ਪੀਏਯੂ ਵਿੱਚ ਮਹਿੰਦਰ ਸਿੰਘ ਰੰਧਾਵਾ ਲਾਇਬਰੇਰੀ ਨੇ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਹਾੜਾ ਮਨਾਇਆ
ਲੁਧਿਆਣਾ 25 ਅਪ੍ਰੈਲ, 2025 ਲੰਘੀ 23 ਅਪ੍ਰੈਲ ਨੂੰ ਪੀਏਯੂ ਦੀ ਡਾਕਟਰ ਮਹਿੰਦਰ ਸਿੰਘ ਰੰਧਾਵਾ ਲਾਇਬਰੇਰੀ ਵਿੱਚ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਸਮਾਰੋਹ ਵਿੱਚ ਪੀਏਯੂ ਦੇ ਉੱਚ ਅਧਿਕਾਰੀਆਂ ਵਿਗਿਆਨੀਆਂ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਕੁੱਲ ਮਿਲਾ ਕੇ 11 ਵਿਦਿਆਰਥੀਆਂ ਨੇ ਇੱਕ ਵਿਸ਼ੇਸ਼ ਪੁਸਤਕ ਸਰਵਰਕ ਡਿਜ਼ਾਇਨਿੰਗ ਮੁਕਾਬਲੇ ਵਿੱਚ ਹਿੱਸਾ ਲਿਆ। ਤਿੰਨ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਜੈਨਟਿਕਸ ਦੇ ਸਾਬਕਾ ਪ੍ਰੋਫੈਸਰ ਡਾ ਜੀਐਸ ਮਿਗਲਾਨੀ ਵਿਸ਼ੇਸ਼ ਮਹਿਮਾਨ ਸਨ। ਉਹਨਾਂ ਨਾਲ ਸ੍ਰੀ ਗੁਰਪ੍ਰੀਤ ਸਿੰਘ ਤੂਰ ਰਿਟਾਇਰਡ ਆਈਪੀਐਸ ਅਧਿਕਾਰੀ ਵੀ ਮਹਿਮਾਨਾਂ ਵਿੱਚ ਸ਼ਾਮਿਲ ਰਹੇ।
ਡਾ ਜੌੜਾ ਅਤੇ ਸ੍ਰੀ ਗੁਰਪ੍ਰੀਤ ਤੂਰ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਨ ਦੇ ਆਦਤ ਦੇ ਲਾਭ ਗਿਣਾਉਂਦਿਆਂ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ। ਡਾ ਮਿਗਲਾਨੀ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਲਿਖਣ ਕਲਾ ਵਿਕਸਿਤ ਕਰਨ ਦੀ ਵਿਗਿਆਨਕ ਤਕਨੀਕ ਸਿਖਾਈ। ਪਲਾਂਟ ਬਰੀਡਰ ਡਾਕਟਰ ਊਸ਼ਾ ਨਾਰਾ ਨੇ ਕਾਪੀਰਾਈਟ ਦੇ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਿੱਤਾ। ਯੂਨੀਵਰਸਿਟੀ ਦੇ ਲਾਇਬ੍ਰੇਰੀਅਨ ਡਾ ਯੋਗਤਾ ਸ਼ਰਮਾ ਨੇ ਵਿਸ਼ਵ ਪੁਸਤਕ ਦਿਹਾੜੇ ਦੀ ਇਤਿਹਾਸਿਕ ਪਿੱਠ ਭੂਮੀ ਬਾਰੇ ਗੱਲ ਕਰਦਿਆਂ ਕਾਪੀਰਾਈਟ ਦੇ ਮਹੱਤਵ ਉੱਪਰ ਚਾਨਣਾ ਪਾਇਆ।