ਹਰਜੋਤ ਬੈਂਸ ਨੇ ਤਿੰਨ ਸਾਲਾਂ ਦੌਰਾਨ ਸਿੱਖਿਆ ਖੇਤਰ ਦੀਆਂ ਪ੍ਰਾਪਤੀਆਂ 'ਤੇ ਪਾਇਆ ਚਾਨਣਾ
- ਸਿੱਖਿਆ ਸੁਧਾਰਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ਹਰਜੋਤ ਸਿੰਘ ਬੈਂਸ ਨੇ ਕਰੜੇ ਹੱਥੀਂ ਲਿਆ, ਤਿੰਨ ਸਾਲਾਂ ਦੌਰਾਨ ਸਿੱਖਿਆ ਖੇਤਰ ਦੀਆਂ ਪ੍ਰਾਪਤੀਆਂ 'ਤੇ ਪਾਇਆ ਚਾਨਣਾ
- ਸਿੱਖਿਆ ਮੰਤਰੀ ਨੇ ਪੰਜਾਬ ਦੇ ਹਰ ਬੱਚੇ ਲਈ ਮਿਆਰੀ ਸਿੱਖਿਆ ਦੇ ਸੁਪਨੇ ਨੂੰ ਪੂਰਾ ਕਰਨ ਲਈ ਇੱਕਜੁਟ ਹੋਣ ਦੀ ਕੀਤੀ ਅਪੀਲ
- ਕਿਹਾ, ਸਾਡੀ ਲੜਾਈ ਪ੍ਰਾਈਵੇਟ ਸਕੂਲ ਮਾਫ਼ੀਆ ਅਤੇ ਸਰਕਾਰੀ ਸਕੂਲਾਂ ਦੀ ਅਣਦੇਖੀ ਤੋਂ ਲਾਭ ਚੁੱਕਣ ਵਾਲੀਆਂ ਨਾਕਾਰਾਤਮਕ ਤਾਕਤਾਂ ਵਿਰੁੱਧ
ਚੰਡੀਗੜ੍ਹ/ਐਸ.ਏ.ਐਸ ਨਗਰ, 7 ਅਪ੍ਰੈਲ 2025 - ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਵਿਰੋਧੀ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਸਿੱਖਿਆ ਸੁਧਾਰਾਂ ਦੀ ਕੀਤੀ ਜਾ ਰਹੀ ਆਲੋਚਨਾ ਨੂੰ ਮਹਿਜ਼ ਡਰਾਮਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਲੋਕ ਨਿੱਜੀ ਤੇ ਰਾਜਸੀ ਮੁਫਾਦਾਂ ਲਈ ਅਜਿਹਾ ਕਰ ਰਹੇ ਹਨ।
"ਸਿੱਖਿਆ ਕ੍ਰਾਂਤੀ" ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫੇਜ਼-11 ਮੋਹਾਲੀ ਵਿਖੇ ਕਰਵਾਏ ਗਏ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ, "ਜਿਨ੍ਹਾਂ ਲੋਕਾਂ ਨੇ ਦਹਾਕਿਆਂ ਤੱਕ ਸਰਕਾਰੀ ਸਕੂਲਾਂ ਨੂੰ ਅਣਗੌਲਿਆ, ਹੁਣ ਉਹ ‘ਪੜ੍ਹਦਾ ਪੰਜਾਬ' ਦੇਖ ਕੇ ਡਰੇ ਹੋਏ ਹਨ। ਜਦੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਅਸਫ਼ਲ ਹੋ ਰਹੀ ਸੀ, ਇਹ ਸਾਰੇ ਚੁੱਪ ਸਨ। ਹੁਣ ਜਦੋਂ ਸਾਡੇ ਬੱਚੇ ਵਧ-ਫੁੱਲ ਰਹੇ ਹਨ, ਤਰੱਕੀ ਕਰ ਰਹੇ ਹਨ ਤਾਂ ਇਨ੍ਹਾਂ ਨੂੰ ਖ਼ਤਰਾ ਮਹਿਸੂਸ ਹੋ ਰਿਹਾ ਹੈ।”
ਹਰਜੋਤ ਸਿੰਘ ਬੈਂਸ ਨੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਹੋਏ ਵੱਡੇ ਸੁਧਾਰਾਂ ਵੱਲ ਝਾਤ ਮਰਵਾਉਂਦਿਆਂ ਕਿਹਾ, "ਸਾਨੂੰ ਵਿਰਾਸਤ ਵਿੱਚ ਲਗਭਗ 20,000 ਸਰਕਾਰੀ ਸਕੂਲਾਂ ਵਿੱਚੋਂ ਜ਼ਿਆਦਾਤਰ ਬਿਨਾਂ ਚਾਰਦੀਵਾਰੀ, ਬਿਨਾਂ ਢੁਕਵੇਂ ਪਖਾਨਿਆਂ ਤੇ ਬਿਨਾਂ ਢੁੱਕਵੀਆਂ ਵਿਦਿਅਕ ਸਹੂਲਤਾਂ ਦੇ ਬਹੁਤ ਹੀ ਮਾੜੀ ਹਾਲਤ ਵਿੱਚ ਮਿਲੇ। ਅੱਜ, ਪੰਜਾਬ ਦੇ ਲਗਭਗ ਹਰ ਸਰਕਾਰੀ ਸਕੂਲ ਵਿੱਚ ਚਾਰਦੀਵਾਰੀ ਹੈ, ਕੁੜੀਆਂ ਅਤੇ ਮੁੰਡਿਆਂ ਲਈ ਵੱਖਰੇ ਪਖਾਨੇ ਹਨ, ਫਰਨੀਚਰ, ਪੀਣ ਵਾਲੇ ਸਾਫ਼ ਪਾਣੀ ਦੀਆਂ ਸਹੂਲਤਾਂ ਅਤੇ 90% ਸਕੂਲਾਂ ਵਿੱਚ ਵਾਈਫਾਈ ਕਨੈਕਟੀਵਿਟੀ ਹੈ। ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਨ ਦੀ ਬਜਾਏ ਵਿਰੋਧੀ ਧਿਰਾਂ ਦੇ ਆਗੂ ਇਨ੍ਹਾਂ ਦੀ ਨਿੰਦਾ ਕਰ ਰਹੇ ਹਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਦੇ ਉਦਘਾਟਨਾਂ 'ਤੇ ਸਵਾਲ ਚੁੱਕ ਰਹੇ ਹਨ।
ਸਿੱਖਿਆ ਮੰਤਰੀ ਨੇ ਉਚੇਚੇ ਤੌਰ 'ਤੇ ਬਰਾਬਰ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਲਈ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ 189 ਵਿਦਿਆਰਥੀਆਂ ਨੇ ਹਾਲ ਹੀ ਵਿੱਚ ਜੇਈਈ ਮੇਨਜ਼ ਦੀ ਪ੍ਰੀਖਿਆ ਪਾਸ ਕੀਤੀ ਹੈ, ਜੋ ਇੱਕ ਸ਼ਾਨਦਾਰ ਪ੍ਰਾਪਤੀ ਹੈ ਅਤੇ ਸਾਡੇ ਸਿੱਖਿਆ ਸੁਧਾਰਾਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦੀ ਹੈ।
ਉਨ੍ਹਾਂ ਕਿਹਾ, "ਸਾਡੀ ਲੜਾਈ ਪ੍ਰਾਈਵੇਟ ਸਕੂਲ ਮਾਫ਼ੀਆ ਅਤੇ ਉਨ੍ਹਾਂ ਨਾਕਰਾਤਮਕ ਤਾਕਤਾਂ ਖਿਲਾਫ਼ ਹੈ, ਜੋ ਸਰਕਾਰੀ ਸਿੱਖਿਆ ਦੀ ਅਣਦੇਖੀ ਦਾ ਫ਼ਾਇਦਾ ਚੁੱਕਦੇ ਰਹੇ।” ਸ. ਹਰਜੋਤ ਸਿੰਘ ਬੈਂਸ ਨੇ ਕਿਹਾ, ਜਦੋਂ ਇਨ੍ਹਾਂ ਵਿਰੋਧੀ ਆਗੂਆਂ ਦੇ ਬੱਚੇ ਸਕਿਉਰਿਟੀ ਗਾਰਡਾਂ ਤੇ ਆਧੁਨਿਕ ਸਹੂਲਤਾਂ ਵਾਲੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ ਤਾਂ ਉਹ ਸੰਤੁਸ਼ਟ ਹੁੰਦੇ ਹਨ। ਜਦੋਂ ਇਹੀ ਸਭ ਸਹੂਲਤਾਂ ਆਮ ਘਰਾਂ ਦੇ ਆਮ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਹਨ ਤਾਂ ਉਹ ਖ਼ਤਰਾ ਮਹਿਸੂਸ ਕਰਦੇ ਹਨ, ਜੋ ਇਹ ਸਿੱਧ ਕਰਦਾ ਹੈ ਕਿ ਸਾਡੇ ਵਿਰੋਧੀ ਆਗੂ ਸਿਰਫ਼ ਤੇ ਸਿਰਫ਼ ਆਪਣੀ ਤੇ ਆਪਣੇ ਬੱਚਿਆਂ ਦੀ ਹੀ ਤਰੱਕੀ ਦੇਖ ਕੇ ਖੁਸ਼ ਹੁੰਦੇ ਹਨ ਨਾਕਿ ਕਿਸੇ ਆਮ ਘਰ ਦੇ ਆਮ ਬੱਚੇ ਦੀ।
ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਫਿਰੋਜ਼ਪੁਰ, ਫਾਜ਼ਿਲਕਾ ਅਤੇ ਤਰਨ ਤਾਰਨ ਸਮੇਤ ਕਈ ਜ਼ਿਲ੍ਹਿਆਂ ਦੇ 1200 ਤੋਂ ਵੱਧ ਸਕੂਲਾਂ ਦਾ ਨਿੱਜੀ ਤੌਰ 'ਤੇ ਕਈ ਵਾਰ ਦੌਰਾ ਕੀਤਾ, ਤਾਂ ਜੋ ਜ਼ਮੀਨੀ ਪੱਧਰ 'ਤੇ ਸਾਰੇ ਸੁਧਾਰਾਂ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ "ਪੰਜਾਬ ਦਾ ਸਿੱਖਿਆ ਮੰਤਰੀ ਹੋਣਾ ਸੌਖਾ ਨਹੀਂ ਹੈ। ਇਸ ਵਿਭਾਗ ਨੂੰ ਪਹਿਲਾਂ ਧਰਨਿਆਂ ਦਾ ਵਿਭਾਗ ਕਿਹਾ ਜਾਂਦਾ ਸੀ ਪਰ ਅਸੀਂ ਆਪਣੇ ਵਾਅਦਿਆਂ ਪ੍ਰਤੀ ਵਚਨਬੱਧ ਰਹੇ, ਜੋ ਸਾਡੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸਾਲ 2022 ਵਿੱਚ ‘ਆਪ' ਨੂੰ 92 ਸੀਟਾਂ ਦੇਣ ਵਾਲੇ ਲੋਕਾਂ ਨਾਲ ਕੀਤੇ ਗਏ ਸਨ।”
ਬੈਂਸ ਨੇ ਅੱਗੇ ਕਿਹਾ, “20,000 ਸਕੂਲ, ਜਿਨ੍ਹਾਂ ਵਿੱਚ 28 ਲੱਖ ਵਿਦਿਆਰਥੀ ਪੜ੍ਹ ਰਹੇ ਹਨ, ਨੂੰ ਪੂਰੀ ਤਰ੍ਹਾਂ ਬਦਲਣਾ ਇੱਕ ਲੰਮਾ ਸਫ਼ਰ ਹੈ ਅਤੇ ਅਸੀਂ ਇਸ ਸਫ਼ਰ ਨੂੰ ਤੈਅ ਕਰਦੇ ਹੋਏ ਇਨ੍ਹਾਂ ਤਿੰਨਾਂ ਸਾਲਾਂ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਸਿੱਖਿਆ ਸੁਧਾਰਾਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ, ਜੋ ਅੰਤਰਰਾਸ਼ਟਰੀ ਪੱਧਰ 'ਤੇ ਵੀ ਸਲਾਹਿਆ ਗਿਆ ਹੈ।” ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਹਰ ਬੱਚੇ ਨੂੰ ਮਿਆਰੀ ਸਿੱਖਿਆ ਮਿਲਦੀ ਹੈ ਤਾਂ ਕੀ ਇਸ ਨਾਲ ਸਾਨੂੰ ਫ਼ਾਇਦਾ ਨਹੀਂ ਹੋਵੇਗਾ? ਸਿੱਖਿਆ ਵਧੇਗੀ, ਪੰਜਾਬ ਵਧੇਗਾ ਅਤੇ ਸਾਡੇ ਬੱਚੇ ਅੱਗੇ ਵਧਣਗੇ। ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਨਵੀਆਂ ਪੈੜਾਂ ‘ਤੇ ਅੱਗੇ ਲਿਜਾਣ ਦਾ ਜੋ ਵਾਅਦਾ ਸਾਰੇ ਪੰਜਾਬ ਵਾਸੀਆਂ ਨਾਲ ਕੀਤਾ ਸੀ, ਉਸ ਉੱਪਰ ਤਨਦੇਹੀ ਨਾਲ ਕੰਮ ਹੋ ਰਿਹਾ ਹੈ ਅਤੇ ਹਰ ਬੱਚੇ ਨੂੰ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਹੀ ਪੰਜਾਬ ਸਰਕਾਰ ਦਾ ਉਦੇਸ਼ ਹੈ।