ਸਰਚ ਆਪਰੇਸ਼ਨ ਦੌਰਾਨ ਟੁੱਟੀ ਫੁੱਟੀ ਹਾਲਤ ਵਿੱਚ ਪਾਕਿਸਤਾਨੀ ਡਰੋਨ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਨਿਤ ਨਵੇਂ ਦਿਨ ਡਰੋਨ ਐਕਟੀਵਿਟੀ ਰਾਹੀਂ ਨਸ਼ੇ ਦੀ ਖੇਪ ਅਤੇ ਅਸਲਾ ਭੇਜ ਕੇ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਜਾ ਰਿਹਾ ਹੈ। ਅੱਜ ਫੇਰ ਭਾਰਤ ਦੇ ਨਾਲ ਲੱਗਦੀ ਪਾਕਿਸਤਾਨੀ ਕੋਮੰਤਰੀ ਸਰਹੱਦ ਨਾਲ ਲੱਗਦੇ ਪਿੰਡ ਠੇਠਰਕੇ ਵਿੱਚੋਂ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਹੈ। ਬੀਐਸਐਫ ਅਤੇ ਪੁਲਿਸ ਵੱਲੋਂ ਨੇੜੇ ਤੇੜੇ ਦੀ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਦੀ 113 ਬਟਾਲੀਅਨ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਪਿੰਡ ਠੇਠਰਕੇ ਵਿੱਚ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਜਿਸ ਦੌਰਾਨ ਪਿੰਡ ਦੇ ਇੱਕ ਘਰ ਦੇ ਨੇੜਿਓ ਟੁੱਟੀ ਫੁੱਟੀ ਹਾਲਤ ਵਿੱਚ ਇੱਕ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਹੈ।ਜਿਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਏਅਰ ਕਰਾਫਟ ਐਕਟ ਅਧੀਨ ਆਉਂਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।