ਸਿਟੀ ਬਿਊਟੀਫੁਲ 'ਚ ਅਧਿਕਾਰੀਆਂ ਦੇ ਘਰ ਵੀ ਸੁਰੱਖਿਅਤ ਨਹੀਂ!
ਸੈਕਟਰ 11 'ਚ ਸਿੱਖਿਆ ਨਿਰਦੇਸ਼ਕ ਦੇ ਸਰਕਾਰੀ ਘਰ 'ਚ ਚੋਰੀ
ਚੋਰਾਂ ਦੇ ਨਿਸ਼ਾਨੇ 'ਤੇ ਅਧਿਕਾਰੀਆਂ ਦੇ ਬੰਗਲੇ: ਅਧਿਕਾਰੀਆਂ 'ਚ ਮਚਿਆ ਹੜਕੰਪ
ਰਮੇਸ਼ ਗੋਯਤ
ਚੰਡੀਗੜ੍ਹ, 14 ਅਪ੍ਰੈਲ 2025: ਸਿਟੀ ਬਿਊਟੀਫੁਲ ਦੇ ਤੌਰ 'ਤੇ ਜਾਣੇ ਜਾਂਦੇ ਅਤੇ ਦੇਸ਼ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚ ਸ਼ਾਮਲ ਚੰਡੀਗੜ੍ਹ ਵਿੱਚ ਹੁਣ ਉੱਚ ਅਧਿਕਾਰੀਆਂ ਦੇ ਘਰ ਵੀ ਚੋਰਾਂ ਦੇ ਨਿਸ਼ਾਨੇ 'ਤੇ ਹਨ। ਤਾਜ਼ਾ ਮਾਮਲਾ ਸ਼ਹਿਰ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਸੈਕਟਰ-11 ਤੋਂ ਸਾਹਮਣੇ ਆਇਆ ਹੈ, ਜਿੱਥੇ ਚੰਡੀਗੜ੍ਹ ਯੂਟੀ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਅਤੇ ਆਬਕਾਰੀ ਕਰ ਲਾਗਾਤ ਵਿਭਾਗ ਦੇ ਕਲੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਪੀਸੀਐਸ ਦੇ ਸਰਕਾਰੀ ਆਵਾਸ ਵਿੱਚ ਚੋਰੀ ਦੀ ਘਟਨਾ ਨੇ ਪੁਲਿਸ ਦੀ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਬਰਾੜ ਨੇ ਸੀਨੀਅਰ ਪੁਲਿਸ ਸੁਪਰਿੰਟੈਂਡੈਂਟ ਕਵਰਦੀਪ ਕੌਰ ਨੂੰ ਭੇਜੀ ਸ਼ਿਕਾਇਤ ਵਿੱਚ ਦੱਸਿਆ ਕਿ 10 ਅਤੇ 11 ਅਪ੍ਰੈਲ ਦੀ ਰਾਤ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਆਵਾਸ ਨੰਬਰ 620, ਸੈਕਟਰ-11 ਬੀ ਵਿੱਚ ਪਿੱਛਲੀ ਕੰਧ ਤੇ ਲੱਗੀ ਤਾਰ ਕੱਟ ਕੇ ਦਾਖਲ ਹੋਏ ਅਤੇ ਉਥੋਂ ਦੋ ਗੈਸ ਸਿਲੰਡਰ, ਇੱਕ ਪ੍ਰੈਸ ਅਤੇ ਹੋਰ ਘਰੇਲੂ ਸਮਾਨ ਚੱਕ ਕੇ ਲੈ ਗਏ।
ਉਨ੍ਹਾਂ ਇਹ ਵੀ ਲਿਖਿਆ ਹੈ ਕਿ ਇਹ ਸਿਰਫ ਚੋਰੀ ਦਾ ਮਾਮਲਾ ਨਹੀਂ ਹੈ, ਬਲਕਿ ਸਰਕਾਰੀ ਜਾਇਦਾਦ ਵਿੱਚ ਜਬਰਨ ਦਾਖਲ ਹੋਣ ਦਾ ਗੰਭੀਰ ਵਿਸ਼ਾ ਹੈ, ਜੋ ਆਮ ਨਾਗਰਿਕਾਂ ਅਤੇ ਅਧਿਕਾਰੀਆਂ ਦੋਵਾਂ ਦੀ ਸੁਰੱਖਿਆ ਉੱਤੇ ਵੱਡਾ ਪ੍ਰਸ਼ਨ ਖੜ੍ਹਾ ਕਰਦਾ ਹੈ।
ਸੀਸੀਟੀਵੀ 'ਚ ਕੈਦ ਹੋਇਆ ਵਿਅਕਤੀ:
ਰਾਤ 01:48 ਵਜੇ ਇੱਕ ਸੰਦੇਹੀ ਵਿਅਕਤੀ ਦੀ ਤਸਵੀਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ, ਜੋ ਇਸ ਘਟਨਾ ਦੀ ਪੁਸ਼ਟੀ ਕਰਦੀ ਹੈ।
ਬਰਾੜ ਨੇ ਅੱਗੇ ਲਿਖਿਆ ਕਿ ਸੈਕਟਰ-10 ਅਤੇ 11 ਨੂੰ ਜੋੜਨ ਵਾਲੀ ਸੜਕ ਦੇ ਪਿੱਛੇ ਇਨ੍ਹਾਂ ਸਰਕਾਰੀ ਆਵਾਸਾਂ ਦੇ ਨੇੜੇ ਸ਼ਾਮ ਦੇ ਸਮੇਂ ਅਕਸਰ ਕੁਝ ਲੋਕ ਸ਼ਰਾਬ ਪੀਂਦੇ ਅਤੇ ਸਾਈਕਲਾਂ ਖੜ੍ਹੀਆਂ ਕਰਕੇ ਬੈਠਦੇ ਵੇਖੇ ਜਾਂਦੇ ਹਨ, ਜਿਸ ਨਾਲ ਇਲਾਕੇ ਵਿੱਚ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ। ਉਨ੍ਹਾਂ ਦੀ ਸ਼ਿਕਾਇਤ 'ਤੇ ਪੁਲਿਸ ਥਾਣਾ ਸੈਕਟਰ-11 ਵਿੱਚ ਐਫਆਈਆਰ ਨੰਬਰ 58, ਧਾਰਾ 305(ਏ) ਬੀਐਨਐਸ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਪਰ ਜਿਸ ਤਰੀਕੇ ਨਾਲ ਚੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਘਰਾਂ ਵਿੱਚ ਦਾਖਲ ਹੋ ਕੇ ਸਮਾਨ ਚੁਰਾ ਰਹੇ ਹਨ, ਇਸ ਨਾਲ ਚੰਡੀਗੜ੍ਹ ਦੀ 'ਸੁਰੱਖਿਆ ਪ੍ਰਣਾਲੀ' ਉੱਤੇ ਗਹਿਰਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।
ਚੰਡੀਗੜ੍ਹ ਪੁਲਿਸ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ, “ਅਸੀਂ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।”