ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਬਲਦੇਵ ਸਿੰਘ ਧਾਲੀਵਾਲ ਦੁਆਰਾ ਸੰਪਾਦਿਤ ਪੁਸਤਕ 'ਗੁਰਲਾਲ ਸਿੰਘ ਦਾ ਸਮੀਖਿਆ-ਸੰਸਾਰ' 'ਤੇ ਗੋਸ਼ਟੀ ਕਰਵਾਈ
ਪਟਿਆਲਾ, 25 ਅਪ੍ਰੈਲ 2025 - ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਡਾ. ਬਲਦੇਵ ਸਿੰਘ ਧਾਲੀਵਾਲ ਦੀ ਨਵ-ਸੰਪਾਦਿਤ ਪੁਸਤਕ 'ਗੁਰਲਾਲ ਸਿੰਘ ਦਾ ਸਮੀਖਿਆ-ਸੰਸਾਰ (ਭਾਗ ਪਹਿਲਾ- ਪੰਜਾਬੀ ਕਹਾਣੀ ਚਿੰਤਨ)' ਉੱਪਰ ਗੋਸ਼ਟੀ ਕਰਵਾਈ ਗਈ। ਗੋਸ਼ਟੀ ਦੌਰਾਨ ਸਭ ਤੋਂ ਪਹਿਲਾਂ ਪਹਿਲਗ਼ਾਮ ਦੇ ਆਤੰਕੀ ਹਮਲੇ ਵਿਚ ਮਾਰੇ ਗਏ ਭਾਰਤੀ ਨਾਗਰਿਕਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਵਿਭਾਗ ਮੁਖੀ ਡਾ. ਗੁਰਮੁਖ ਸਿੰਘ ਨੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਇਸ ਪੁਸਤਕ ਦੇ ਹਵਾਲੇ ਡਾ. ਗੁਰਲਾਲ ਸਿੰਘ ਦੇ ਨਾਲ-ਨਾਲ ਪੰਜਾਬੀ ਦੇ ਪ੍ਰਬੁੱਧ ਗਲਪ ਆਲੋਚਕ ਡਾ. ਜੋਗਿੰਦਰ ਸਿੰਘ ਰਾਹੀ ਨੂੰ ਵੀ ਯਾਦ ਕਰਨ ਦਾ ਸਬੱਬ ਹੈ। ਉਨ੍ਹਾਂ ਨੇ ਦੱਸਿਆ ਕਿ ਡਾ. ਗੁਰਲਾਲ ਸਿੰਘ ਦਾ ਅਧਿਐਨ ਕਾਰਜ ਪੰਜਾਬੀ ਕਹਾਣੀ ਅਲੋਚਨਾ ਦੇ ਖੇਤਰ ਵਿਚ ਸਿਧਾਂਤ ਤੇ ਵਿਹਾਰ ਦੋਵਾਂ ਪੱਖਾਂ ਤੋਂ ਮਹੱਤਵਪੂਰਨ ਹੈ।
ਡਾ. ਗੁਰਲਾਲ ਸਿੰਘ ਦੀ ਬੇਟੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਣੇ ਪਿਤਾ ਦੀ ਜ਼ਿੰਦਗੀ, ਸੁਪਨਿਆਂ ਅਤੇ ਸੰਘਰਸ਼ ਬਾਰੇ ਸਰੋਤਿਆਂ ਨੂੰ ਜਾਣੂ ਕਰ ਕਰਵਾਇਆ ਕਿ ਕਿਵੇਂ ਉਹ ਪੁਖਰਾਣਾ ਵਰਗੇ ਪਿੰਡ ਵਿਚੋਂ ਕੇਵਲ ਪੜ੍ਹਾਈ, ਲਗਨ, ਮਿਹਨਤ ਅਤੇ ਸਵੈ-ਅਨੁਸ਼ਾਸ਼ਨ ਨਾਲ ਦਿੱਲੀ ਤੱਕ ਪੜ੍ਹਾਈ ਕਰਕੇ ਕਾਲਜ ਦੇ ਪ੍ਰੋਫ਼ੈਸਰ ਬਣੇ।
ਡਾ. ਬਲਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਡਾ. ਗੁਰਲਾਲ ਸਿੰਘ ਦਾ ਅਧਿਐਨ ਕਾਰਜ ਪੰਜਾਬੀ ਕਹਾਣੀ ਆਲੋਚਨਾ ਨੂੰ ਨਵੇਂ ਪਾਸਾਰ ਪ੍ਰਦਾਨ ਕਰਨ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਪੰਜਾਬੀ ਕਹਾਣੀ ਦੀ ਸਿਧਾਂਤਕਾਰੀ ਦੇ ਇਤਿਹਾਸਕ ਹਵਾਲਿਆਂ ਨਾਲ ਸਾਹਮਣੇ ਲਿਆਂਦਾ ਕਿ ਉਨ੍ਹਾਂ ਸਮਿਆਂ ਵਿਚ ਜਦ ਮਾਰਕਸਵਾਦੀ/ਪ੍ਰਗਤੀਵਾਦੀ ਆਲੋਚਨਾ ਅਤੇ ਰੂਪਵਾਦੀ/ਸੰਰਚਨਾਵਾਦੀ ਆਲੋਚਨਾ ਬਿਲਕੁਲ ਵੱਖਰੇ ਅਤੇ ਕਿਸੇ ਹੱਦ ਤੱਕ ਵਿਰੋਧੀ ਮੁਹਾਜਾਂ ਉੱਪਰ ਕਹਾਣੀ ਦੀ ਪੜ੍ਹਤ ਪੇਸ਼ ਕਰ ਰਹੀ ਸੀ, ਉਸ ਸਮੇਂ ਡਾ. ਜਗਜੀਤ ਸਿੰਘ ਅਤੇ ਡਾ. ਗੁਰਲਾਲ ਸਿੰਘ ਵਰਗੇ ਅਲੋਚਕ ਸਿਧਾਂਤਕ ਸੰਵਾਦ ਨੂੰ ਬਦਲ ਵਜੋਂ ਪੇਸ਼ ਕਰਦੇ ਹਨ।
ਡਾ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਕਿ ਬਹੁਤ ਘੱਟ ਪੁਸਤਕਾਂ ਇੰਨੀ ਮਿਹਨਤ ਅਤੇ ਬਰੀਕੀ ਨਾਲ ਲਿਖੀਆਂ/ਸੰਪਾਦਿਤ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਵਿਚੋਂ ਲੱਭਣ ’ਤੇ ਵੀ ਕੋਈ ਗ਼ਲਤੀ ਨਾ ਲੱਭੇ। ਉਨ੍ਹਾਂ ਨੇ ਕਿਤਾਬ ਨੂੰ ਸੰਪਾਦਨਾ ਦਾ ਸ਼ਾਨਦਾਰ ਨਮੂਨਾ ਕਿਹਾ। ਉਨ੍ਹਾਂ ਨੇ ਡਾ. ਗੁਰਲਾਲ ਸਿੰਘ ਦੇ ਆਲੋਚਨਾ ਲੇਖਾਂ ਬਾਰੇ ਕਿਹਾ ਕਿ ਇਨ੍ਹਾਂ ਲੇਖਾਂ ਨੂੰ ਸਿਧਾਂਤਕ ਪਕਿਆਈ ਅਤੇ ਲਿਖਣ ਕਲਾ ਦੇ ਪੱਖ ਤੋਂ ਪੱਛਮ ਦੇ ਸਭ ਤੋਂ ਵੱਡੇ ਆਲੋਚਕਾਂ ਅਤੇ ਵਿਦਵਾਨਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।
ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਕੇਵਲ ਕੁਝ ਕਿਤਾਬਾਂ ਨੂੰ ਹੀ ਲਾਜ਼ਮੀ ਕਿਤਾਬਾਂ ਹੋਣ ਦਾ ਦਰਜਾ ਮਿਲਦਾ ਹੈ ਭਾਵ ਅਜਿਹੀਆਂ ਕਿਤਾਬਾਂ ਜੋ ਹਰ ਕਿਸੇ ਲਈ ਪੜ੍ਹਨੀਆਂ ਜਰੂਰੀ ਹਨ ਅਤੇ ਉਨ੍ਹਾਂ ਨੇ ਡਾ. ਗੁਰਲਾਲ ਸਿੰਘ ਦੀਆਂ ਲਿਖਤਾਂ ਨੂੰ ਲਾਜ਼ਮੀ ਪੁਸਤਕਾਂ ਵਿਚ ਸ਼ਾਮਿਲ ਮੰਨਿਆ। ਉਨ੍ਹਾਂ ਤੋਂ ਬਾਅਦ ਡਾ. ਧਨਵੰਤ ਕੌਰ ਨੇ ਪੁਸਤਕ ਬਾਰੇ ਆਪਣੇ ਵਿਚਾਰ ਕੀਤੇ। ਉਨ੍ਹਾਂ ਕਿਹਾ ਕਿ ਚਾਹੇ ਉਨ੍ਹਾਂ ਨੇ ਡਾ. ਗੁਰਲਾਲ ਸਿੰਘ ਦਾ ਲਿਖਿਆ ਅੱਖਰ-ਅੱਖਰ ਪੜ੍ਹਿਆ ਹੈ ਪਰ ਡਾ. ਗੁਰਲਾਲ ਸਿੰਘ ਦੇ ਚਿੰਤਨ/ਰਚਨਾ ਦ੍ਰਿਸ਼ਟੀ ਬਾਰੇ ਜਿਹੜਾ ਬੱਝਵਾਂ ਪ੍ਰਭਾਵ ਕਿਤਾਬ ਵਿਚੋਂ ਪੈਦਾ ਹੁੰਦਾ ਹੈ, ਉਹ ਇਸ ਕਿਤਾਬ ਤੋਂ ਬਿਨਾਂ ਸੰਭਵ ਨਹੀਂ ਸੀ।
ਡਾ. ਬਲਦੇਵ ਸਿੰਘ ਨੂੰ ਵਧਾਈ ਦੇਣ ਦੇ ਨਾਲ-ਨਾਲ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਗੁਰਲਾਲ ਸਿੰਘ ਦੀ ਉਦਾਸੀਨਤਾ ਦੇ ਕਾਰਨ ਜਿਹੜੇ ਵੀ ਰਹੇ ਹੋਣ ਪਰ ਅਕਾਦਮਿਕ ਜਗਤ ਵਿਚ ਉਨ੍ਹਾਂ ਦੀ ਪਰਪੱਕ ਜਗ੍ਹਾ ਬਣਾਉਣ ਵਿਚ ਡਾ. ਧਾਲੀਵਾਲ ਦੀ ਸੰਪਾਦਨ ਕਲਾ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ। ਡਾ. ਜਸਵਿੰਦਰ ਸਿੰਘ ਨੇ ਇੱਕ ਮਹੱਤਵਪੂਰਨ ਪੁਸਤਕ ਉੱਪਰ ਇੰਨਾ ਸਾਦਾ, ਗੰਭੀਰ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਉਣ ਲਈ ਪੰਜਾਬੀ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੌਲਿਕ ਚਿੰਤਨ ਦੀ ਪਹਿਲੀ ਸ਼ਰਤ ਹੈ ਕਿ ਪਾਠਕ ਲਿਖਤ ਨੂੰ ਪੜ੍ਹਦੇ ਹੋਏ ਲਗਾਤਾਰ ਅੰਤਰ-ਸੰਵਾਦ ਵਿਚ ਹੁੰਦਾ ਹੈ।ਆਖ਼ਰ ਵਿਚ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਇੰਟਰਨੈੱਟ ਦੇ ਦੌਰ ਵਿਚ ਜਦ ਸੂਚਨਾ ਦੀ ਪ੍ਰਾਪਤੀ ਬਹੁਤ ਅਹਿਮ ਪੱਖ ਹੈ, ਉਸ ਸਮੇਂ ਸੂਚਨਾ/ਸਿਧਾਂਤਕ ਪਾਠਾਂ ਦੀ ਤਲਾਸ਼ ਕਰਕੇ ਇਕੱਠਾ ਕਰਨਾ ਬਹੁਤ ਅਹਿਮ ਕਾਰਜ ਹੈ।
ਇਸ ਪ੍ਰੋਗਰਾਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਡਾ. ਗੁਰਸੇਵਕ ਸਿੰਘ ਲੰਬੀ ਨੇ ਨਿਭਾਈ। ਇਸ ਪ੍ਰੋਗਰਾਮ ਵਿਚ ਵਿਭਾਗ ਦੇ ਅਧਿਆਪਕ ਡਾ. ਰਾਜਵਿੰਦਰ ਸਿੰਘ, ਡਾ. ਗੁਰਜੰਟ ਸਿੰਘ, ਡਾ. ਰਾਜਮੋਹਿੰਦਰ ਕੌਰ ਤੋਂ ਇਲਾਵਾ ਪ੍ਰੋ. ਤਾਰਾ ਸਿੰਘ, ਡਾ. ਧਰਮਜੀਤ ਸਿੰਘ, ਡਾ. ਗੁਰਪ੍ਰੀਤ ਕੌਰ ਅਤੇ ਗੁਰਨਾਮ ਸਿੰਘ ਅਕੀਦਾ ਸ਼ਾਮਿਲ ਰਹੇ।