Babushahi Special: ਬੱਸ ਅੱਡਾ ਮਾਮਲਾ: ਡਿਪਟੀ ਕਮਿਸ਼ਨਰ ਬਠਿੰਡਾ ਨੇ ਚੌਧਰ ਕਰਨ ਵਾਲਿਆਂ ਨੂੰ ਸੁਣਾਈਆਂ ਖਰੀਆਂ ਖਰੀਆਂ
ਅਸ਼ੋਕ ਵਰਮਾ
ਬਠਿੰਡਾ,25 ਅਪ੍ਰੈਲ 2025: ਬਠਿੰਡਾ ਦੇ ਮੌਜੂਦਾ ਬੱਸ ਅੱਡੇ ਨੂੰ ਸ਼ਿਫਟ ਕਰਨ ਦੇ ਵਿਰੋਧ ਦਰਮਿਆਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਮੁੱਦੇ ਤੇ ਕਥਿਤ ਲੀਡਰੀ ਕਰਨ ਵਾਲਿਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਕਿਸੇ ਵੀ ਵਿਅਕਤੀ ਦਾ ਨਾਮ ਤਾਂ ਨਹੀਂ ਲਿਆ ਪਰ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਉਨ੍ਹਾਂ ਨੇ ਕਾਫੀ ਕੁੱਝ ਸਾਫ ਕਰਦਿਆਂ ਕਿਹਾ ਕਿ ਆਪਣੇ ਹਿੱਤਾਂ ਖਾਤਰ ਇਸ ਮਾਮਲੇ ਨੂੰ ਉਲਝਾਇਆ ਜਾ ਰਿਹਾ ਹੈ । ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਪਸ਼ਟ ਕੀਤਾ ਕਿ ਪੁਰਾਣਾ ਬੱਸ ਅੱਡਾ ਕਿਸੇ ਵੀ ਸੂਰਤ ਵਿੱਚ ਬੰਦ ਨਹੀਂ ਕੀਤਾ ਜਾਏਗਾ ਅਤੇ ਨਜ਼ਦੀਕੀ ਤੇ ਛੋਟੇ ਰੂਟਾਂ ਵਾਲੀਆਂ ਬੱਸਾਂ ਇੱਥੋਂ ਹੀ ਚਲਦੀਆਂ ਰਹਿਣਗੀਆਂ ਜਦੋਂਕਿ ਮਲੋਟ ਰੋਡ ਦੇ ਪ੍ਰਸਤਾਵਿਤ ਬੱਸ ਅੱਡੇ ਤੋਂ ਚੰਡੀਗੜ੍ਹ, ਲੁਧਿਆਣਾ ਅਤੇ ਅੰਮ੍ਰਿਤਸਰ ਵਰਗੇ ਲੰਬੇ ਰੂਟ ਦੀ ਬੱਸਾਂ ਸੇਵਾ ਚੱਲੇਗੀ।
ਉਨ੍ਹਾਂ ਕਿਹਾ ਕਿ ਦੋਵਾਂ ਬੱਸ ਅੱਡਿਆਂ ਵਿਚਕਾਰ ਸਿਟੀ ਬੱਸ ਸੇਵਾ ਸ਼ੁਰੂ ਕੀਤੀ ਜਾਏਗੀ ਜਿਸ ਨਾਲ ਪੁਰਾਣੇ ਬੱਸ ਅੱਡੇ , ਮਿੰਨੀ ਸਕੱਤਰੇਤ, ਸਿਵਲ ਹਸਪਤਾਲ, ਜਿਲ੍ਹਾ ਕਚਹਿਰੀਆਂ ਅਤੇ ਆਦਿ ਥਾਵਾਂ ਤੇ ਆਉਣ ਜਾਣ ਦੌਰਾਨ ਕਿਸੇ ਕਿਸਮ ਦੀ ਪੇ੍ਰਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸੌ ਦੋ ਸੌ ਬੰਦਿਆਂ ਦੇ ਮਨਸੂਬਿਆਂ ਨੂੰ ਪੂਰਾ ਹੋਣ ਦੇਣ ਲਈ ਸ਼ਹਿਰ ਦੀ 4 ਲੱਖ ਦੀ ਅਬਾਦੀ ਨਾਲ ਜੁੜਿਆ ਮੁੱਦਾ ਹਾਈਜੈਕ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਜੋ ਲੋਕ ਅੱਜ ਵਿਰੋਧ ਕਰ ਰਹੇ ਹਨ ਉਨ੍ਹਾਂ ਪਟੇਲ ਨਗਰ ਵਿੱਚ ਬੱਸ ਅੱਡਾ ਬਨਾਉਣ ਲਈ ਨੀਂਹ ਪੱਥਰ ਰੱਖਣ ਮੌਕੇ ਫੋਟੋਆਂ ਖਿਚਵਾਈਆਂ ਸਨ। ਉਨ੍ਹਾਂ ਸਵਾਲ ਕੀਤਾ ਕਿ ਉਦੋਂ ਇੰਨ੍ਹਾਂ ਲੋਕਾਂ ਨੂੰ ਯਾਦ ਨਹੀਂ ਆਇਆ ਕਿ ਪਟੇਲ ਨਗਰ ਵਾਲਾ ਬੱਸ ਅੱਡਾ ਵੀ 4 ਕਿੱਲੋਮੀਟਰ ਦੂਰ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਚਾਰਾਂ ਵੱਡੀਆਂ ਸਿਆਸੀ ਧਿਰਾਂ ਤੋਂ ਇਲਾਵਾ,ਬਾਰ ਐਸੋਸੀਏਸ਼ਨ , ਸਨਅਤਾਂ ਦੇ ਨੁਮਾਇੰਦਿਆਂ, ਵਪਾਰੀ ਅਤੇ ਟੂਰ ਐਂਡ ਟ੍ਰੈਵਲਰਜ਼ ਕੰਪਨੀਆਂ ਆਦਿ ਦੇ ਆਗੂਆਂ ਨਾਲ ਕੀਤੀ ਮੀਟਿੰਗ ਦੌਰਾਨ ਟਰਾਂਸਪੋਰਟ ਕੰਪਨੀਆਂ ਦੇ ਪ੍ਰਤੀਨਿਧਾਂ ਨੇ ਆਪਣੇ ਦਫਤਰ ਤਬਦੀਲ ਕਰਨ ਦੇ ਮੱਦੇਨਜ਼ਰ ਮਲੋਟ ਰੋਡ ਸਾਈਟ ਤੇ ਵਾਜਬ ਕੀਮਤ ’ਚ ਜਗ੍ਹਾ ਮੁਹੱਈਆ ਕਰਵਾਉਣ ਦੀ ਮੰਗ ਰੱਖੀ ਸੀ ਜੋਕਿ ਉਨ੍ਹਾਂ ਨੋਟ ਵੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲਿਆਂ ਚੋਂ ਅੱਧੇ ਤੋਂ ਵੱਧ ਅਜਿਹੇ ਹਨ ਜਿੰਨ੍ਹਾਂ ਨੇ ਸਹਿਮਤੀ ਦਿੱਤੀ ਸੀ ਪਰ ਪਤਾ ਨਹੀਂ ਹੁਣ ਉਨ੍ਹਾਂ ਦਾ ਕੀ ਮਕਸਦ ਹੈ ਕਿ ਉਹ ਵਿਰੋਧਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕ ਬਹੁਤ ਸੂਝ ਬੂਝ ਵਾਲੇ ਹਨ ਅਤੇ ਉਨ੍ਹਾਂ ਨੂੰ ਸਭ ਪਤਾ ਹੈ ਕਿ ਕੌਣ ਝੂਠ ਬੋਲ ਰਿਹਾ ਹੈ ਤੇ ਕੌਣ ਸੱਚ।
ਉਨ੍ਹਾਂ ਕਿਹਾ ਕਿ ਇੰਨ੍ਹਾਂ ਚੋਂ ਕਈਆਂ ਨੇ ਉਨ੍ਹਾਂ ਨੂੰ ਵਟਸਐਪ ਮੈਸੇਜ਼ ਕਰਕੇ ਕਿਹਾ ਸੀ ਕਿ ਕੁੱਝ ਲੋਕ ਇਸ ਮਾਮਲੇ ’ਚ ਰਾਜਨੀਤੀ ਕਰ ਰਹੇ ਹਨ ਪਰ ਬਾਅਦ ’ਚ ਆਪਣੇ ਖਿਲਾਫ ਸਬੂਤ ਬਣਨ ਦੇ ਡਰੋਂ ਉਨ੍ਹਾਂ ਨੇ ਮੈਸੇਜ਼ ਡਿਲੀਟ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਛੋਟੇ ਦੁਕਾਨਦਾਰ ਨੂੰ ਆਪਣੇ ਕਾਰੋਬਾਰ ਸਬੰਧੀ ਖਦਸ਼ਾ ਹੋ ਸਕਦਾ ਹੈ ਪਰ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਾਰੋਬਾਰ ਬਿਲਕੁਲ ਵੀ ਖਤਮ ਨਹੀਂ ਹੋਵੇਗਾ ਕਿਉਂਕਿ ਬੱਸ ਅੱਡਾ ਇੱਥੇ ਹੀ ਰਹਿਣਾ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਬੱਸ ਅੱਡੇ ਵਾਲੀ ਮਾਰਕੀਟ ਚੋਂ ਨੇੜਲੇ ਪਿੰਡਾਂ ਜਾਂ ਸ਼ਹਿਰ ਵਾਸੀ ਹੀ ਖਰੀਦਦਾਰੀ ਕਰਦੇ ਹਨ ਜਿਸ ਕਰਕੇ ਕੰਮ ਧੰਦੇ ਪ੍ਰਭਾਵਿਤ ਹੋਣ ਦੀ ਗੱਲ ਸਹੀ ਨਹੀਂ ਅਤੇ ਪਹਿਲਾਂ ਦੋ ਵਾਰ ਬੱਸ ਅੱਡਾ ਬਦਲਣ ਨਾਲ ਵਪਾਰ ਤੇ ਕੋਈ ਅਸਰ ਨਹੀਂ ਪਿਆ ਹੈ ।
ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਸ ਮਾਮਲੇ ’ਚ ਸਹਿਮਤੀ ਦੇਣ ਵਾਲੇ ਆਗੂਆਂ ਵੱਲੋਂ ਹੁਣ ਦੁਕਾਨਦਾਰਾਂ ਨੂੰ ਉਕਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰਾਂ ਹੀ ਪੀਆਰਟੀਸੀ ਦੀ ਵਰਕਸ਼ਾਪ ਨੂੰ ਵੀ ਬਦਲਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਵਰਕਸ਼ਾਪ ਬਦਲੀ ਜਾਂਦੀ ਹੈ ਤਾਂ ਸ਼ਹਿਰ ਵਿੱਚ ਬੱਸਾਂ ਦੇ ਚੱਕਰ ਵਧ ਜਾਣਗੇ ਜਿਸ ਨਾਲ ਟਰੈਫਿਕ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਏਗੀ । ਉਨ੍ਹਾਂ ਕਿਹਾ ਕਿ ਚੰਡੀਗੜ੍ਹ ਰੋਡ ਤੇ ਛਾਉਣੀ ਹੈ ਅਤੇ ਡੱਬਵਾਲੀ ਰੋਡ ਤੇ ਵੀ ਕੋਈ ਜਗਾ ਨਹੀਂ ਜਿੱਥੇ ਬੱਸ ਅੱਡਾ ਬਣਾਇਆ ਜਾ ਸਕੇ ਇਸ ਲਈ ਗੋਨਿਆਣਾ ਅਤੇ ਮਲੋਟ ਰੋਡ ਹੀ ਬਚਦੀਆਂ ਹਨ ਜਿੰਨ੍ਹਾਂ ਚੋਂ ਮਲੋਟ ਰੋਡ ਸਹੀ ਤੇ ਸੁਰੱਖਿਅਤ ਥਾਂ ਮੰਨੀ ਗਈ ਹੈ।
ਝੂਠ ਬੋਲਦੇ ਡਿਪਟੀ ਕਮਿਸ਼ਨਰ
ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਆਗੂ ਅਤੇ ਟਰਾਂਸਪੋਰਟ ਐਸੋਸੀਏਸ਼ਨ ਦੇ ਆਗੂ ਬਲਤੇਜ ਸਿੰਘ ਦਾ ਕਹਿਣਾ ਸੀ ਕਿ ਇਸ ਡਿਪਟੀ ਕਮਿਸ਼ਨਰ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਾਂ ਮੀਟਿੰਗ ਵਿੱਚ ਸੱਦਿਆ ਹੀ ਨਹੀਂ ਗਿਆ ਫਿਰ ਕਿਸ ਨੂੰ ਸੱਦਕੇ ਸਹਿਮਤੀ ਲੈ ਲਈ ਇਸ ਬਾਰੇ ਤਾਂ ਉਹੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਸ ਅੱਡਾ ਬਦਲਣ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਏਗਾ ਅਤੇ ਸੰਘਰਸ਼ ਕਮੇਟੀ ਇਹ ਫੈਸਲਾ ਲਾਗੂ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਜਰੂਰਤ ਪੈਣ ਤੇ ਹਾਈਕੋਰਟ ਦਾ ਵੀ ਰੁੱਖ ਕੀਤਾ ਜਾਏਗਾ।
ਇਹ ਹੈ ਮਲੋਟ ਰੋਡ ਪ੍ਰਜੈਕਟ
ਮਲੋਟ ਰੋਡ ਤੇ ਥਰਮਲ ਪਲਾਂਟ ਦੀ ਜਗ੍ਹਾ ’ਚ ਬੱਸ ਅੱਡਾ ਬਨਾਉਣ ਦੀ ਯੋਜਨਾ ਹੈ। ਅਕਤੂਬਰ 2023 ’ਚ ਬਠਿੰਡਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਸਲਾਹ ਨਾਲ ਬੱਸ ਅੱਡਾ ਬਨਾਉਣ ਦੀ ਗੱਲ ਆਖੀ ਸੀ। ਸਾਲ 2024 ’ਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਬਠਿੰਡਾ ’ਚ ਦੋ ਬੱਸ ਅੱਡੇ ਹੋਣਗੇ। ਹੁਣ ਅੱਛੇ ਦਿਨ ਕਦੋਂ ਆਉਣਗੇ ਇਸ ਦਾ ਇੰਤਜ਼ਾਰ ਹੈ।