ਸਾਨੂੰ ਸਾਰਿਆਂ ਨੂੰ ਰਲ ਕੇ ਬਾਬਾ ਸਾਹਿਬ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ : ਜਸਵੀਰ ਸਿੰਘ ਗੜ੍ਹੀ
ਅਸ਼ੋਕ ਵਰਮਾ
ਬਠਿੰਡਾ, 26 ਅਪ੍ਰੈਲ 2025: ਸਾਨੂੰ ਸਭ ਨੂੰ ਇਕੱਠੇ ਹੋ ਕੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸ. ਜਸਵੀਰ ਸਿੰਘ ਗੜ੍ਹੀ ਨੇ ਸਥਾਨਕ ਟੀਚਰਜ਼ ਹੋਮ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਚੇਤਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਬਠਿੰਡਾ ਦਿਹਾਤੀ ਸ਼੍ਰੀ ਅਮਿਤ ਰਤਨ ਕੋਟਫੱਤਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ।
ਇਸ ਮੌਕੇ ਮੁੱਖ ਮਹਿਮਾਨ ਅਨੂਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਤੱਕ ਸਮਾਜ ਦੇ ਵਿੱਚੋਂ ਜਾਤ ਆਧਾਰਿਤ ਵਿਤਕਰੇ ਨੂੰ ਖ਼ਤਮ ਨਹੀਂ ਕੀਤਾ ਜਾਂਦਾ, ਓਦੋਂ ਤੱਕ ਅਸੀਂ ਚੰਗੇ ਸਮਾਜ ਦੀ ਕਲਪਨਾ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ 'ਪੜ੍ਹੋ-ਜੁੜੋ-ਸੰਘਰਸ਼ ਕਰੋ' ਦਾ ਇੱਕ ਬਹੁਤ ਹੀ ਕ੍ਰਾਂਤੀਕਾਰੀ ਸੰਦੇਸ਼ ਦਿੱਤਾ ਹੈ, ਪਰ ਅਸੀਂ ਸਾਰੇ ਹੀ ਅੱਜ ਤੱਕ ਇਸ ਸੰਦੇਸ਼ ਤੇ ਅਮਲ ਨਹੀਂ ਕਰ ਸਕੇ। ਸਾਨੂੰ ਅੱਜ ਦੇ ਸਮੇਂ ਇਸ ਸੰਦੇਸ਼ ਤੇ ਅਮਲ ਕਰਨ ਦੀ ਬੇਹੱਦ ਲੋੜ ਹੈ।
ਸ. ਗੜ੍ਹੀ ਨੇ ਕਿਹਾ ਕਿ ਅਨੂਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਹਰ ਸਮੇਂ ਤੁਹਾਡੇ ਨਾਲ ਖੜ੍ਹਾ ਹੈ, ਤੁਸੀਂ ਕਿਸੇ ਵੀ ਮੁਸ਼ਕਿਲ ਦੇ ਹੱਲ ਲਈ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਅਸੀਂ ਤੁਹਾਡੀ ਮੁਸ਼ਕਿਲ ਨੂੰ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਸ ਸੀ ਕਾਰਪੋਰੇਸ਼ਨ ਦੇ 2020 ਤੱਕ ਦੇ ਬਕਾਇਆ ਕਰਜੇ ਮਾਫ ਕਰ ਦਿੱਤੇ ਗਏ ਹਨ। ਮੈਂ ਕਮਿਸ਼ਨ ਦੇ ਚੇਅਰਮੈਨ ਦੇ ਤੌਰ 'ਤੇ ਅਨੂਸੂਚਿਤ ਜਾਤੀਆਂ ਅਤੇ ਪਛੜੀਆਂ ਸ੍ਰੇਣੀਆਂ ਦੀ ਭਲਾਈ ਨਾਲ ਸਬੰਧਤ ਹੋਰ ਵੀ ਕਈ ਸਾਰੇ ਮਾਮਲੇ ਸਰਕਾਰ ਦੇ ਧਿਆਨ ਵਿੱਚ ਲਿਆਂਦੇ ਹਨ, ਜਿਹਨਾਂ ਤੇ ਜਲਦੀ ਹੀ ਅਮਲ ਹੋਣ ਦੀ ਸੰਭਾਵਨਾ ਹੈ।
ਇਸ ਮੌਕੇ ਸ. ਗੜ੍ਹੀ ਨੇ ਬੀਤੇ ਦਿਨੀ ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਦਹਿਸ਼ਤਗਰਦੀ ਹਮਲੇ ਦੀ ਸਖਤ ਨਿੰਦਿਆ ਕੀਤੀ।
ਇਸ ਮੌਕੇ ਬਠਿੰਡਾ ਦਿਹਾਤੀ ਦੇ ਵਿਧਾਇਕ ਸ਼੍ਰੀ ਅਮਿਤ ਰਤਨ ਕੋਟਫੱਤਾ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਅੱਖੋਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹਨਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਮਾਜ ਨੂੰ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਪਾ ਕੇ ਚੱਲਣ ਦੀ ਬੇਹੱਦ ਲੋੜ ਹੈ ਉਹਨਾਂ ਕਿਹਾ ਕਿ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ ਜੇਕਰ ਅਸੀਂ ਉਹਨਾਂ ਵੱਲੋਂ ਦੱਸੇ ਹੋਏ ਰਾਹਾਂ 'ਤੇ ਤੁਰਨ ਦੀ ਕੋਸ਼ਿਸ਼ ਕਰੀਏ।
ਇਸ ਮੌਕੇ ਵਿਧਾਇਕ ਸ੍ਰੀ ਅਮਿਤ ਰਤਨ ਕੋਟਫੱਤਾ ਇਹ ਵੀ ਕਿਹਾ ਕਿ ਧਰਮ, ਜਾਤ ਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਦਲਿੱਤ ਵਰਗ, ਲੋੜਵੰਦਾਂ, ਗਰੀਬਾਂ, ਪੀੜਤਾਂ ਤੇ ਮਜ਼ਲੂਮਾਂ ਨੂੰ ਇਨਸਾਫ ਦਿਵਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਸ. ਜਸਵੀਰ ਸਿੰਘ ਗੜ੍ਹੀ ਨੇ ਦਲਿੱਤ ਵਰਗ ਨਾਲ ਸਬੰਧ ਭਾਈਚਾਰੇ ਦੀਆਂ ਸਮੱਸਿਆਵਾਂ ਸੁਣੀਆਂ, ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਉਹ ਦਲਿੱਤ ਵਰਗ ਨਾਲ ਸਬੰਧਤ ਮਜਲੂਮਾਂ ਨੂੰ ਨਿਆਂ ਦਿਵਾਉਣ।
ਪ੍ਰੋਗਰਾਮ ਦੌਰਾਨ ਏਮਜ ਬਠਿੰਡਾ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਗੁਪਤਾ, ਖਾਦੀ ਬੋਰਡ ਦੇ ਨੋਡਲ ਅਫਸਰ ਦਵਿੰਦਰ ਸਿੰਘ, ਦਲਿਤ ਸੈਨਾ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ, ਐੱਸ ਸੀ ਬੀ ਸੀ ਭਲਾਈ ਮੰਚ ਦੇ ਪ੍ਰਧਾਨ ਤਾਰਾ ਚੰਦ, ਪੰਜਾਬ ਸ਼ਡਿਊਲ ਕਾਸਟ ਲੈਂਡ ਤੇ ਫਾਇਨੈਂਸ ਕਾਰਪੋਰੇਸ਼ਨ ਦੇ ਵਾਇਸ ਪ੍ਰਧਾਨ ਸ. ਗੁਰਜੰਟ ਸਿੰਘ ਸਿਵੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕੁਲਵੰਤ ਸਿੰਘ ਕਾਲਝਰਾਣੀ ਨੇ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਈ।
ਇਸ ਮੌਕੇ ਪ੍ਰੋਫੈਸਰ ਸਵਰਨਜੀਤ ਸਿੰਘ ਨੂਰ, ਡਾ. ਹਰਬੰਸ ਸਿੰਘ ਝੁੰਬਾ, ਗੁਰਤੇਜ ਸਿੰਘ ਕੰਡਿਆਰਾ, ਅਮਨਦੀਪ ਸਿੰਘ ਸਿਵੀਆ, ਗੁਰਮੇਲ ਸਿੰਘ ਭੋਲੂ, ਐਡਵੋਕੇਟ ਸੰਜੀਵ ਅੰਬੇਡਕਰ, ਉੱਘੇ ਕਲਾਕਾਰ ਬਲਵੀਰ ਚੋਟੀਆਂ, ਸਟੇਟ ਅਵਾਰਡੀ ਮਾਸਟਰ ਜਗਸੀਰ ਸਿੰਘ ਤੋਂ ਇਲਾਵਾ ਆਮ ਲੋਕ ਆਦਿ ਹਾਜ਼ਰ ਸਨ।