ਕਟਾਰੂਚੱਕ ਨੇ ਕੀਤੀ ਬੀਐਸਐਫ ਜਵਾਨਾਂ ਨਾਲ ਮੁਲਾਕਾਤ, ਪਹਿਲਗਾਮ ਹਮਲੇ ਮਗਰੋਂ ਹਰ ਪ੍ਰਕਾਰ ਦੀ ਮਦਦ ਦਾ ਭਰੋਸਾ
- ਸੂਬਾ ਸਰਕਾਰ ਸਾਡੇ ਬਹਾਦਰ ਜਵਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਹੈ: ਲਾਲ ਚੰਦ ਕਟਾਰੂਚੱਕ
ਚੰਡੀਗੜ੍ਹ/ ਪਠਾਨਕੋਟ 26 ਅਪ੍ਰੈਲ 2025 - ਸੈਨਿਕ ਪਹਿਰੇਦਾਰ ਬਣ ਕੇ ਦੇਸ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ ਤਾਂ ਜਨਤਾ ਚੈਨ ਦੀ ਨੀਂਦ ਸੌਂਦੀ ਹੈ, ਅਤੇ ਇਨ੍ਹਾਂ ਸਰਹੱਦਾਂ ਦੇ ਰਾਖਿਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਅੰਦਰ ਸੁੱਖ ਦਾ ਸਾਹ ਲੈ ਰਹੇ ਹਾਂ। ਅੱਜ ਮੈਨੂੰ ਜਿਲ੍ਹਾ ਪਠਾਨਕੋਟ ਨਾਲ ਲਗਦੀਆਂ ਹਿੱਦ-ਪਾਕ ਅੰਤਰਰਾਸਟਰੀ ਸਰਹੱਦਾਂ ਦੀ ਵਿਜਟ ਕਰਨ ਦਾ ਮੌਕਾ ਮਿਲਿਆ ਅਤੇ ਮੈਂ ਇਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਉੱਤੇ ਮਿਲਣ ਪਹੁੰਚਿਆਂ ਹਾਂ। ਅਸੀਂ ਭਰੋਸਾ ਦਿੰਦੇ ਹਾਂ ਕਿ ਸਰਹੱਦਾਂ ਤੇ ਬੈਠੇ ਸਾਡੇ ਬੀ.ਐਸ.ਐਫ. ਦੇ ਜਵਾਨਾਂ ਅਤੇ ਹੋਰ ਸੈਨਿਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਇਨ੍ਹਾਂ ਸਰਹੱਦਾਂ ਦੇ ਰਾਖਿਆਂ ਦੇ ਨਾਲ ਹੈ।
ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਹਿੰਦ ਪਾਕ ਅੰਤਰਰਾਸਟਰੀ ਸਰਹੱਦ ਵਿਖੇ ਸਥਿਤ ਸਿੰਬਲ ਸਕੋਲ ਪੋਸਟ ਦਾ ਵਿਸ਼ੇਸ਼ ਦੌਰਾ ਕਰਨ ਮਗਰੋਂ ਕੀਤਾ। ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ, ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਪਠਾਨਕੋਟ, ਨਰੇਸ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ.ਵਿੰਗ, ਰਾਜੇਸ ਕੁਮਾਰ ਬਲਾਕ ਪ੍ਰਧਾਨ, ਜੋਗਿੰਦਰ ਪਾਲ ਸਰਪੰਚ ਖੋਜਕੀ ਚੱਕ, ਮੁਨੀਸ ਓਰਫ ਛੋਟੂ ਸਰਪੰਚ ਬਮਿਆਲ, ਸੁਰੇਸ ਸਿੰਘ ਕਮਾਂਡੇਂਟ ਬੀ.ਐਸ.ਐਫ ਅਤੇ ਬੀ.ਐਸ.ਐਫ. ਕੰਪਨੀ ਦੇ ਆਲਾ ਅਧਿਕਾਰੀ ਸਾਹਿਬਾਨ ਵੀ ਹਾਜਰ ਸਨ।
ਜਿਕਰਯੋਗ ਹੈ ਕਿ ਜੰਮੂ ਕਸਮੀਰ ਦੇ ਪਹਿਲਗਾਮ ਅੰਦਰ ਪਿਛਲੇ ਦਿਨੀਂ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਅੱਜ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ , ਡਿਪਟੀ ਕਮਿਸਨਰ ਪਠਾਨਕੋਟ ਅਤੇ ਐਸ.ਐਸ.ਪੀ. ਪਠਾਨਕੋਟ ਨਾਲ ਹਿੰਦ-ਪਾਕ ਸਰਹੱਦ ਤੇ ਸੁਰੱਖਿਆ ਦਾ ਜਾਇਜਾ ਲੈਣ ਅਤੇ ਬੀ. ਐਸ.ਐਫ. ਦੇ ਜਵਾਨਾਂ ਨੂੰ ਮਿਲਣ ਪਹੁੰਚੇ। ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਪੰਜਾਬ, ਡਿਪਟੀ ਕਮਿਸਨਰ, ਐਸ.ਐਸ.ਪੀ. ਅਤੇ ਹੋਰ ਬੀ.ਐਸ.ਐਫ. ਅਧਿਕਾਰੀਆਂ ਨਾਲ ਸਹੀਦ ਕਮਲਜੀਤ ਸਿੰਘ ਦੇ ਸਮਾਰਕ ਉੱਤੇ ਪਹੁੰਚੇ ਅਤੇ ਫੁੱਲ ਮਾਲਾ ਚੜ੍ਹਾ ਕੇ ਸ਼ਹੀਦ ਨੂੰ ਸਿਜਦਾ ਕੀਤਾ।
ਇਸ ਮੌਕੇ ਉੱਤੇ ਸੰਬੋਧਨ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਮੈਨੂੰ ਅਪਣੇ ਜਿਲ੍ਹਾ ਪਠਾਨਕੋਟ ਦੇ ਹਿੰਦ-ਪਾਕ ਅੰਤਰਰਾਸਟਰੀ ਸਰਹੱਦ ਤੇ ਪਹੁੰਚਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਅੰਦਰ ਹਿੰਦ-ਪਾਕ ਸਰਹੱਦ ਨਾਲ 11 ਪੋਸਟਾਂ ਬੀ.ਐਸ.ਐਫ. ਦੀਆਂ ਲਗਦੀਆਂ ਹਨ ਅਤੇ ਸਭ ਤੋਂ ਵੱਡੀ ਪੋਸਟ ਸਿੰਬਲ ਸਕੋਲ ਦੇ ਨਾਮ ਤੋਂ ਜਾਣੀ ਜਾਂਦੀ ਹੈ ਅਤੇ ਇਸ ਪੋਸਟ ਤੋਂ 200 ਮੀਟਰ ਦੀ ਦੂਰੀ ਉੱਤੇ ਪਾਕਿਸਤਾਨ ਦੀ ਹੱਦ ਸ਼ੁਰੂ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਚੌਕੀ ਦੀ ਮਹੱਤਤਾ ਹੈ ਕਿ 1971 ਦੀ ਜੰਗ ਦੇ ਦੌਰਾਨ ਜਦੋਂ ਪਾਕਿਸਤਾਨੀ ਸੈਨਿਕਾਂ ਨੇ ਸਾਡੇ ਜਵਾਨਾਂ ਨੂੰ ਘੇਰ ਲਿਆ। ਉਸ ਯੁੱਧ ਦੌਰਾਨ ਕਾਫੀ ਸੈਨਿਕਾਂ ਨੇ ਸ਼ਹਾਦਤ ਪਾਈ। ਉਸ ਸਮੇਂ ਕਮਲਜੀਤ ਸਿੰਘ ਨੇ ਇਸ ਚੌਕੀ ਨੂੰ ਨਹੀਂ ਛੱਡਿਆ ਅਤੇ ਡੱਟ ਕੇ ਮੁਕਾਬਲਾ ਕੀਤਾ। ਬਾਅਦ ਵਿੱਚ ਕਮਲਜੀਤ ਸਿੰਘ ਨੇ ਵੀ ਸ਼ਹਾਦਤ ਦਾ ਜਾਮ ਪੀਤਾ। ਇਸ ਲਈ ਸਿੰਬਲ ਸਕੋਲ ਪੋਸਟ ਦੀ ਬਹੁਤ ਮਹੱਤਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਦੌਰਾਨ ਪਾਕਿਸਤਾਨ ਵੱਲੋਂ ਇੱਕ ਕੌਝੀ ਹਰਕਤ ਕੀਤੀ ਗਈ। ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਅੰਦਰ ਅੱਤਵਾਦੀਆਂ ਨੇ ਨਿਰਦੋਸ਼ ਲੋਕਾਂ ਉੱਤੇ ਗੋਲੀਆਂ ਚਲਾਈਆਂ। ਇਸ ਤੋਂ ਪੂਰਾ ਦੇਸ਼ ਬਹੁਤ ਗੁੱਸੇ ਵਿੱਚ ਹੈ ਅਤੇ ਭਾਰਤ ਇਸ ਸਮੇਂ ਦੁਸਮਣ ਨੂੰ ਜਵਾਬ ਦੇਣ ਦੇ ਕਾਬਿਲ ਹੈ। ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਅਤੇ ਸਰਹੱਦਾਂ ਉੱਤੇ ਬੈਠੇ ਇਨ੍ਹਾਂ ਸੈਨਿਕਾਂ ਵਿੱਚ ਬਹੁਤ ਵਧੀਆ ਤਾਲਮੇਲ ਹੈ।
ਅੱਜ ਇਨ੍ਹਾਂ ਪੋਸਟਾਂ ਉੱਤੇ ਜਵਾਨਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਵੀ ਸੁਣੀਆਂ ਗਈਆਂ ਹਨ ਅਤੇ ਜਲਦੀ ਹੀ ਇਨ੍ਹਾਂ ਨੂੰ ਦੂਰ ਕੀਤਾ ਜਾਵੇਗਾ ਅਤੇ ਜੋ ਵੀ ਬੀ.ਐਸ.ਐਫ. ਦੀਆਂ ਮੰਗਾਂ ਹਨ ਉਨ੍ਹਾਂ ਨੂੰ ਜਲਦੀ ਹੀ ਪੂਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਬਹੁਤ ਵੱਡਾ ਫੈਂਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਿੰਦ-ਪਾਕ ਅੰਤਰਰਾਸਟਰੀ ਸਰਹੱਦ ਤੇ ਬੀ.ਐਸ.ਐਫ. ਦੇ ਨਾਲ ਸਾਡੀ ਪੰਜਾਬ ਪੁਲਿਸ ਵੀ ਮੋਢੇ ਨਾਲ ਮੋਢਾ ਲਾ ਕੇ ਕਿਸੇ ਵੀ ਸਥਿਤੀ ਦਾ ਜਵਾਬ ਦੇਣ ਲਈ ਖੜੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾ ਦੌਰਾਨ ਪੰਜ ਹਜਾਰ ਹੋਮ ਗਾਰਡ ਵਿੱਚ ਨੋਜਵਾਨ ਭਰਤੀ ਕੀਤੇ ਜਾ ਰਹੇ ਹਨ ਜੋ ਸਰਹੱਦ ਉੱਤੇ ਨਸ਼ਿਆਂ ਦੇ ਖਿਲਾਫ ਅਪਣੀ ਪੈਨੀ ਨਜਰ ਰੱਖਣਗੇ। ਇਸ ਦਾ ਐਲਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਪਹਿਲਾਂ ਹੀ ਕਰ ਚੁੱਕੇ ਹਨ।
ਇਸ ਮੌਕੇ ਉੱਤੇ ਕੈਬਨਿਟ ਮੰਤਰੀ ਪੰਜਾਬ ਅਤੇ ਹੋਰ ਪ੍ਰਸ਼ਾਸਨਿਕ , ਪੁਲਿਸ ਅਧਿਕਾਰੀਆਂ ਨੂੰ ਦੋਸਾਲਾ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ।