ਰੋਜ਼ਮਰ੍ਹਾ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਵਰਣਨ-ਮਾਧੋ (ਮਿੰਨੀ ਕਹਾਣੀ ਸੰਗ੍ਰਹਿ)
ਲੇਖਕ : ਹਰਦੀਪ ਸਿੰਘ ਭੱਟੀ
ਫੋਨ: +917837963067
ਪੰਨੇ :104, ਮੁੱਲ :220/- ਰੁਪਏ
ਪ੍ਰਕਾਸ਼ਕ: ਇੱਕ ਰਸ ਪਬਲਿਸ਼ਰ,ਖੰਨਾ
ਮਾਧੋ ਮਿੰਨੀ ਕਹਾਣੀ ਸੰਗ੍ਰਹਿ ਦਾ ਲੇਖਕ ਹਰਦੀਪ ਸਿੰਘ ਭੱਟੀ ਪੇਸ਼ੇ ਵਜੋਂ ਇੱਕ ਵਕੀਲ ਹੈ,ਪਰ ਸਮਾਜਿਕ, ਪਰਿਵਾਰਕ, ਨੈਤਿਕ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਮਾਂ ਬੋਲੀ ਪੰਜਾਬੀ ਦਾ ਮੁੱਦਈ ਹੈ।ਇਸੇ ਕਰਕੇ ਉਹ ਆਪਣੀ ਰੋਜ਼ਮਰ੍ਹਾ ਜ਼ਿੰਦਗੀ ਚ ਵਾਪਰਦੀਆਂ ਘਟਨਾਵਾਂ ਨੂੰ ਆਪਣੀ ਗਹਿਰੀ ਸੋਚ ਅਤੇ ਸੂਝ ਦੇ ਦਰਪਣ ਵਾਚਦਾ ਹੈ ਅਤੇ ਉਹਨਾਂ ਹੀ ਘਟਨਾਵਾਂ ਨੂੰ ਸਾਰਥਿਕਤਾ ਭਰਪੂਰ ਸ਼ਬਦਾਂ ਦੇ ਸਮੂਹ ਵਿੱਚ ਇਕੱਤਰਤ ਕਰਕੇ ਪ੍ਰੇਰਨਾਦਾਇਕ ਕਹਾਣੀ ਦਾ ਰੂਪ ਦੇ ਦਿੰਦਾ ਹੈ।ਹੱਥਲੀ ਪੁਸਤਕ 'ਮਾਧੋ' ਉਹਦੀਆਂ ਸਮਾਜਿਕ ਵਰਤਾਰਿਆਂ ਤੇ ਆਧਾਰਿਤ ਮਿੰਨੀ ਕਹਾਣੀਆਂ ਦਾ ਸੰਗ੍ਰਹਿ ਗੁਲਦਸਤਾ ਹੈ ਅਤੇ ਪਾਠਕਾਂ ਦੀ ਰੌਚਕਤਾ ਅਤੇ ਕਹਾਣੀਆਂ ਦੇ ਦਿਲਚਸਪ ਵਿਸ਼ਿਆਂ ਦੀ ਚੋਣ ਕਾਰਨ ਇਸਦੇ ਦੋ ਐਡੀਸ਼ਨ ਛਪ ਚੁੱਕੇ ਹਨ।ਹਥਲੀ ਪੁਸਤਕ 59 ਮਿੰਨੀ ਕਹਾਣੀਆਂ ਦੇ ਫੁੱਲਾਂ ਦਾ ਖੂਬਸੂਰਤ ਗੁਲਦਸਤਾ ਹੈ।
ਲੇਖਕ ਕਹਾਣੀ ਦੇ ਵਿਸ਼ੇ ਤੋਂ ਭਟਕਦਾ ਨਹੀਂ,ਬਲਕਿ ਸੁਰੂਆਤ ਤੋਂ ਅੰਤ ਤੱਕ ਵਿਸ਼ੇ ਵਿਸ਼ੇਸ਼ ਨਾਲ ਜੁੜਿਆ ਹੋਇਆ ਇੱਕ ਸੇਧ ਪੂਰਵਕ ਜਾਣਕਾਰੀ ਅਤੇ ਸਿੱਖਿਆ ਨਾਲ ਕਹਾਣੀ ਦਾ ਅੰਤ ਕਰਦਾ ਹੈ।ਕਹਾਣੀ ਦੇ ਵਿਸ਼ੇ ਨਾਲ ਪੂਰਾ ਪੂਰਾ ਇਨਸਾਫ ਕਰਦਾ ਹੈ।ਉਹ ਜਿੱਥੇ ਪਾਖੰਡਵਾਦ ਦਾ ਗਿਲਾਫ ਉਧੇੜਦਾ ਹੈ ਉੱਥੇ ਅੰਧਵਿਸ਼ਵਾਸ ਤੋਂ ਸੁਚੇਤ ਵੀ ਕਰਦਾ ਹੈ।
ਇਸ ਪੁਸਤਕ ਪ੍ਰਤੀ ਸ਼੍ਰੋਮਣੀ ਬਾਲ ਸਾਹਿਤਕਾਰ ਡਾ.ਦਰਸਨ ਸਿੰਘ ਆਸ਼ਟ ਅਤੇ ਮਿੰਨੀ ਕਹਾਣੀਆਂ ਦੇ ਡਾਕਟਰ ਹਰਪ੍ਰੀਤ ਸਿੰਘ ਰਾਣਾ ਨੇ ਡੂੰਘੀ ਘੋਖ ਨਾਲ ਪੁਸਤਕ ਪ੍ਰਤੀ, ਕਹਾਣੀਆਂ ਦੇ ਵਿਸ਼ਿਆਂ ਪ੍ਰਤੀ ਅਤੇ ਲੇਖਕ ਦੀ ਸਾਕਾਰਾਤਮਿਕ ਸੋਚ ਪ੍ਰਤੀ ਪੁਸਤਕ ਦੇ ਸ਼ੂਰੁ ਵਿਚ ਹੀ ਕਾਫੀ ਕੁਝ ਸਪੱਸ਼ਟ ਲਿਖਿਆ ਹੈ ਕਿ "ਪੁਸਤਕ ਵਿਚਲੀਆਂ ਕਹਾਣੀਆਂ ਮਨੁੱਖ ਦੀ ਕਰਨੀ ਅਤੇ ਕਥਨੀ ਵਿਚਲੇ ਪਾੜੇ ਨੂੰ ਉਜਾਗਰ ਕਰਦੀਆਂ, ਭ੍ਰਿਸ਼ਟ ਨਿਜਾਮ ਦੇ ਵਰਤਾਰੇ ਦਾ ਜਨਾਜ਼ਾ ਕੱਢਦੀਆਂ, ਧਾਰਮਿਕ ਅਡੰਬਰ ਅਤੇ ਪਾਖੰਡਵਾਦ ਦਾ ਪਰਦਾਫਾਸ਼ ਕਰਦੀਆਂ, ਕਿਰਤੀਆਂ ਅਤੇ ਨਾਰੀ ਦੇ ਸ਼ੋਸ਼ਣ ਅਤੇ ਲੋਟੂ ਵਰਗ ਦੀ ਤ੍ਰਾਸਦਿਕ ਮਾਨਸਿਕਤਾ ਨੂੰ ਰੂਪਮਾਨ ਕਰਦੀਆਂ ਹਨ।"
ਕਹਾਣੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਉਸਨੇ ਆਪਣੀ ਦਿਲੋਂ ਜਾਨ ਧੀ 'ਅਨਹਦ' ਬਾਰੇ ਕਵਿਤਾ ਦੇ ਰੂਪ ਅਹਿਸਾਸਾਂ ਨੂੰ ਪ੍ਰਗਟਾਇਆ ਹੈ,ਜੋ ਸ਼ੁਰੂ ਵਿੱਚ ਹੀ ਪਾਠਕ ਮਨ ਉੱਪਰ ਗਹਿਰਾ ਪ੍ਰਭਾਵ ਛੱਡਣ ਵਿੱਚ ਕਾਮਯਾਬ ਰਹਿੰਦੀ ਹੈ।
ਕਹਾਣੀ ਕੱਦ ਵਿੱਚ ਉਸਨੇ ਮੰਜ਼ਿਲ ਦੀ ਕਾਮਯਾਬੀ ਲਈ ਮਿਹਨਤ ਦਾ ਪੱਲਾ ਫੜ੍ਹਨ ਦੀ ਸਲਾਹ ਦਿੱਤੀ ਹੈ,ਰੰਗ ਰੂਪ ,ਜਾਤੀ ਸਭ ਮੰਜ਼ਿਲ ਤੇ ਪਹੁੰਚ ਕੇ ਬੌਣੇ ਮਹਿਸੂਸ ਹੁੰਦੇ ਹਨ। ਇਸੇ ਤਰ੍ਹਾਂ ਪਰਾਲੀ ਕਿ ਪਰਲੋ ਵਿੱਚ ਜਿੱਦੀ ਮਾਨਸਿਕਤਾ ਨਾਲ ਮਿਲੇ ਦੁੱਖ ਨੂੰ ਬਿਆਨ ਕੀਤਾ ਗਿਆ ਹੈ।ਬਦਲਾਅ ਕਹਾਣੀ ਵਿਚ ਦਾਦੀ ਦੀ ਪੋਤੀਆਂ ਪ੍ਰਤੀ ਬਦਲੀ ਮਾਨਸਿਕਤਾ,ਤੋਹਫਾ ਕਹਾਣੀ ਵਿਚ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਅਹਿਮੀਅਤ,ਬਰਥ-ਡੇ ਕਹਾਣੀ ਕਿਰਤ ਦੀ ਮਜਬੂਰੀ ਨੂੰ ਦਰਸਾਉਂਦੀ ਹੈ।ਹੋਰ ਵੀ ਸਾਰੀਆਂ ਕਹਾਣੀਆਂ ਵਰਤਮਾਨ ਸਮਾਜ ਦੀਆਂ ਦੁਸ਼ਵਾਰੀਆਂ ਅਤੇ ਗੈਰ ਸਿਧਾਂਤਕ ਅਡੰਬਰਾਂ, ਮੁਖੌਟਾਧਾਰੀ ਚੌਧਰੀਆਂ ਦੇ ਦੋਗਲੇ ਕਿਰਦਾਰਾਂ ਦੀ ਕਿਰਦਾਰਕੁਸ਼ ਅਤੇ ਸਮਾਜ ਚ ਫੈਲੇ ਭ੍ਰਿਸ਼ਟਾਚਾਰ ਅਤੇ ਅੰਧਵਿਸ਼ਵਾਸਾਂ ਦਾ ਪਰਦਾਫਾਸ਼ ਕਰਦੀਆਂ ਹਨ ਅਤੇ ਖੂਬਸੂਰਤ ਸੁਨੇਹਾ ਵੀ ਦਿੰਦੀਆਂ ਹਨ।ਇਹ ਪੁਸਤਕ ਲੇਖਕ ਦੀ ਸਮਾਜ , ਪਰਿਵਾਰ, ਦੇਸ਼ ਪ੍ਰਤੀ ਸਨੇਹ ਅਤੇ ਚਿੰਤਾਂ ਨੂੰ ਦਰਸਾਉਂਦੀ ਹੈ। ਭਵਿੱਖ ਵਿੱਚ ਵੀ ਲੇਖਕ ਤੋਂ ਅਜਿਹੇ ਮਾਨਵਤਾਵਾਦੀ ਸੁਨੇਹਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ।
ਇੰਜੀ ਸਤਨਾਮ ਸਿੰਘ ਮੱਟੂ
ਬੀਂਬੜ੍ਹ ਸੰਗਰੂਰ
9779708257

-
ਇੰਜੀ ਸਤਨਾਮ ਸਿੰਘ ਮੱਟੂ, writer
jakhwali89@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.