ਪੰਜਾਬੀ ਸਾਹਿਤ ਸਭਾ ਮੁਹਾਲੀ ਮਾਸਿਕ ਇਕੱਤਰਤਾ
ਸਰੋਤਿਆਂ ਦੀ ਮੰਗ- ਸਾਹਿਤ ਦੀਆਂ ਹੋਰ ਵਿਧਾਵਾਂ ਉਪਰ ਵੀ ਸੰਬੰਧਿਤ ਵਿਦਿਵਾਨਾਂ ਨੂੰ ਬੁਲਾਕੇ ਅਜਿਹੇ ਵਿਖਿਆਨ ਜ਼ਰੂਰ ਕਰਵਾਏ ਜਾਣ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 21 ਅਪ੍ਰੈਲ 2025-ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਅਪ੍ਰੈਲ ਮਹੀਨੇ,2025 ਮਹੀਨੇ ਦੀ ਮਾਸਿਕ ਇਕੱਤਰਤਾ ਮਿਤੀ 20 ਅਪ੍ਰੈਲ, 2025 ਦਿਨ ਐਤਵਾਰ ਨੂੰ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਡਾ਼ ਗੁਰਵਿੰਦਰ ਸਿੰਘ 'ਅਮਨ' ਦੀ ਪ੍ਰਧਾਨਗੀ ਹੇਠ ਸੰਪਨ ਹੋਈ। ਏਜੰਡੇ ਅਨੁਸਾਰ ਅਰੰਭ ਵਿੱਚ ਪ੍ਰੋ. ਸਵੈਰਾਜ ਸੰਧੂ ਨੇ 'ਕਹਾਣੀ, ਬੀਜ, ਅੰਕੁਰ ਤੇ ਬ੍ਛਿ ਬਨਣ ਤਕ' ਦੇ ਸਫ਼ਰ ਨੂੰ ਮੁੱਢਲੇ ਪੰਜਾਬੀ ਕਥਾਕਾਰਾਂ ਦੀਆਂ ਕਹਾਣੀਆਂ ਦੀਆਂ ਮਿਸਾਲਾਂ ਦੇ ਕੇ ਬਹੁਤ ਵਿਸਥਾਰ ਵਿੱਚ ਸ੍ਰੋਤਿਆਂ ਸਾਹਮਣੇ ਪੇਸ਼ ਕੀਤਾ।
ਸਾਹਿਤ ਸਭਾਵਾਂ ਦੇ ਅਸਲੀ ਮਨੋਰਥ ਨਵਿਆਂ ਲੇਖਕਾਂ ਦੀ ਮੁੱਢਲੀ ਸਕੂਲਿੰਗ ਅਨੁਸਾਰ ਇਹ ਵਿਖਿਆਨ ਬਹੁਤ ਹੀ ਪ੍ਰਭਾਵਸ਼ਾਲੀ, ਸਿੱਖਿਆਦਾਇਕ ਤੇ ਰੌਚਿਕ ਹੋ ਨਿੱਬੜਿਆ। ਸਰੋਤਿਆਂ ਦੀ ਮੰਗ ਸੀ ਕਿ ਸਾਹਿਤ ਦੀਆਂ ਹੋਰ ਵਿਧਾਵਾਂ ਉਪਰ ਵੀ ਸੰਬੰਧਿਤ ਵਿਦਿਵਾਨਾਂ ਨੂੰ ਬੁਲਾਕੇ ਅਜਿਹੇ ਵਿਖਿਆਨ ਜ਼ਰੂਰ ਕਰਵਾਏ ਜਾਣ। ਮੁਸ਼ਕਲ ਇਹ ਬਣ ਚੁੱਕੀ ਹੈ ਕਿ ਖੁੰਬਾਂ ਵਾਂਗ ਪਿਛਲੇ ਸਮੇਂ ਵਿੱਚ ਉੱਗ ਆਈਆਂ ਸਾਹਿਤ ਸਭਾਵਾਂ ਆਪਣਾਂ ਅਸਲੀ ਸਾਹਿਤ ਸਿਰਜਣਾ, ਸਮਝਣਾ ਤੇ ਨਵਿਆਂ ਦਾ ਮਾਰਗਦਰਸ਼ਨ ਕਰਨ ਦਾ ਮਨੋਰਥ ਭੁੱਲ ਕੇ ਅਖੌਤੀ ਨਿੱਜੀ ਸਾਹਿਤਕ ਮੇਲੇ ਲਾਉਣ ਲੱਗ ਪਈਆਂ ਹਨ। ਉਹ ਪਕੌੜਿਆਂ-ਜਲੇਬੀਆਂ ਦੀਆਂ ਪਾਰਟੀਆਂ, ਨਵੇਂ ਥਾਵਾਂ ਦੀਆਂ ਸੈਰਾਂ ਅਤੇ ਦੁਪਹਿਰ ਦੇ ਲੰਗਰ ਹੁਣ ਸੁਹਿਰਦ ਸਰੋਤਿਆਂ ਨੂੰ ਸਾਹਿਤ ਸਮਝਣ ਸਮਝਾਉਣ ਦੀ ਥਾਂ ਸਸਤਾ ਮਨੋਰੰਜਨ ਮੁਹੱਈਆ ਕਰਕੇ ਗਿਣਤੀ ਵਧਾਉਣ ਦੇ ਰਾਹੇ ਪੈ ਚੁੱਕੀਆਂ ਹਨ।
ਇਸ ਪ੍ਰਕਿਰਿਆ ਨੇ ਨਵੇਂ ਸਹਿਤਕਾਰ ਪੈਦਾ ਹੋਣ ਦਾ ਲਗਭਗ ਰਾਹ ਬੰਦ ਕਰ ਛੱਡਿਆ ਹੈ। ਇਨਾਮ ਯਾਫਤਾ ਪੰਜਾਬੀ ਸਾਹਿਤ ਦੇ ਕੁਝ ਵੱਡੇ ਸਾਹਿਤਕਾਰ ਸਾਹਿਤ ਸਭਾਵਾਂ ਦੀ ਹੀ ਦੇਣ ਹਨ। ਇਹ ਯਾਦ ਰੱਖਣ ਦੀ ਅਤਿਅੰਤ ਲੋੜ ਹੈ। ਦੂਜੇ ਦੌਰ ਵਿੱਚ ਖਾਲਸਾ ਦੀ ਸਾਜਨਾ 'ਤੇ ਪਵਿੱਤਰ ਵਿਸਾਖੀ ਦਿਹਾੜੇ ਨਾਲ ਸਬੰਧਤ ਕਾਵਿ ਰਚਨਾਵਾਂ ਦਾ ਕਵੀਆਂ ਨੇ ਪਾਠ ਕੀਤਾ। ਇਸ ਵਿੱਚ ਸਰਵ ਸ਼੍ਰੀ ਹਰਿੰਦਰ ਹਰ, ਧਿਆਨ ਸਿੰਘ ਕਾਹਲੋ, ਅੰਸ਼ਕੂਰ ਮਹੇਸ਼, ਅਮਰਜੀਤ ਸਿੰਘ ਸੁਖਗੜ, ਬਲਵਿੰਦਰ ਸਿੰਘ ਢਿੱਲੋ, ਦਰਸ਼ਨ ਤਿਉਣਾ, ਗੁਰਮੇਲ ਸਿੰਘ ਮੌਜੇਵਾਲ, ਅਡਵੋਕੇਟ ਪ੍ਰਮਿੰਦਰ ਸਿੰਘ ਗਿੱਲ ਅਤੇ ਸ਼੍ਰੀ ਮਤੀ ਪ੍ਰਦੀਪ ਕੌਰ ਨੇ ਹਾਜ਼ਰੀ ਲਵਾਈ। ਡਾ. ਗੁਰਵਿੰਦਰ ਸਿੰਘ 'ਅਮਨ' ਨੇ ਪ੍ਰਧਾਨਗੀ ਭਾਸ਼ਣ ਵਿੱਚ ਪੜ੍ਹੀਆਂ ਗਈਆਂ ਰਚਨਾਵਾਂ ਤੇ ਆਪਣੇ ਪ੍ਰਭਾਵ ਸਾਂਝੇ ਕਰਦਿਆਂ ਦੋ ਮਿੰਨੀ ਕਹਾਣੀਆਂ ਵੀ ਸੁਣਾਈਆਂ ਅੰਤ ਵਿੱਚ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।