ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਡਾ. ਸੁਰਿੰਦਰ ਧੰਜਲ ਨਾਲ ਰੂ-ਬ-ਰੂ ਸਮਾਗਮ
ਲੁਧਿਆਣਾ : 26 ਅਪ੍ਰੈਲ 2025 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਮੇਂ ਸਮੇਂ ਭਾਰਤ ਆਉਣ ਵਾਲੇ ਅਕਾਡਮੀ ਦੇ ਮੈਂਬਰਾਂ ਅਤੇ ਵਿਦਵਾਨਾਂ ਨਾਲ ਰੂ-ਬ-ਰੂ ਕਰਵਾਏ ਜਾਂਦੇ ਹਨ। ਇਸੇ ਲੜੀ ਅਧੀਨ ਅੱਜ ਪੰਜਾਬੀ ਭਵਨ, ਲੁਧਿਆਣਾ ਵਿਖੇ ਡਾ. ਸੁਰਿੰਦਰ ਧੰਜਲ ਨਾਲ ਰੂ-ਬ-ਰੂ ਕਰਵਾਇਆ ਗਿਆ।
ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ 1947 ਤੋਂ ਬਾਅਦ ਆਜ਼ਾਦੀ ਦੀ ਲਹਿਰ ਦੇ ਸੁਪਨੇ ਟੁੱਟਣੇ ਸ਼ੁਰੂ ਹੋਏ ਤਾਂ ਕਵਿਤਾ ਦੇ ਵਿਚ ਤੇ ਵਿਸ਼ੇਸ਼ ਕਰਕੇ ਪੰਜਾਬੀ ਮਾਨਸਿਕਤਾ ਦੀ ਕਵਿਤਾ ਵਿਚ ਵਿਰੋਧ ਤੇ ਵਿਦਰੋਹ ਦੀ ਭਾਵਨਾ ਪੈਦਾ ਹੋਣ ਲੱਗੀ ਜਿਸ ਕਰਕੇ ਪਹਿਲਾ ਸ਼ਿਵ ਕੁਮਾਰ ਦਾ ਪ੍ਰਤੀਕਰਮ ਤੇ ਫਿਰ ਜੁਝਾਰਵਾਦੀ ਕਵਿਤਾ ਨੇ ਜਨਮ ਲਿਆ। ਡਾ. ਸੁਰਿੰਦਰ ਧੰਜਲ ਵਿਗਿਆਨ ਦਾ ਵਿਦਿਆਰਥੀ ਹੋ ਕੇ ਉਸ ਲਹਿਰ ਵੱਲ ਅਹੁੱਲ ਕੇ ਕਵਿਤਾ ਦੇ ਰਾਹ ਪਿਆ। ਉਨ੍ਹਾਂ ਦੀ ਕਵਿਤਾ ਵਿਚ ਦਿੱਸਦੇ ਸੰਸਾਰ ਤੋਂ ਅਗਾਂਹ ਦੀ ਗੱਲ ਵੇਖੀ ਜਾ ਸਕਦੀ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੋਰਾਂ ਨੇ ਜੀ ਆਇਆਂ ਕਹਿੰਦਿਆਂ ਕਿਹਾ ਕਿ ਡਾ. ਸੁਰਿੰਦਰ ਧੰਜਲ ਸਾਡਾ ਉਹ ਸਾਹਿਤਕਾਰ ਹੈ ਜਿਸ ਦਾ ਸਵਾਗਤ ਕਰਦਿਆਂ ਅਸੀਂ ਸਮੁੱਚੀ ਨਵਪ੍ਰਗਤੀਸ਼ੀਲ ਕਵਿਤਾ ਦਾ ਸੁਆਗਤ ਕਰਦੇ ਹਾਂ।
ਲੇਖਕ ਦੀ ਜਾਣ ਪਛਾਣ ਕਰਾਉਦਿਆਂ ਸ੍ਰੀ ਸੁਰਿੰਦਰ ਕੈਲੇ ਨੇ ਕਿਹਾ ਕਿ ਡਾ. ਸੁਰਿੰਦਰ ਧੰਜਲ ਨੂੰ ਉਹ ਕੈਨੇਡਾ ਕੈਮਲੂਪਸ ਵਿਖੇ ਅਕਸਰ ਕੈਨੇਡਾ ਫੇਰੀ ਸਮੇਂ ਮਿਲਦੇ ਰਹਿੰਦੇ ਹਨ। ਇਹ ਕੈਨੇਡਾ ਦੀ ਕੈਮਲੂਪਸ ਯੂਨੀਵਰਸਿਟੀ ਵਿਚ ਕੰਪਿਊਟਰ ਸਾਇੰਸ ਦੇ ਪ੍ਰੋਫ਼ੈਸਰ ਐਮਰੇਟਸ ਹਨ ਪਰ ਸ਼ਾਇਰ ਪੰਜਾਬੀ ਦੇ ਹਨ। ਕੈਲੇ ਜੀ ਨੇ ਦਸਿਆ ਕਿ ਉਹ ਖ਼ੁਦ ਕਵਿਤਾ ਲਿਖਣ ਦੇ ਨਾਲ ਨਾਲ ਪਾਸ਼ ਦੀ ਸਪੂੰਰਨ ਕਵਿਤਾ ਦੇ ਵੱਡੇੇ ਸੰਪਾਦਕ ਹਨ।
ਡਾ. ਸੁਰਿੰਦਰ ਧੰਜਲ ਨੇ ਸਰੋਤਿਆਂ ਦੇ ਰੂਬਰੂ ਹੁੰਦਿਆਂ ਜਿੱਥੇ ਆਪਣੇ ਜੀਵਨ ਸੰਘਰਸ਼ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਉਥੇ ਆਪਣੇ ਪਿੰਡ ਦੀਆਂ ਗਲੀਆਂ ਨੂੰ ਯਾਦ ਕਰਦਿਆਂ ਆਪਣਾ ਕੈਨੇਡਾ ਦੇ ਕੈਮਲੂਪਸ ਤੱਕ ਦਾ ਸਫ਼ਰ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਖ਼ੂਨ ਵਿਚ ਮੇਰੀ ਧਰਤੀ, ਮੇਰੇ ਆਲੇ ਦੁਆਲੇ ਵਿਦਰੋਹੀ ਭਾਵਨਾ ਵਾਲੇ ਚਿੰਤਕਾਂ, ਸ਼ਹੀਦਾਂ ਦਾ ਪ੍ਰਭਾਵ ਲੱਭਿਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਉਹ ਵਿਗਿਆਨ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਜਦੋਂ ਕਵਿਤਾ ਅਤੇ ਸਾਹਿਤ ਵੱਲ ਆਏ ਤਾਂ ਵਿਦਿਆਨਕ ਪਹੁੰਚ ਦਾ ਪੱਲਾ ਨਹੀਂ ਸੀ ਛੱਡਿਆ। ਡਾ. ਅਮਰਜੀਤ ਸਿੰਘ ਹੇਅਰ ਨੇ ਆਪਣੇ ਗਰਾਈਂ ਡਾ. ਸੁਰਿੰਦਰ ਧੰਜਲ ਨਾਲ ਜੋੜ ਕੇ ਆਪਣੇ ਪਿੰਡ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਮੇਰੀ ਡਾ. ਸੁਰਿੰਦਰ ਧੰਜਲ ਨਾਲ ਇਹ ਸਾਂਝ ਹੈ ਕਿ ਜਦੋਂ ਵੱਲੋਵਾਲ ਸੌਖੜੀ ਪੀ.ਏ.ਯੂ. ਦੇ ਖੋਜ ਕੇਂਦਰ ਵਿਖੇ ਡਾ. ਗੁਰਭਗਤ ਸਿੰਘ ਤੋਂ ਡਾ. ਸੁਰਿੰਦਰ ਧੰਜਲ ਨੇ ਪੁੱਛਿਆ ਕਿ ਡਾ. ਰਵਿੰਦਰ ਰਵੀ ਦੇ ਕਤਲ ਲਈ ਸਾਜ਼ਿਸ਼ ਦੀ ਸ਼ੱਕ ਦੀ ਸੂਈ ਡਾ. ਗੁਰਭਗਤ ’ਤੇ ਆਉਦੀ ਹੈ ਤਾਂ ਜਦੋਂ ਮੈਂ ਇਹ ਗੱਲ ਕਿਸੇ ਲਿਖਤ ਵਿਚ ਪਾਉਣੀ ਸੀ ਤਾਂ ਤਾਂ ਇਸ ਗੱਲ ਦੀ ਤਾਈਦ ਲਈ ਲੋੜ ਪਈ ਤਾਂ ਡਾ. ਸੁਰਿੰਦਰ ਧੰਜਲ ਨੇ ਸਪੱਸ਼ਟ ਹਾਂ ਵਿਚ ਜਵਾਬ ਦਿੱਤਾ ਸੀ। ਸੋ ਸੁਰਿੰਦਰ ਧੰਜਲ ਨਾਲ ਵਿਚਾਰਾਂ ਦੀ ਸਾਂਝ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅਮਰਜੀਤ ਸਿੰਘ ਹੇਅਰ, ਡਾ. ਕੁਲਦੀਪ ਸਿੰਘ ਦੀਪ, ਪ੍ਰੋ. ਸੁਰਜੀਤ ਜੱਜ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਡਾ. ਸੰਦੀਪ ਸ਼ਰਮਾ, ਇੰਦਰਜੀਤਪਾਲ ਕੌਰ, ਮਨਦੀਪ ਕੌਰ ਭੰਮਰਾ, ਡਾ. ਸੋਮਾ ਸਬਲੋਕ, ਸੁਰਿੰਦਰ ਦੀਪ, ਕਮਲਜੀਤ ਕੌਰ, ਹਰਪ੍ਰੀਤ ਕੌਰ, ਭਗਵਾਨ ਢਿੱਲੋਂ, ਜਸਵੰਤ ਜ਼ੀਰਖ, ਸਤਿਨਾਮ ਸਿੰਘ ਕੋਮਲ, ਰਾਜਦੀਪ ਸਿੰਘ ਤੂਰ, ਰਵਿੰਦਰ ਰਵੀ,ਅਮਰਜੀਤ ਸ਼ੇਰਪੁਰੀ, ਮੋਹੀ ਅਮਰਜੀਤ, ਹਰੀਸ਼ ਪੱਖੋਪਾਲ, ਸੰਪਰੂਣ ਸਿੰਘ ਸਨਮ, ਰਣਜੀਤ ਰਾਣਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।