ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਨਿਵੇਦਿਤਾ ਸਿੰਘ ਨੂੰ ਮਿਲਿਆ 'ਪੰਡਿਤ ਬਲਵੰਤ ਰਾਏ ਜਸਵਾਲ ਲਾਈਫ਼ਟਾਈਮ ਅਚੀਵਮੈਂਟ ਅਵਾਰਡ'
ਪਟਿਆਲਾ, 2 ਅਪ੍ਰੈਲ 2025 - ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਚ ਕਾਰਜਸ਼ੀਲ ਪ੍ਰੋਫ਼ੈਸਰ ਨਿਵੇਦਿਤਾ ਸਿੰਘ ਨੂੰ ਪਾਰਸ ਕਲਾ ਮੰਚ, ਜਲੰਧਰ ਵੱਲੋਂ 'ਪੰਡਿਤ ਬਲਵੰਤ ਰਾਏ ਜਸਵਾਲ ਲਾਈਫ਼ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦਾ ਇਹ ਸਨਮਾਨ ਪੰਜਾਬ ਵਿਚ ਸ਼ਾਸਤਰੀ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਹਿਤ ਵਿੱਚ ਪਾਏ ਯੋਗਦਾਨ ਲਈ ਦਿੱਤਾ ਗਿਆ ਹੈ।
ਪ੍ਰੋਫ਼ੈਸਰ ਨਿਵੇਦਿਤਾ ਸਿੰਘ ਨੇ ਦੱਸਿਆ ਕਿ ਇਹ ਅਵਾਰਡ ਜਲੰਧਰ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਮਹਿੰਦਰ ਭਗਤ ਸ਼ਾਮਿਲ ਹੋਏ। ਪਾਰਸ ਸੰਗੀਤ ਸੰਮੇਲਨ ਦੇ ਨਾਂ ਨਾਲ ਸੰਪੰਨ ਹੋਏ ਇਸ ਸਮਾਗਮ ਵਿਚ ਡਾ. ਨਿਵੇਦਿਤਾ ਸਿੰਘ ਵਲੋਂ ਸ਼ਾਸਤਰੀ ਗਾਇਨ ਦੀ ਪੇਸ਼ਕਾਰੀ ਵੀ ਦਿੱਤੀ ਗਈ।
ਵਰਣਨਯੋਗ ਹੈ ਕਿ ਡਾ. ਨਿਵੇਦਿਤਾ ਸਿੰਘ ਪੰਜਾਬ ਦੀ ਪ੍ਰਸਿੱਧ ਸ਼ਾਸਤਰੀ ਗਾਇਕਾ ਹਨ ਅਤੇ ਉਨ੍ਹਾਂ ਭਾਰਤ ਭਰ ਵਿਚ ਮੰਚ ਪ੍ਰਦਰਸ਼ਨ ਕੀਤੇ ਹਨ। ਸੁਤੰਤਰਤਾ ਪ੍ਰਾਪਤੀ ਉਪਰੰਤ ਆਕਾਸ਼ਵਾਣੀ ਜਲੰਧਰ ਤੋਂ ਸ਼ਾਸਤਰੀ ਗਾਇਨ ਆਰੰਭ ਕਰਨ ਵਾਲ਼ੇ ਉਹ ਪੰਜਾਬ ਦੇ ਪਹਿਲੇ ਇਸਤਰੀ ਸ਼ਾਸਤਰੀ ਗਾਇਕਾ ਹਨ ਅਤੇ ਵਰਤਮਾਨ ਸਮੇਂ ਆਕਾਸ਼ਵਾਣੀ ਦੇ ‘ਏ’ ਗ੍ਰੇਡ ਕਲਾਕਾਰ ਹਨ। ਸ਼ਾਸਤਰੀ ਗਾਇਕੀ ਦੇ ਨਾਂਲ-ਨਾਲ ਨਿਰਧਾਰਿਤ ਰਾਗਾਂ ਵਿਚ ਗੁਰਬਾਣੀ ਦਾ ਗਾਇਨ ਵੀ ਉਨ੍ਹਾਂ ਦੀ ਵਿਸ਼ੇਸ਼ਤਾ ਹੈ।