Breaking: ਪ੍ਰਤਾਪ ਬਾਜਵਾ ਖ਼ਿਲਾਫ਼ FIR ਦਰਜ ਹੋਣ ਦੀ ਖ਼ਬਰ, ਸਰਕਾਰੀ ਪੁਸ਼ਟੀ ਨਹੀਂ
ਚੰਡੀਗੜ੍ਹ, 13 ਅਪ੍ਰੈਲ 2025: ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ ਇਹ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਦੀ ਸਰਕਾਰੀ ਪੁਸ਼ਟੀ ਹੋਣੀ ਬਾਕੀ ਹੈ।
ਦੱਸਣਾ ਬਣਦਾ ਹੈ ਕਿ ਇਹ ਕਾਰਵਾਈ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਟੀਵੀ ਇੰਟਰਵਿਊ ਵਿੱਚ ਦਿੱਤੇ ਗਏ ਬਿਆਨ ਦੇ ਆਧਾਰ 'ਤੇ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ 50 ਹੈਂਡ ਗ੍ਰੇਨੇਡ ਆਏ ਹਨ, ਜਿਨ੍ਹਾਂ ਵਿੱਚੋਂ 18 ਦੀ ਵਰਤੋਂ ਹੋ ਚੁੱਕੀ ਹੈ।
ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ 'ਤੇ ਪਹੁੰਚ ਕੇ ਪੁੱਛਗਿੱਛ ਕੀਤੀ। ਪੁਲਿਸ ਅਧਿਕਾਰੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਬਾਜਵਾ ਨੇ ਜਾਂਚ ਵਿੱਚ ਸਹਿਯੋਗ ਨਹੀਂ ਦਿੱਤਾ ਅਤੇ ਆਪਣੇ ਸਰੋਤਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ।
ਬਾਜਵਾ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਆਪਣੇ ਸਰੋਤਾਂ ਤੋਂ ਮਿਲੀ ਹੈ ਅਤੇ ਉਹ ਆਪਣੇ ਸਰੋਤਾਂ ਦੀ ਰੱਖਿਆ ਕਰਨਗੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਦੋਸ਼ ਲਾਇਆ ਕਿ ਇਹ ਕਾਰਵਾਈ ਨਿੱਜੀ ਬਦਲਾਖੋਰੀ ਅਤੇ ਸੱਤਾ ਦੀ ਦੁਰਵਰਤੋਂ ਦਾ ਨਤੀਜਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਮਾਮਲੇ 'ਤੇ ਪ੍ਰਤਾਪ ਸਿੰਘ ਬਾਜਵਾ ਤੋਂ ਸਵਾਲ ਕੀਤੇ ਹਨ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਅਤੇ ਕੀ ਉਨ੍ਹਾਂ ਦੇ ਪਾਕਿਸਤਾਨ ਨਾਲ ਕੋਈ ਸਿੱਧਾ ਸੰਬੰਧ ਹੈ।