'ਆਪ' ਸਰਕਾਰ ਦੀ ਮੈਗਾ ਸਫਾਈ ਮੁਹਿੰਮ; ਵਿਧਾਇਕਾਂ, ਮੰਤਰੀਆਂ ਅਤੇ ਵਲੰਟੀਅਰਾਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਮਿਲਾਇਆ ਹੱਥ
- ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਸੈਨੀਟੇਸ਼ਨ ਵਰਕਰਾਂ ਦੀ ਮਿਹਨਤ ਦੀ ਕੀਤੀ ਸ਼ਲਾਘਾ
ਚੰਡੀਗੜ੍ਹ/ਲੁਧਿਆਣਾ, 26 ਅਪ੍ਰੈਲ 2025 - ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਢੁਕਵੀਂ ਸਫਾਈ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲੁਧਿਆਣਾ ਸ਼ਹਿਰ ਦੇ ਸਾਰੇ ਵਿਧਾਇਕਾਂ ਅਤੇ ਮੇਅਰ ਨਾਲ ਅੱਜ ਲੁਧਿਆਣਾ ਸ਼ਹਿਰ ਭਰ ਵਿੱਚ ਵਿਆਪਕ ਸਫਾਈ ਮੁਹਿੰਮ ਸ਼ੁਰੂ ਕੀਤੀ।
ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਮੁੰਡੀਆਂ ਨੇ ਜਮਾਲਪੁਰ ਚੌਕ, ਚੰਡੀਗੜ੍ਹ ਰੋਡ ਤੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਜਦੋਂ ਕਿ ਲੁਧਿਆਣਾ ਸ਼ਹਿਰ ਦੇ ਵਿਧਾਇਕਾਂ ਨੇ ਆਪਣੇ-ਆਪਣੇ ਹਲਕਿਆਂ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ।
ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਢੋਲੇਵਾਲ ਚੌਕ ਤੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ, ਜਦੋਂ ਕਿ ਆਤਮ ਨਗਰ ਤੋਂ ਵਿਧਾਇਕ ਸ੍ਰੀ ਕੁਲਵੰਤ ਸਿੰਘ ਸਿੱਧੂ ਨੇ ਭਗਵਾਨ ਚੌਕ, ਗਿੱਲ ਰੋਡ ਤੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਸ਼ਗਨ ਪੈਲੇਸ ਤੋਂ ਅਤੇ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਬਾਲ ਸਿੰਘ ਨਗਰ ਤੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਅਤੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਵਰਧਮਾਨ ਚੌਕ, ਚੰਡੀਗੜ੍ਹ ਰੋਡ ਤੋਂ ਇਸ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਕੌਂਸਲਰ ਅਮਨ ਬੱਗਾ, ਨਿਧੀ ਗੁਪਤਾ ਸਮੇਤ ਹੋਰਨਾਂ ਨੇ ਵੀ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ।
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡਚਲਵਾਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ ਅਤੇ ਅਭਿਸ਼ੇਕ ਸ਼ਰਮਾ, ਜ਼ੋਨਲ ਕਮਿਸ਼ਨਰ ਨੀਰਜ ਜੈਨ ਅਤੇ ਗੁਰਪਾਲ ਸਿੰਘ ਸਮੇਤ ਹੋਰਨਾਂ ਨਗਰ ਨਿਗਮ ਅਧਿਕਾਰੀਆਂ ਨੇ ਵੀ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ।
ਇਸ ਵਿਆਪਕ ਸਫਾਈ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਸਾਰੇ ਵਾਰਡਾਂ ਨੂੰ ਕਵਰ ਕੀਤਾ ਜਾਵੇਗਾ। ਸੜਕਾਂ, ਪਾਰਕਾਂ ਆਦਿ ਦੀ ਸਫਾਈ ਤੋਂ ਇਲਾਵਾ ਨਗਰ ਨਿਗਮ ਦੇ ਸਬੰਧਤ ਸਟਾਫ ਨੂੰ ਜਿੱਥੇ ਵੀ ਲੋੜ ਹੋਵੇ ਸੀਵਰ ਲਾਈਨਾਂ/ਸੜਕਾਂ ਦੀਆਂ ਨਾਲੀਆਂ ਦੀ ਸਫਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਗਰਮੀਆਂ ਦੇ ਮੌਸਮ ਦੌਰਾਨ ਵਸਨੀਕਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਵਸਨੀਕਾਂ ਨੂੰ ਵੈਕਟਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਫੌਗਿੰਗ ਵੀ ਕੀਤੀ ਜਾਵੇਗੀ। ਸੂਬਾ ਸਰਕਾਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਸਫਾਈ ਮੁਹਿੰਮ ਦੌਰਾਨ ਨਿਯਮਤ ਸਫਾਈ ਗਤੀਵਿਧੀਆਂ, ਰਹਿੰਦ-ਖੂੰਹਦ ਪ੍ਰਬੰਧਨ ਪ੍ਰੋਗਰਾਮ ਅਤੇ ਲੁਧਿਆਣਾ ਵਿੱਚ ਭਾਈਚਾਰਕ ਸ਼ਮੂਲੀਅਤ ਦੇ ਯਤਨ ਸ਼ਾਮਲ ਹੋਣਗੇ।
ਲੁਧਿਆਣਾ ਦੇ ਗੁਮਨਾਮ ਨਾਇਕਾਂ ਪ੍ਰਤੀ ਦਿਲੀਂ ਹਮਦਰਦੀ ਜ਼ਾਹਰ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਮੁੰਡੀਆਂ ਨੇ ਅੱਜ ਸਵੇਰੇ ਜਮਾਲਪੁਰ ਚੌਕ ਤੋਂ ਮੁੱਖ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸਫਾਈ ਕਰਮਚਾਰੀਆਂ ਨੂੰ ਨਿੱਜੀ ਤੌਰ 'ਤੇ ਚਾਹ ਅਤੇ ਮਠਿਆਈਆਂ ਵੰਡੀਆਂ।
ਕੈਬਨਿਟ ਮੰਤਰੀ ਨੇ ਸ਼ਹਿਰ ਦੀ ਸਫਾਈ ਬਣਾਈ ਰੱਖਣ ਵਿੱਚ ਸਫਾਈ ਕਰਮਚਾਰੀਆਂ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।
ਕੈਬਨਿਟ ਮੰਤਰੀ ਮੁੰਡੀਆਂ, ਸ਼ਹਿਰ ਦੇ ਸਾਰੇ ਵਿਧਾਇਕਾਂ ਅਤੇ ਮੇਅਰ ਨੇ ਲੁਧਿਆਣਾ ਦੇ ਸਾਰੇ ਨਿਵਾਸੀਆਂ ਨੂੰ ਇਸ ਨੇਕ ਯਤਨ ਵਿੱਚ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਸਫਾਈ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਕੂੜੇ ਨੂੰ ਵੱਖਰਾ ਕਰਕੇ ਅਤੇ ਵਾਤਾਵਰਣ ਅਨੁਕੂਲ ਅਭਿਆਸਾਂ ਨੂੰ ਅਪਣਾ ਕੇ ਨਾਗਰਿਕ ਲੁਧਿਆਣਾ ਨੂੰ ਸਫਾਈ ਅਤੇ ਹਰਿਆਲੀ ਦਾ ਮਾਡਲ ਬਣਾਉਣ ਵਿੱਚ ਯੋਗਦਾਨ ਪਾ ਸਕਦੇ ਹਨ।
ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੀਆਂ ਥਾਵਾਂ/ਪਲਾਟਾਂ 'ਤੇ ਕੂੜਾ ਨਾ ਸੁੱਟ ਕੇ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਸੂਬਾ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਦਾ ਸਮਰਥਨ ਕਰਨ। ਉਨ੍ਹਾਂ ਨੇ ਇਸ ਸਫਾਈ ਮੁਹਿੰਮ ਨੂੰ ਜਨਤਕ ਲਹਿਰ ਬਣਾਉਣ ਲਈ ਵਸਨੀਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।