Babushahi Special: ਡਿਪਟੀ ਕਮਿਸ਼ਨਰ ਦੀ ਬੋਲਬਾਣੀ ਤੋਂ ਭਖਿਆ ਬਠਿੰਡਾ ਦਾ ਬੱਸ ਅੱਡਾ ਬਦਲਣ ਖਿਲਾਫ ਸੰਘਰਸ਼ ਦਾ ਮੈਦਾਨ
ਅਸ਼ੋਕ ਵਰਮਾ
ਬਠਿੰਡਾ,26 ਅਪ੍ਰੈਲ 2025: ਬਠਿੰਡਾ ’ਚ ਬਣਨ ਵਾਲੇ ਨਵੇਂ ਬੱਸ ਅੱਡੇ ਦੀ ਤਬਦੀਲੀ ਨੂੰ ਲੈਕੇ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਬਿਨਾਂ ਨਾਮ ਲਏ ਕੁੱਝ ਆਗੂਆਂ ਪ੍ਰਤੀ ਕੀਤੀਆਂ ਟਿੱਪਣੀਆਂ ਤੋਂ ਭੜਕੇ ਸ਼ਹਿਰ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੁੱਝ ਧਨਾਢਾਂ ਦੇ ਹਿੱਤਾਂ ਦੀ ਪੂਰਤੀ ਲਈ ਕੀਤਾ ਇਹ ਲੋਕ ਵਿਰੋਧੀ ਫੈਸਲਾ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਏਗਾ। ਅੱਜ ਬੱਸ ਅੱਡਾ ਬਚਾਓ ਕਮੇਟੀ ਨੇ ਦੁਕਾਨਾਂ ਬੰਦ ਕਰਕੇ ਰੋਸ ਮਾਰਚ ਦਾ ਸੱਦਾ ਦਿੱਤਾ ਸੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਬੱਸ ਅੱਡੇ ਲਾਗਲੇ ਬਜ਼ਾਰਾਂ ਵਿੱਚ ਮੁਕੰਮਲ ਬੰਦ ਸਨ ਅਤੇ ਵਪਾਰੀਆਂ ਵਿੱਚ ਭਾਰੀ ਉਤਸ਼ਾਹ ਦਿਖਾਈ ਦਿੱਤਾ। ਇਸ ਮੌਕੇ ਆਗੂਆਂ ਨੇ ਡਿਪਟੀ ਕਮਿਸ਼ਨਰ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ ਜਦੋਂਕਿ ਲੋਕਾਂ ਨੇ ਨਾਅਰੇਬਾਜੀ ਕਰਕੇ ਸਭ ਤੋਂ ਵੱਧ ਭੜਾਸ ਵੀ ਬਠਿੰਡਾ ਦੇ ਵਿਧਾਇਕ ਤੇ ਡੀਸੀ ਖਿਲਾਫ਼ ਕੱਢੀ ਅਤੇ ਲੋਕਾਂ ਨੇ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ।

ਦੁਕਾਨਦਾਰਾਂ ਅਤੇ ਵੱਖ ਵੱਖ ਧਿਰਾਂ ਦੇ ਪ੍ਰਤੀਨਿਧਾਂ ਦਾ ਪ੍ਰਤੀਕਰਮ ਸੀ ਕਿ ਡਿਪਟੀ ਕਮਿਸ਼ਨਰ ਚੰਦ ਬੰਦਿਆਂ ਖਾਤਰ ਸ਼ਹਿਰ ਦੀ ਵਿਰਾਸਤ ਬਣ ਚੁੱਕੇ ਬੱਸ ਅੱਡੇ ਨੂੰ ਖਤਮ ਕਰਨ ਤੇ ਤੁਲੇ ਹੋਏ ਹਨ ਪਰ ਏਕੇ ਦੇ ਜੋਰ ਤੇ ਇਹ ਬੱਸ ਅੱਡਾ ਤਬਦੀਲ ਨਹੀਂ ਹੋਣ ਦਿੱਤਾ ਜਾਏਗਾ। ਅੱਜ ਦੇ ਰੋਸ ਮਾਰਚ ਨੂੰ ਮਾਲਵਾ ਜੋਨ ਬੱਸ ਐਸੋਸੀਏਸ਼ਨ ਦੇ ਆਗੂ ਬਲਤੇਜ ਸਿੰਘ ,ਸਮਾਜਿਕ ਆਗੂ ਗੁਰਵਿੰਦਰ ਸ਼ਰਮਾ, ਸੋਨੂੰ ਮਹੇਸ਼ਵਰੀ, ਕੌਂਸਲਰ ਸੰਦੀਪ ਗਰਗ, ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ,ਡਾਕਟਰ ਅਜੀਤਪਾਲ ਸਿੰਘ ,ਹਰਵਿੰਦਰ ਸਿੰਘ,ਐਡਵੋਕੇਟ ਬਿਸ਼ਨਦੀਪ ਕੌਰ,ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਗੁਰਪ੍ਰੀਤ ਆਰਟਿਸਟ ਅਤੇ ਬੀਜੇਪੀ ਆਗੂ ਸੰਦੀਪ ਅਗਰਵਾਲ ਆਦਿ ਬੁਲਾਰਿਆਂ ਨੇ ਸੰਬੋੋਧਨ ਕਰਦਿਆਂ ਬੱਸ ਅੱਡਾ ਤਬਦੀਲ ਕਰਨ ਦੇ ਫੈਸਲੇ ਨੂੰ ਪੂਰੀ ਤਰਾਂ ਕਾਰੋਬਾਰ ਮਾਰੂ ਅਤੇ ਆਲੇ ਦੁਆਲੇ ਪਿੰਡਾਂ ਸ਼ਹਿਰਾਂ ਵਿੱਚੋਂ ਕੰਮ ਧੰਦਿਆਂ ਲਈ ਬਠਿੰਡਾ ਆਉਣ ਵਾਲਿਆਂ ਵਾਸਤੇ ਪ੍ਰੇਸ਼ਾਨੀ ਕਰਾਰ ਦਿੱਤਾ।
ਇਸ ਮੌਕੇ ਬੋਲਦਿਆਂ ਰਾਜਨ ਗਰਗ ਨੇ ਕਿਹਾ ਕਿ ਇਸ ਸਬੰਧ ਵਿੱਚ ਬੁਲਾਈ ਮੀਟਿੰਗ ਦੌਰਾਨ ਪ੍ਰਸ਼ਾਸ਼ਨ ਨੇ ਆਪਣਾ ਪੱਖ ਰੱਖਿਆ ਸੀ ਪਰ ਉਨ੍ਹਾਂ ਨੇ ਕਦੇ ਵੀ ਸਹਿਮਤੀ ਨਹੀਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਏ ਕਿ ਉਹ ਇਸ ਫੈਸਲੇ ਨਾਲ ਸਹਿਮਤ ਹੋਏ ਹਨ ਤਾਂ ਉਹ ਕੋਈ ਵੀ ਸਜ਼ਾ ਭੁਗਤਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਆਏ ਸਨ ਤਾਂ ਉਨ੍ਹਾਂ ਨੇ ਵੀ ਇਹੋ ਕਿਹਾ ਸੀ ਕਿ ਜੇਕਰ ਲੋਕ ਚਾਹੁਣਗੇ ਤਾਂ ਬੱਸ ਅੱਡਾ ਤਬਦੀਲ ਕੀਤਾ ਜਾਏਗਾ ਪਰ ਜਦੋਂ ਕੋਈ ਹੁਣ ਚਾਹੁੰਦਾ ਹੀ ਨਹੀਂ ਤਾਂ ਫਿਰ ਇਹ ਫੈਸਲਾ ਧੱਕੇ ਨਾਲ ਕਿਓਂ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਬਠਿੰਡਾ ਪ੍ਰਸ਼ਾਸ਼ਨ ਨੂੰ ਨਸੀਹਤ ਦਿੱਤੀ ਕਿ ਲੋਕ ਰਾਏ ਦੇ ਉਲਟ ਅਧਿਕਾਰੀ ਸਦਾ ਲਈ ਲੋਕਾਂ ਦੀ ਸੰਘੀ ਘੁੱਟਣ ਵਾਲਾ ਫੈਸਲਾ ਲਾਗੂ ਕਰਨ ਤੋਂ ਪੈਰ ਪਿੱਛੇ ਹਟਾਉਣ।
ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਮੌਜੂਦਾ ਬੱਸ ਅੱਡੇ ਨੂੰ ਮਲੋਟ ਰੋਡ ’ਤੇ ਤਬਦੀਲ ਕਰਨ ਦੀ ਆਪਣੀ ਜ਼ਿੱਦ ਨਾ ਛੱਡੀ ਤਾਂ ਉਹ ਲੋਕਾਂ ਦੇ ਸਹਿਯੋਗ ਨਾਲ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ ਜਿਸ ਤੋਂ ਪੈਦਾ ਹੋਣ ਵਾਲੇ ਸਿੱਟਿਆਂ ਪ੍ਰਤੀ ਬਠਿੰਡਾ ਪ੍ਰਸ਼ਾਸ਼ਨ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗਾ। ਸੰਘਰਸ਼ ਕਮੇਟੀ ਦੇ ਮੀਡੀਆ ਕਨਵੀਨਰ ਸੰਦੀਪ ਅਗਰਵਾਲ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸਿਆਸੀ ਪਾਰਟੀਆਂ ਵੱਲੋਂ ਸਹਿਮਤੀ ਦੇਣ ਸਬੰਧੀ ਗੁੰਮਰਾਹਕੁੰਨ ਪ੍ਰਾਚਰ ਕਰ ਰਹੇ ਹਨ ਜਦੋਂ ਕਿ ਸਮੂਹ ਸਿਆਸੀ ਧਿਰਾਂ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਬੱਸ ਸਟੈਂਡ ਨੂੰ ਬਦਲਣ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਭੂ-ਮਾਫੀਆ ਅਤੇ ਕੁੱਝ ਰਸੂਖਵਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਬੱਸ ਅੱਡਾ ਬਦਲਣ ’ਤੇ ਅੜੀ ਹੋਈ ਹੈ।
ਇਸ ਮਾਮਲੇ ਸਬੰਧੀ ਸੰਦੀਪ ਬਾਬੀ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਅਤੇ ਇਸ ਫੈਸਲੇ ਨੂੰ ਰੱਦ ਕਰਨ ਲਈ ਸਰਕਾਰ ਨੂੰ ਲਿਖਣਾ ਚਾਹੀਦਾ ਹੈ। ਮਸ਼ਹੂਰ ਚਿੱਤਰਕਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਵਿੱਚ ਰਹਿ ਕੇ ਕੰਮ ਕਰਨ ਦੀ ਗੱਲ ਕਰਦੀ ਹੈ, ਪਰ ਹੁਣ ਲੋਕਾਂ ਦੀ ਆਵਾਜ਼ ਦਬਾ ਕੇ ਬੱਸ ਅੱਡਾ ਬਦਲਣਾ ਚਾਹੁੰਦੀ ਹੈ ਜੋ ਬਠਿੰਡਾ ਵਾਸੀਆਂ ਨੂੰ ਕਿਸੇ ਵੀ ਕੀਮਤ ਤੇ ਪ੍ਰਵਾਨ ਨਹੀਂ ਹੈ। ਸਮਾਜਿਕ ਆਗੂ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਸਿਰਫ ਧਨਾਢ ਅਤੇ ਰਸੂਖਵਾਨ ਲੋਕਾਂ ਵੱਲੋਂ ਹਾਮੀ ਭਰਨ ਵਿੱਚ ਸਮੁੱਚੇ ਸ਼ਹਿਰ ਦੀ ਰਾਏ ਕਿਸ ਤਰਾਂ ਸ਼ਾਮਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਬਠਿੰਡਾ ਪ੍ਰਸ਼ਾਸ਼ਨ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੰਕੇ ਦੀ ਚੋਟ ਤੇ ਵਿਰੋਧ ਕੀਤਾ ਜਾਵੇਗਾ।
ਪ੍ਰਭਾਵਿਤ ਹੋਣ ਵਾਲਾ ਖਿੱਤਾ
ਜਿਲ੍ਹਾ ਕਚਹਿਰੀਆਂ, ਆਮਦਨ ਕਰ ਦਫਤਰ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਡਿਪੂ, ਤਹਿਸੀਲਦਾਰ ਦਫਤਰ, ਡਿਪਟੀ ਕਮਿਸ਼ਨਰ ਤੇ ਪੁਲਿਸ ਪ੍ਰਸ਼ਾਸ਼ਨ ਦੇ ਸਮੂਹ ਦਫਤਰਾਂ ਵਾਲਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਹੈ ਜਿੱਥੇ ਆਉਣ ਵਾਲਿਆਂ ਦੀ ਖੱਜਲ ਖੁਆਰੀ ਵਧੇਗੀ। ਬਾਹਰਲੇ ਪਿੰਡਾਂ ਸ਼ਹਿਰਾਂ ਅਤੇ ਸੂਬਿਆਂ ਚੋਂ ਆਉਣ ਵਾਲਿਆਂ ਲਈ ਅਹਿਮ ਸਹੂਲਤ ਖਤਮ ਹੋ ਜਾਏਗੀ। ਇਸ ਤੋਂ ਬਿਨਾਂ ਨਜ਼ਦੀਕ ਪੈਂਦੀਆਂ ਦੁਕਾਨਾਂ ਦਾ ਕਾਰੋਬਾਰ ਪੂਰੀ ਤਰਾਂ ਪ੍ਰਪਾਵਿਤ ਹੋਵੇਗਾ। ਲੋਕਾਂ ਦੀਆਂ ਜੇਬਾਂ ਨੂੰ ਆਰਥਿਕ ਰਗੜਾ ਲੱਗੇਗਾ ਅਤੇ ਆਵਾਜਾਈ ਪ੍ਰਬੰਧ ਪੂਰੀ ਤਰਾਂ ਡਗਮਗਾ ਜਾਣਗੇ।