NRI ਦੇ ਪਰਿਵਾਰ ਉੱਤੇ ਹੋਏ ਹਮਲੇ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਟਾਲਣ ਵਾਲੇ ਐਸਐਚਓ ਉਤੇ ਹੋਵੇਗੀ ਕਾਰਵਾਈ -ਧਾਲੀਵਾਲ
ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਤਾਂ ਉੱਤੇ ਨਹੀਂ ਹੋਣ ਦਿੱਤੇ ਜਾਣਗੇ ਨਾਜਾਇਜ਼ ਕਬਜ਼ੇ
ਅੰਮ੍ਰਿਤਸਰ, 26 ਅਪ੍ਰੈਲ 2025 - ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਬੀਤੇ ਦਿਨ ਦਬੁਰਜੀ ਵਿਖੇ ਇੱਕ ਪਰਵਾਸੀ ਭਾਰਤੀ ਦੇ ਪਰਿਵਾਰ ਉੱਤੇ ਹੋਏ ਹਮਲੇ ਸਬੰਧੀ ਪਰਿਵਾਰ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਸਨ, ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪ੍ਰਵਾਸੀ ਭਰਾਵਾਂ ਦੀਆਂ ਜਾਇਦਾਤਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਰਾਖੀ ਕਰਨੀ ਸਾਡਾ ਫਰਜ਼ ਹੈ ਅਤੇ ਇਸ ਵਿੱਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਨੇ ਕਿਹਾ ਕਿ ਮੈਨੂੰ ਮੀਡੀਆ ਤੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਮੈਂ ਤੁਰੰਤ ਇਸ ਪਰਿਵਾਰ ਨੂੰ ਮਿਲਣ ਲਈ ਪੁੱਜਾ ਹਾਂ ਅਤੇ ਇੱਥੇ ਆ ਕੇ ਪਤਾ ਲੱਗਾ ਕਿ ਇਹ ਘਟਨਾ ਵਾਪਰੀ ਨੂੰ ਪੰਜ ਤੋਂ ਛੇ ਦਿਨ ਹੋ ਚੁੱਕੇ ਹਨ। ਪਰਿਵਾਰ ਇਸ ਸਬੰਧੀ ਸੰਬੰਧਿਤ ਥਾਣਾ ਮੁਖੀ ਕੋਲ ਵੀ ਦਰਖਾਸਤ ਦੇ ਕੇ ਆਏ ਹਨ ਪਰ ਉਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ । ਉਹਨਾਂ ਕਿਹਾ ਕਿ ਮੈਂ ਇਸ ਸਬੰਧੀ ਕਮਿਸ਼ਨਰ ਪੁਲਿਸ ਅਤੇ ਪੰਜਾਬ ਸਰਕਾਰ ਨੂੰ ਪੱਤਰ ਲਿਖਾਂਗਾ ਕਿ ਅਜਿਹੇ ਥਾਣਾ ਮੁਖੀ ਜੋ ਕਿ ਲੋਕਾਂ ਦੀ ਸੁਣਵਾਈ ਨਹੀਂ ਕਰ ਸਕਦਾ ਨੂੰ ਕਿਸੇ ਵੀ ਥਾਣੇ ਦੀ ਜਿੰਮੇਵਾਰੀ ਨਾ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਪੰਜਾਬ ਪੁਲਿਸ ਦੇ ਸ਼ਿਖਰਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਕੇ ਇਹ ਦੱਸ ਦਿੱਤਾ ਹੈ ਕਿ ਸਰਕਾਰ ਲੋਕਾਂ ਪ੍ਰਤੀ ਜਵਾਬਦੇਹ ਹੈ ਅਤੇ ਜੋ ਵੀ ਅਧਿਕਾਰੀ ਲੋਕਾਂ ਦੇ ਹੱਕਾਂ ਅਤੇ ਆਪਣੇ ਫਰਜ਼ਾਂ ਪ੍ਰਤੀ ਕੁਤਾਹੀ ਕਰੇਗਾ, ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਉਕਤ ਪਰਿਵਾਰ ਨੂੰ ਵੀ ਭਰੋਸਾ ਦਿੱਤਾ ਕਿ ਤੁਹਾਡੇ ਉੱਤੇ ਹਮਲਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਤੁਹਾਨੂੰ ਨਿਆ ਦਵਾਇਆ ਜਾਵੇਗਾ।