ਹਰਪਾਲ ਚੀਮਾ ਦੀ ਮੌਜੂਦਗੀ ‘ਚ ਹਰਵਿੰਦਰ ਛਾਜਲੀ ਨੇ ਸੰਭਾਲਿਆ ਮਾਰਕਿਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਦਾ ਅਹੁਦਾ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ: ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ
ਦਲਜੀਤ ਕੌਰ
ਸੂਲਰ ਘਰਾਟ/ਦਿੜ੍ਹਬਾ/ਸੰਗਰੂਰ, 26 ਅਪ੍ਰੈਲ, 2025: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ‘ਚ ਮਾਰਕਿਟ ਕਮੇਟੀ ਸੂਲਰ ਘਰਾਟ ਦੇ ਨਵ ਨਿਯੁਕਤ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ ਨੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ ਨੂੰ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੇਅਰਮੈਨ ਛਾਜਲੀ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦੇ ਪ੍ਰੇਰਨਾ ਵੀ ਦਿੱਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਖੇਤੀ ਆਧਾਰਤ ਸੂਬਾ ਹੈ ਅਤੇ ਮਾਰਕਿਟ ਕਮੇਟੀਆਂ ਖੇਤੀ ਖੇਤਰ ਵਿੱਚ ਸੁਧਾਰ ਦਾ ਅਹਿਮ ਅੰਗ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਦੇ ਬੁਨਿਆਦੀ ਢਾਂਚੇ ਖਾਸਕਰ ਸੜਕੀ ਅਰਥਚਾਰੇ ਨੂੰ ਸੁਧਾਰਨ ਵਿੱਚ ਮਾਰਕਿਟ ਕਮੇਟੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਵਿੱਚ ਅਰਥਚਾਰੇ ਤੋਂ ਇਲਾਵਾ ਮਜ਼ਦੂਰਾਂ ਅਤੇ ਕਿਸਾਨਾਂ ਦੀ ਭਲਾਈ ਲਈ ਵੀ ਸਕੀਮਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਇਸ ਲਈ ਆਪਣੇ ਇਲਾਕੇ ਦੇ ਵਿਕਾਸ ਅਤੇ ਬਿਹਤਰੀ ਲਈ ਮਾਰਕਿਟ ਕਮੇਟੀ ਦੇ ਨਵਨਿਯੁਕਤ ਚੇਅਰਮੈਨ ਬਹੁਤ ਵਧੀਆ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਇਲਾਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਖਾਸਕਰ ਉਹ ਨਿੱਜੀ ਤੌਰ ‘ਤੇ ਹਮੇਸ਼ਾ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ ਦਾ ਡੱਟ ਕੇ ਸਾਥ ਦੇਣਗੇ।
ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਘਰਾਂ ਨਾਲ ਸਬੰਧਤ ਵਿਅਕਤੀਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਭਲਾਈ ਸਕੀਮਾਂ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਨਗਰ ਸੁਧਾਰ ਟਰੱਸਟ ਪ੍ਰੀਤਮ ਸਿੰਘ ਪੀਤੂ, ਕੈਬਨਿਟ ਮੰਤਰੀ ਦੇ ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਚੇਅਰਮੈਨ ਜਸਵੀਰ ਕੌਰ ਸ਼ੇਰਗਿੱਲ, ਚੇਅਰਮੈਨ ਅਵਤਾਰ ਸਿੰਘ ਈਲਵਾਲ, ਮਾਰਕਿਟ ਕਮੇਟੀ ਸਕੱਤਰ ਨਰਿੰਦਰਪਾਲ ਸਿੰਘ ਅਤੇ ਨਵ-ਨਿਯੁਕਤ ਚੇਅਰਮੈਨ ਛਾਜਲੀ ਦੇ ਪਰਿਵਾਰਕ ਮੈਂਬਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।