ਕਿਸਾਨ ਜਥੇਬੰਦੀਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਪ੍ਰਦਸ਼ਨ ਕਰਨ ਤੋਂ ਜ਼ਬਰਦਸਤੀ ਰੋਕਿਆ
- ਯੂਨੀਅਨ ਦੇ ਦਫਤਰ 'ਚ ਹੀ ਕੀਤਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਵਿਰੋਧ
ਮਲਕੀਤ ਸਿੰਘ ਮਲਕਪੁਰ
ਲਾਲੜੂ 26 ਅਪ੍ਰੈਲ 2025: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਡੇਰਾਬੱਸੀ ਦੌਰੇ ਦਾ ਵਿਰੋਧ ਕਰਨ ਵਾਲੀਆਂ ਕਿਸਾਨ ਜਥੇਬੰਦੀਆਂ ਨੂੰ ਅੱਜ ਪੁਲਿਸ ਪ੍ਰਸ਼ਾਸਨ ਵਲੋਂ ਜ਼ਬਰਦਸਤੀ ਦੱਪਰ ਸਥਿਤ ਦਫ਼ਤਰ ਵਿੱਚ ਹੀ ਰੋਕ ਦਿੱਤਾ ਗਿਆ , ਜਿਸ ਤੋਂ ਰੋਹ ਵਿੱਚ ਆਈਆਂ ਜਥੇਬੰਦੀਆਂ ਵਲੋਂ ਉਥੇ ਹੀ ਆਪਣੇ ਰੋਸ ਦਾ ਪ੍ਰਗਟਾਵਾ ਤਕਰੀਰਾਂ ਰਾਹੀਂ ਕੀਤਾ ਗਿਆ। ਇਹ ਦੱਸਣਯੋਗ ਹੈ ਕਿ ਇਲਾਕੇ ਦੇ ਨਾਮਵਰ ਅਕਾਲੀ ਆਗੂ ਨੂੰ ਅੱਜ ਦੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਡੇਰਾਬੱਸੀ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਸਿਆਸੀ ਸਮਾਗ਼ਮ ਕਰਕੇ ਭਾਜਪਾ ਵਿੱਚ ਸ਼ਾਮਲ ਕਰਵਾਇਆ ਜਾ ਰਿਹਾ ਹੈ , ਜਿਸ ਦਿਨ ਤੋਂ ਇਹ ਖ਼ਬਰ ਪ੍ਰੈਸ ਵਿੱਚ ਆਈ ਸੀ , ਉਸ ਦਿਨ ਤੋਂ ਹੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਇਕਾਈ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਦੇ ਸਿਆਸੀ ਦੌਰੇ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਤੇ ਉਨਾਂ ਨੂੰ ਸੁਆਲ ਕਰਨ ਦਾ ਐਲਾਨ ਕੀਤਾ ਸੀ, ਜਿਸ ਵਿੱਚ ਮੁੱਖ ਤੌਰ ਤੇ ਜਦੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਆਪਣੀਆਂ ਜਾਇਜ਼ ਮੰਗਾਂ ਲਈ ਦਿੱਲੀ ਜਾਣ ਦੀ ਤਿਆਰੀ ਕੀਤੀ ਤਾਂ ਹਰਿਆਣਾ ਸਰਕਾਰ ਵਲੋਂ ਸੜਕਾਂ ਦੇ ਵਿਚਾਲੇ ਕਿੱਲਾਂ ਗੱਡੀਆਂ ਗਈਆਂ ਤੇ ਦੀਵਾਰਾਂ ਖੜੀਆਂ ਕੀਤੀਆਂ ਗਈਆਂ ਤੇ ਹੁਣ ਪੰਜਾਬ ਅੰਦਰ ਆਪਣੀ ਸਿਆਸੀ ਫ਼ਸਲ ਤਿਆਰ ਕਰਨ ਲਈ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ।
ਯੂਨੀਅਨ ਦੇ ਬਲਾਕ ਪ੍ਰਧਾਨ ਕਰਮ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂ ਨਾਇਬ ਸੈਣੀ ਦਾ ਵਿਰੋਧ ਕਰਨ ਜਾਣ ਲਈ ਇੱਕਠੇ ਹੋਏ ਤਾਂ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਰੋਕ ਦਿੱਤਾ ਗਿਆ। ਕਿਸਾਨ ਆਗੂਆਂ ਵਲੋਂ ਮੌਕੇ ਦੀ ਸਥਿਤੀ ਨੂੰ ਸਮਝਦਿਆਂ ਉਥੇ ਹੀ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਤੇ ਬੁਲਾਰਿਆਂ ਨੇ ਸਭ ਤੋਂ ਪਹਿਲਾਂ ਕਸ਼ਮੀਰ ਦੇ ਪਹਿਲਗਾਮ ਵਿੱਚ ਨਿਰਦੋਸ਼ ਲੋਕਾਂ ਦੇ ਕਤਲੇਆਮ ਦੀ ਨਿਖੇਧੀ ਕੀਤੀ ਤੇ ਨਾਲ ਹੀ ਕੇਂਦਰ ਸਰਕਾਰ ਦੀ ਫਿਰਕੂ ਵੰਡਪਾਉ ਸਿਆਸਤ ਤੇ ਵੋਟ ਬਟੋਰੂ ਰਾਜਨੀਤੀ ਦੀ ਨਿਖੇਧੀ ਕੀਤੀ।
ਉਨਾਂ ਨੇ ਪੰਜਾਬ ਸਰਕਾਰ ਦੀ ਅਪਣੇ ਜਮਹੂਰੀ ਹੱਕਾਂ ਲਈ ਲੜਦੇ ਲੋਕਾਂ ਦਾ ਗਲ਼ਾ ਘੁੱਟਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਯਾਦ ਕਰਵਾਇਆ ਕਿ ਪੰਜਾਬ ਸਰਕਾਰ ਔਰਤਾਂ ਨੂੰ ਭੱਤਾ ਦੇਣ, ਬੇਰੁਜ਼ਗਾਰੀ,ਸਿਹਤ ਸਹੂਲਤਾਂ ਤੇ ਨਸ਼ਾ ਬੰਦੀ ਜਿਹੇ ਮੁਦਿਆਂ ਤੇ ਫੇਲ੍ਹ ਸਾਬਿਤ ਹੋਈ ਹੈ, ਜਿਸ ਦਾ ਹਿਸਾਬ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕ ਸਰਕਾਰ ਦੇ ਨੁਮਾਇੰਦਿਆਂ ਤੋਂ ਲੈਣਗੇ।ਇਸ ਲਈ ਮੌਕੇ ਮਨਪ੍ਰੀਤ ਸਿੰਘ ਅਮਲਾਲਾ ਸੂਬਾ ਆਗੂ, ਕੁਲਦੀਪ ਸਿੰਘ ਸਰਸੀਣੀ, ਜਗਤਾਰ ਸਿੰਘ ਝਾਰਮੜੀ, ਰਣਜੀਤ ਸਿੰਘ ਭਗਵਾਨ ਪੁਰ,ਹਰੀ ਸਿੰਘ ਬਹੋੜਾ,ਨਾਨੂ ਸਿੰਘ ਜਨੇਤਪੁਰ,ਗੁਰਪਾਲ ਸਿੰਘ ਦੱਪਰ, ਜਮਹੂਰੀ ਕਿਸਾਨ ਸਭਾ ਵਲੋਂ ਗੁਰਬਿੰਦਰ ਸਿੰਘ, ਸੁਰਜਣ ਸਿੰਘ ਸਾਬਕਾ ਕਬੱਡੀ ਖਿਡਾਰੀ, ਰਣਬੀਰ ਸਿੰਘ ਚਾਂਦਹੇੜੀ, ਜਸਵਿੰਦਰ ਸਿੰਘ ਚਾਂਦਹੇੜੀ ਤੇ ਹਰਪ੍ਰੀਤ ਸਿੰਘ ਚਾਂਦਹੇੜੀ ਆਦਿ ਵੀ ਹਾਜ਼ਰ ਸਨ।