀ ਭਾਸ਼ਾ ’ਚ ਫ਼ਰਕ ਹੁੰਦਾ ਹੈ। ਸ਼ਰਧਾ ਨਾਲ ਕੰਮ ਨਹੀਂ ਚਲਦੇ ਇਸ ਵਿਚ ਜ਼ਿੰਦਗੀ ਦੇ ਤਜ਼ਰਬੇ ਹੋਣੇ ਲਾਜ਼ਮੀ ਹਨ।
ਇਸ ਸਮੇਂ ਹੋਈ ਚਰਚਾ ਵਿਚ ਮੁਲ ਚੰਦ ਸ਼ਰਮਾ, ਮਨਦੀਪ ਕੌਰ ਭੰਮਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰਸਿੱਧ ਲੋਕ ਗਾਇਕ ਸ੍ਰੀ ਗੁਰਦਿਆਲ ਨਿਰਮਾਣ ਨਾਲ ਉੱਘੇ ਰੰਗਕਰਮੀ ਗੁਰਵਿੰਦਰ ਸਿੰਘ ਨੇ ਪੰਜਾਬੀ ਭਵਨ, ਲੁਧਿਆਣਾ ਵਿਖੇੇ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਗੁਰਵਿੰਦਰ ਸਿੰਘ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰੀ ਗੁਰਦਿਆਲ ਨਿਰਮਾਣ ਹੋਰਾਂ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਟਿਊਬਵੈੱਲ ਓਪਰੇਟਰ ਤੋਂ ਸ਼ੁਰੂ ਕਰਕੇ ਗਾਇਕੀ ਵੱਲ ਆਇਆ। ਹਿਜ਼ ਮਾਸਟਰ ਵਾਇਸ ਕੰਪਨੀ ਵਿਚ ਮੈਨੂੰ ਸਹਾਇਕ ਨਿਰਦੇਸ਼ਕ ਦੀ ਨੌਕਰੀ ਮਿਲੀ, ਪਰ ਮੇਰਾ ਅਖਾੜੇ/ਗਾਇਕੀ ਬਿਨਾਂ ਦਿਲ ਨਹੀਂ ਸੀ ਲੱਗਦਾ, ਮੈਂ ਨੌਕਰੀ ਛੱਡ ਦਿੱਤੀ। 1972 ਵਿਚ ਮੈਂ ਮਹੀਨੇ ਦੇ 32 ਤੋਂ 35 ਅਖਾੜੇ ਲਗਾਉਦਾ ਰਿਹਾ ਹਾਂ। ਇਕ ਦਿਨ ਵਿਚ ਚਾਰ ਅਖਾੜਿਆਂ ਦਾ ਮੇਰਾ ਰਿਕਾਰਡ ਹੈ। ਮੈਂ ਕਹਾਣੀਕਾਰ ਸੀ, ਪਰ ਮੇਰੀ ਕਹਾਣੀ ਗਾਇਕੀ ਥੱਲੇ ਦੱਬ ਗਈ। ਮੈਂ ਜੋ ਕਰਨਾ ਚਾਹੁੰਦਾ ਸੀ ਨਹੀਂ ਕਰ ਸਕਿਆ। ਕਲਾਕਾਰ ਹਮੇਸ਼ਾ ਅਧੂਰਾ ਹੈ। ਗਾਇਕੀ ਨੂੰ ਵਪਾਰ ਨਹੀਂ ਸਮਝਿਆ। ਜਿਹੜੇ ਮੇਰੇ ਕੋਲ ਗੀਤ ਆਉਦੇ ਸਨ ਉਨ੍ਹਾਂ ਵਿਚ ਜੇ ਕੋਈ ਮਾੜੀ ਸਤਰ ਹੁੰਦੀ ਸੀ ਉਸ ਨੂੰ ਮੈਂ ਕੱਟ ਕੇ ਗਾਉਦਾ ਰਿਹਾ। ਮੈਨੂੰ ਮੇਰੇ ਬੇਟੇ ਲੋਕ ਗਾਇਕ ਲਵਲੀ ਨਿਰਮਾਣ ’ਤੇ ਬੜਾ ਮਾਣ ਹੈ। ਇਪਟਾ ਨੇ ਮੈਨੂੰ ਬਹੁਤ ਵੱਡੇ ਵੱਡੇ ਮੰਚ ਦਿੱਤੇ ਹਨ। ਜਿਨ੍ਹਾਂ ਕਰਕੇ ਮੈਂ ਦੇਸ਼ ਦੀਆਂ ਵੱਖ ਵੱਖ ਰਾਜਾਂ ਦੀ ਸਟੇਜਾਂ ’ਤੇ ਵਿਚਰਿਆ। ਇਸ ਮੌਕੇ ਉਨ੍ਹਾਂ ਆਪਣੇ ਰਿਕਾਰਡ ਗੀਤਾਂ ਸਮੇਤ ਮੂਲ ਚੰਦ ਸ਼ਰਮਾ ਅਤੇ ਜਸਵੀਰ ਝੱਜ ਦੇ ਗੀਤ ਖ਼ੂਬਸੂਰਤ ਅੰਦਾਜ ਅਤੇ ਬਾ-ਤਰੁੰਨਮ ’ਚ ਗਾ ਕੇ ਸੁਣਾਏ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸ੍ਰੀ ਸੰਜੀਵਨ ਦੇ ਕੰਮ ਦੀ ਸ਼ਲਾਘਾ ਕਰਦਿਆਂ ਸਮੁੱਚੀ ਹਾਜ਼ਰੀਨ ਦਾ ਧੰਨਵਾਦ ਕੀਤਾ।
ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ, ਅਕਾਡਮੀ ਵਲੋਂ 23 ਮਾਰਚ ਤੋਂ ਆਰੰਭੇ ਪੰਜ ਰੋਜ਼ਾ ਨਾਟਕ ਮੇਲੇ ਬਾਰੇ ਵਿਸਥਾਰਪੂਰਵਕ ਚਰਚਾ ਕਰਦੇ ਉਨ੍ਹਾਂ ਦੱਸਿਆ ਕਿ ਅਸੀਂ ਵੱਡੇ ਪੁਸਤਕ ਮੇਲੇ ਅਤੇ ਨਾਟਕ ਮੇਲੇ ਸਮੇਤ ਵੱਡੇ ਕਾਰਜ ਕਰਕੇ ਵੱਡੀਆਂ ਲਕੀਰਾਂ ਕੱਢ ਕੇ ਪੂਰਨੇ ਪਾਉਣਾ ਚਾਹੁੰਦੇ ਹਾਂ ਜਿਸ ’ਤੇ ਸਾਡੇ ਤੋਂ ਬਾਅਦ ਆਉਣ ਵਾਲਿਆਂ ਨੂੰ ਸਾਡੇ ਤੋਂ ਵੀ ਅੱਗੇ ਕੰਮ ਕਰਨਾ ਹੋਵੇਗਾ। ਨਾਟਕ ਮੇਲਾ ਵੀ ਸਾਲਾਨਾ ਕਰਵਾਇਆ ਜਾਇਆ ਕਰੇਗਾ। 27 ਮਾਰਚ ਨੂੰ ਰੰਗਕਰਮੀ ਸ੍ਰੀ ਜਗਜੀਤ ਸਰੀਨ ਨਾਲ ਰੂ-ਬ-ਰੂ ਹੋਵੇਗਾ ਅਤੇ ਠੀਕ 6.30 ਵਜੇ ਡਾ. ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਨਾਟਕ ‘ਮੈਂ ਭਗਤ ਸਿੰਘ’, ਕੀਰਤੀ ਕਿਰਪਾਲ ਦੇ ਨਿਰਦੇਸ਼ਨਾ ਹੇਠ ਨਾਟਿਅਮ ਪੰਜਾਬ ਟੀਮ ਵਲੋਂ ਪੰਜਾਬੀ ਭਵਨ ਦੇ ਖੁੱਲ੍ਹੇ ਰੰਗ ਵਿਖੇ ਖੇਡਿਆ ਜਾਵੇਗਾ। ਸਮੂਹ ਨਾਟਕ ਪ੍ਰੇਮੀ ਅਤੇ ਪੰਜਾਬੀ ਪ੍ਰੇਮੀ ਇਸ ਵਿਚ ਪਹੁੰਚਣ ਦੀ ਕਿਰਪਾਲਤਾ ਕਰਨ। ਸਮਾਗਮ ਦਾ ਮੰਚ ਸੰਚਾਲਨ ਸ੍ਰੀ ਸੰਜੀਵਨ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਅੱਜ ਦੇ ਮਹਿਮਾਨ ਸ੍ਰੀ ਗੁਰਦਿਆਲ ਨਿਰਮਾਣ ਬਾਰੇ ਸੰਖੇਪ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰੀ ਸਿੰਘ ਜਾਚਕ, ਸੁਰਿੰਦਰ ਕੈਲੇ, ਜਸਵੀਰ ਝੱਜ, ਜਨਮੇਜਾ ਸਿੰਘ ਜੌਹਲ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਚਰਨਜੀਤ ਸਿੰਘ, ਕੇ. ਸਾਧੂ ਸਿੰਘ, ਅਮਰਜੀਤ ਸ਼ੇਰਪੁਰੀ, ਦਰਸ਼ਨ ਸਿੰਘ ਢੋਲਣ, ਦਲਜੀਤ ਬਾਗ਼ੀ, ਕਸਤੂਰੀ ਲਾਲ, ਮੂਲ ਚੰਦ ਸ਼ਰਮਾ, ਪ੍ਰਦੀਪ ਸ਼ਰਮਾ, ਕਰਨ, ਸਤਨਾਮ ਸਿੰਘ, ਸੁਰਿੰਦਰ ਕੁਮਾਰ ਸੱਚਦੇਵਾ, ਹਰਪ੍ਰੀਤ ਕੁਮਾਰ ਸਮੇਤ ਕਾਫ਼ੀ ਗਿਣਤੀ ਵਿਚ ਵਿਦਿਆਰਥੀ ਅਤੇ ਸਰੋਤੇ ਹਾਜ਼ਰ ਸਨ।