ਡਾਕਟਰ ਵੱਲੋਂ ਕੈਮਿਸਟ ਪਰਚਾ ਦਰਜ ਕਰਵਾਉਣ ਦਾ ਮਾਮਲਾ: ਪੁਲਿਸ ਨੇ ਡਾਕਟਰ ਖਿਲਾਫ ਕਾਰਵਾਈ ਕੀਤੀ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 7 ਅਗਸਤ 2025 - ਸ਼ਹਿਰ ਦੇ ਇੱਕ ਕੈਮਿਸਟ ਅਤੇ ਇੱਕ ਸਰਕਾਰੀ ਡਾਕਟਰ ਦੇ ਵਿਚਾਲੇ ਚੱਲ ਰਹੇ ਵਿਵਾਦ ਵਿੱਚ ਹੁਣ ਨਵਾਂ ਮੋੜ ਆਇਆ ਹੈ । ਅਦਾਲਤ ਦੇ ਆਦੇਸ਼ਾਂ ਉਪਰੰਤ ਸਰਕਾਰੀ ਡਾਕਟਰ ਦੇ ਖਿਲਾਫ ਪੁਲਿਸ ਨੇ ਬੀਐਨਐਸ ਦੀ ਧਾਰਾ 217 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ।
ਮਾਮਲਾ ਕੁਝ ਇਸ ਤਰ੍ਹਾਂ ਹੈ ਕਿ 15 ਜੂਨ 2021 ਨੂੰ ਹੱਡੀਆਂ ਦੇ ਡਾਕਟਰ ਨੇ ਇੱਕ ਕੈਮਿਸਟ ਖਿਲਾਫ ਦਫਾ 417 506 ਅਤੇ 34 ਆਈਪੀਸੀ ਦੇ ਤਹਿਤ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਵਾਇਆ ਸੀ । ਪਰਵੀਨ ਮਹਾਜਨ ਜੋ ਬਾਠ ਵਾਲੀ ਗਲੀ ਵਿੱਚ ਕੈਮਿਸਟ ਦੀ ਦੁਕਾਨ ਕਰਦਾ ਹੈ ਤੇ ਡਾਕਟਰ ਨੇ ਦੋਸ਼ ਲਗਾਇਆ ਸੀ ਕਿ ਉਸ ਨੇ ਡਾਕਟਰ ਨਾਲ ਦੁਰਵਿਹਾਰ ਅਤੇ ਗਾਲੀ ਗਲੋਚ ਕੀਤਾ ਹੈ। ਦੂਜੇ ਪਾਸੇ ਪਰਵੀਨ ਮਹਾਜਨ ਦਾ ਦੋਸ਼ ਹੈ ਕਿ ਡਾਕਟਰ ਸਰਕਾਰੀ ਨੌਕਰੀ ਕਰਨ ਦੇ ਬਾਵਜੂਦ ਪ੍ਰਾਈਵੇਟ ਪ੍ਰੈਕਟਿਸ ਕਰਦਾ ਹੈ ਅਤੇ ਉਸਨੇ ਇਸ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕੀਤੀ ਸੀ ਜਿਸ ਉਪਰੰਤ ਡਾਕਟਰ ਨੇ ਉਸ ਦੇ ਖਿਲਾਫ ਝੂਠਾ ਮਾਮਲਾ ਦਰਜ ਕਰਵਾਇਆ ਹੈ।
ਕੈਮਿਸਟ ਪ੍ਰਵੀਨ ਮਹਾਜਨ ਵੱਲੋਂ 31 ਅਗਸਤ 2021 ਨੂੰ ਡਾਕਟਰ ਵੱਲੋਂ ਝੂਠਾ ਮੁਕਦਮਾ ਦਰਜ ਕਰਾਉਣ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਅਤੇ ਆਈ ਜੀ ਬਾਰਡਰ ਰੇਂਜ ਦੇ ਹੁਕਮਾਂ ਤੋਂ ਬਾਅਦ ਪਠਾਨਕੋਟ ਜ਼ਿਲੇ ਦੇ ਐਸਪੀ ਹੈਡਕੁਆਰਟਰ ਵੱਲੋਂ ਇਸਦੀ ਪੜਤਾਲ ਕੀਤੀ ਗਈ । ਪੜਤਾਲ ਦੌਰਾਨ ਮਾਲਲਾ ਝੂਠਾ ਪਾਇਆ ਗਿਆ ।
ਉਸ ਤੋਂ ਬਾਅਦ ਡਿਪਟੀ ਡਿਸਟਰਿਕਟ ਐਟੋਰਨੀ ਅੰਮ੍ਰਿਤਸਰ ਤੋਂ ਸਲਾਹ ਲੈਣ ਤੋਂ ਬਾਅਦ ਆਈ ਜੀ ਬਾਰਡਰ ਰੇਂਜ ਵੱਲੋਂ ਗੁਰਦਾਸਪੁਰ ਪੁਲਿਸ ਨੂੰ ਡਾਕਟਰ ਦੇ ਖਿਲਾਫ ਦਫਾ 182 ਆਈਪੀਸੀ ਦੇ ਤਹਿਤ (ਹੁਣ 217 ਬੀਐਨਐਸ) (ਕਿਸੇ ਲੋਕ ਸੇਵਕ ਵੱਲੋਂ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਕੇ ਕਿਸੇ ਦੂਸਰੇ ਨੂੰ ਪਰੇਸ਼ਾਨ ਕਰਨ ਲਈ ਝੂਠੀ ਸੂਚਨਾ ਦੇਣਾ) ਦੇ ਤਹਿਤ ਕਾਰਵਾਈ ਕਰਨ ਲਈ ਲਿਖਿਆ ਗਿਆ ਸੀ ਪਰ ਗੁਰਦਾਸਪੁਰ ਪੁਲਿਸ ਵੱਲੋ ਮਾਮਲਾ ਦਰਜ ਕਰਨ ਤੋਂ ਇਹ ਕਹਿ ਕੇ ਲਮਕਾਇਆ ਗਿਆ ਕਿ ਅਦਾਲਤ ਜਦੋਂ ਤੱਕ ਇਸ ਇਨਕੁਆਇਰੀ ਨੂੰ ਸਹੀ ਮੰਨ ਕੇ ਇਹ ਫੈਸਲਾ ਨਹੀਂ ਦਿੰਦੀ ਕਿ ਸਰਕਾਰੀ ਡਾਕਟਰ ਪ੍ਰਿੰਸ ਵੱਲੋਂ ਕੈਮਿਸਟ ਪ੍ਰਵੀਨ ਮਹਾਜਨ ਦੇ ਖਿਲਾਫ ਦਰਜ ਕਰਵਾਇਆ ਗਿਆ ਮਾਮਲਾ ਝੂਠਾ ਹੈ ਉਹ ਡਾਕਟਰ ਦੇ ਖਿਲਾਫ ਮਾਮਲਾ ਦਰਜ ਨਹੀਂ ਕਰ ਸਕਦੀ।
ਮਾਮਲਾ ਅਦਾਲਤ ਵਿੱਚ ਗਿਆ ਤੇ ਹੁਣ ਮਾਨਯੋਗ ਸੀ ਜੀ ਐਮ ਗੁਰਦਾਸਪੁਰ ਦੀ ਅਦਾਲਤ ਵੱਲੋਂ ਇਸ ਤੇ ਮੋਹਰ ਲਗਾ ਦਿੱਤੀ ਗਈ ਹੈ ਕਿ ਡਾਕਟਰ ਪ੍ਰਿੰਸ ਵੱਲੋਂ ਦਰਜ ਕਰਵਾਇਆ ਗਿਆ ਮਾਮਲਾ ਝੂਠਾ ਸੀ ਅਤੇ ਥਾਨਾ ਸਿਟੀ ਪੁਲਿਸ ਵੱਲੋਂ ਵੀ ਬੀਐਨਐਸ ਦੀ ਧਾਰਾ 217 ਦੇ ਤਹਿਤ ਡਾਕਟਰ ਪ੍ਰਿੰਸ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਜਿੱਥੇ ਆਈਪੀਸੀ 182 ਦੇ ਤਹਿਤ ਦੋਸ਼ ਸਹੀ ਪਾਏ ਜਾਣ ਤੇ ਡਾਕਟਰ ਨੂੰ ਛੇ ਮਹੀਨੇ ਦੀ ਕੈਦ ਹੋ ਸਕਦੀ ਸੀ ਉੱਥੇ ਹੀ ਨਵੇਂ ਕਾਨੂੰਨ ਬੀ ਐਨ ਐਸ ਦੀ ਧਾਰਾ 217 ਦੇ ਤਹਿਤ ਹੁਣ ਦੋਸ਼ ਸਾਬਤ ਹੋਣ ਤੇ ਸਰਕਾਰੀ ਡਾਕਟਰ ਨੂੰ ਇੱਕ ਸਾਲ ਦੀ ਸਜ਼ਾ ਤੇ 10 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ ।
ਦੂਜੇ ਪਾਸੇ ਜਦੋਂ ਇਸ ਬਾਰੇ ਡਾਕਟਰ ਪ੍ਰਿੰਸ ਅਜੇਪਾਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੈਮਿਸਟ ਵੱਲੋਂ ਉਹਨਾਂ ਤੇ ਲਗਾਏ ਗਏ ਪ੍ਰਾਈਵੇਟ ਪ੍ਰੈਕਟਿਸ ਦੇ ਦੋਸ਼ ਬਿਲਕੁਲ ਝੂਠੇ ਹਨ ਅਤੇ ਉਹਨਾਂ ਦੇ ਖਿਲਾਫ ਹੋ ਰਹੀ 182 ਦੀ ਕਾਰਵਾਈ ਦੇ ਖਿਲਾਫ ਵੀ ਉਹਨਾਂ ਵੱਲੋਂ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਜਾ ਰਿਹਾ ਹੈ।