ਟੋਲ ਪਲਾਜ਼ਾ ਤੋਂ ਜਲਦ ਮਿਲੇਗੀ ਮੁਕਤੀ, ਨਵੀਂ ਨੀਤੀ ਲਈ ਕੇਂਦਰ ਸਰਕਾਰ ਤਿਆਰ
ਨਵੀਂ ਦਿੱਲੀ : ਦੇਸ਼ ਭਰ ਦੇ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਕੇਂਦਰੀ ਸੜਕ ਪਰਿਵਹਨ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚੋਂ ਟੋਲ ਪਲਾਜ਼ਾ ਹਟਾਉਣ ਦੀ ਤਿਆਰੀ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਇਸ ਬਦਲਾਅ ਲਈ ਜਲਦੀ ਹੀ ਨਵੀਂ ਟੋਲ ਨੀਤੀ ਲੈ ਕੇ ਆ ਰਹੀ ਹੈ, ਜਿਸ ਦੀ ਘੋਸ਼ਣਾ ਅਗਲੇ 15 ਦਿਨਾਂ ਵਿੱਚ ਕੀਤੀ ਜਾਵੇਗੀ।
ਹਾਲਾਂਕਿ ਉਨ੍ਹਾਂ ਨੀਤੀ ਦੇ ਵੇਰਵੇ ਨਹੀਂ ਸਾਂਝੇ ਕੀਤੇ, ਪਰ ਇੰਨਾ ਜ਼ਰੂਰ ਕਿਹਾ ਕਿ ਨਵੀਂ ਨੀਤੀ ਦੇ ਲਾਗੂ ਹੋਣ ਨਾਲ ਟੋਲ ਨਾਲ ਜੁੜੀਆਂ ਸਾਰੀਆਂ ਸ਼ਿਕਾਇਤਾਂ ਖਤਮ ਹੋ ਜਾਣਗੀਆਂ।
ਮੁੰਬਈ-ਗੋਵਾ ਹਾਈਵੇ ‘ਤੇ ਵੀ ਗਡਕਰੀ ਨੇ ਦਿੱਤੀ ਅਪਡੇਟ
ਮੁੰਬਈ ਦੇ ਦਾਦਰ ਵਿਖੇ ਇੱਕ ਕਾਰਜਕ੍ਰਮ ਦੌਰਾਨ ਗਡਕਰੀ ਨੇ ਮੁੰਬਈ-ਗੋਵਾ ਹਾਈਵੇ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਇਸ ਹਾਈਵੇ ਦੇ ਕੰਮ ਨੂੰ ਜੂਨ 2025 ਤੱਕ ਪੂਰਾ ਕਰ ਦਿੱਤਾ ਜਾਵੇਗਾ।
ਭਾਰਤ ਦਾ ਰੋਡ ਇੰਫ੍ਰਾਸਟ੍ਰਕਚਰ ਹੋਵੇਗਾ ਅਮਰੀਕਾ ਤੋਂ ਵੀ ਅੱਗੇ
ਗਡਕਰੀ ਨੇ ਦਾਅਵਾ ਕੀਤਾ ਕਿ ਅਗਲੇ ਦੋ ਸਾਲਾਂ ਵਿਚ ਭਾਰਤ ਦਾ ਰੋਡ ਇੰਫ੍ਰਾਸਟ੍ਰਕਚਰ ਅਮਰੀਕਾ ਤੋਂ ਵੀ ਵਧੀਆ ਹੋਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਦੇ ਨਿਰਮਾਣ ਦੀ ਗਤੀ ਦੇ ਨਾਲ ਭਾਰਤ ਗਲੋਬਲ ਲੀਡਰ ਬਣ ਸਕਦਾ ਹੈ।