Babushahi Special: ਉੱਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ ਬਣੀ ਬਠਿੰਡਾ ਪੁਲਿਸ ਦੀ ਚੋਰਾਂ ਨਾਲ ਚੂਹੇ ਬਿੱਲੀ ਦੀ ਦੌੜ
ਅਸ਼ੋਕ ਵਰਮਾ
ਬਠਿੰਡਾ,14 ਅਪ੍ਰੈਲ 2025: ਆਮ ਆਦਮੀ ਦੇ ਘਰਾਂ ਦੀ ਰਾਖੀ ਕੌਣ ਕਰੂ? ਕਾਰਨ ਇਹ ਹੈ ਕਿ ਬੇਖੌਫ ਹੋਏ ਚੋਰ ਹੁਣ ਸਕੂਟਰਾਂ ਤੇ ਕਾਰਾਂ ਨੂੰ ਪੈਣ ਲੱਗੇ ਹਨ। ਇਕੱਲੇ ਕਾਰ ਸਕੂਟਰ ਹੀ ਨਹੀਂ ਚੋਰ ਤਾਂ ਹੁਣ ਘਰਾਂ ਤੇ ਦਫਤਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਬਠਿੰਡਾ ਪੁਲਿਸ ਇਸ ਚੋਰ ਬਿੱਲੀ ਦੀ ਦੌੜ ਨੂੰ ਕਦੋਂ ਖਤਮ ਕਰੇਗੀ ਆਮ ਲੋਕ ਲਈ ਵੱਡਾ ਸਵਾਲ ਹੈ। ਮਾਮਲਾ ਪੁੱਡਾ ਮਾਰਕੀਟ ’ਚ 4-5 ਮਹੀਨਿਆਂ ਤੋਂ ਬੰਦ ਪਏ ਆਈਲੈਟਸ ਸੈਂਟਰ ਹੋਈਆਂ ਚੋਰੀਆਂ ਦਾ ਹੈ। ਚੋਰਾਂ ਨੇ ਇਸ ਸੈਂਟਰ ’ਚ ਕਈ ਵਾਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ 7 ਏਸੀ, 9 ਕੰਪਿਊਟਰ,ਇੱਕ ਸਕ੍ਰੀਨ ਪ੍ਰੋਜੈਕਟਰ,3 ਐਲਸੀਡੀ, 5 ਲੈਪਟਾਪ,ਇੱਕ ਫਰਿੱਜ, ਇੱਕ ਸਿਲੰਡਰ, ਇੱਕ ਆਰਓ ,ਤਿੰਨ ਪ੍ਰਿੰਟਰ, ਇੱਕ ਡੀਵੀਆਰ ,ਸਟੇਸ਼ਨਰੀ ਅਤੇ ਜਰੂਰੀ ਦਸਤਾਵੇਜ਼ ਚੋਰੀ ਕੀਤੇ ਹਨ। ਥਾਣਾ ਸਿਵਲ ਲਾਈਨ ਦੇ ਏਐਸਆਈ ਕੌਰ ਸਿੰਘ ਨੇ ਦੱਸਿਆ ਕਿ ਸੈਂਟਰ ਸੰਚਾਲਕ ਦੀ ਸ਼ਕਾਇਤ ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਨੇ ਸੈਂਟਰ ’ਚ ਲੱਗਿਆ ਡੀਵੀਆਰ ਚੋਰੀ ਕਰ ਲਿਆ ਹੋਣ ਕਰਕੇ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੇ ਅਧਾਰ ਤੇ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ। ਇਸੇ ਤਰਾਂ ਚੋਰੀ ਦੀ ਦੂਸਰੀ ਵਰਦਾਤ ਜੱਸੀ ਪੌਂ ਵਾਲੀ ਚੌਕ ਦੀ ਹੈ ਜਿੱਥੇ ਇੱਕ ਵਰਕਸ਼ਾਪ ਦਾ ਸ਼ਟਰ ਤੋੜਕੇ ਚੋਰਾਂ ਨੇ ਕਰੀਬ 70 ਕਿੱਲੋ ਵਜ਼ਨੀ ਦੋ ਗੱਟੇ ਤਾਂਬਾ ਅਤੇ ਗੱਲੇ ’ਚ ਰੱਖੇ ਤਕਰੀਬਨ ਪੰਜ ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਦੁਕਾਨ ਮਾਲਕ ਗੁਰਦੀਪ ਸਿੰਘ ਨੂੰ ਘਟਨਾ ਦਾ ਸਵੇਰੇ ਪਤਾ ਲੱਗਿਆ ਜਿਸ ਦੀ ਸ਼ਕਾਇਤ ਦੇ ਅਧਾਰ ਤੇ ਪੁਲਿਸ ਚੌਂਕੀ ਕੋਟ ਸ਼ਮੀਰ ਵੱਲੋਂ ਜਾਇਜਾ ਲੈਣ ਤੋਂ ਬਾਅਦ ਸਬੰਧਤ ਥਾਣੇ ’ਚ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਚੋਰਾਂ ਨੂੰ ਜਲਦੀ ਹੀ ਕਾਬੂ ਕਰਨ ਦੀ ਗੱਲ ਆਖੀ ਜਾ ਰਹੀ ਹੈ।
ਚੋਰੀਆਂ ਦੀ ਲੜੀ ’ਚ ਵੀਰਵਾਰ ਦੇਰ ਸ਼ਾਮ ਭੁੱਚੋ ਮੰਡੀ ਕੈਂਚੀਆਂ ਰੋਡ ਤੇ ਸਥਿਤ ਜਿਮ ਦੇ ਅੱਗੇ ਖੜ੍ਹੇ ਮੋਟਰਸਾਈਕਲ ਨੂੰ ਇੱਕ ਨਕਾਬਪੋਸ਼ ਚੋਰ ਅਸਾਨੀ ਨਾਲ ਚੋਰੀ ਕਰਕੇ ਲੈ ਗਿਆ। ਮੋਟਰਸਾਈਕਲ ਦੇ ਮਾਲਕ ਜਗਜੀਤ ਸਿੰਘ ਖੁਰਮੀ ਨੇ ਦੱਸਿਆ ਕਿ ਉਹ ਆਪਣਾ ਮੋਟਰਸਾਈਕਲ ਲਾਕ ਕਰਕੇ ਅੰਦਰ ਗਿਆ ਸੀ ਪਰ ਜਦੋਂ ਉਹ ਪਰਤਿਆ ਤਾਂ ਮੋਟਰਸਾਈਕਲ ਗਾਇਬ ਸੀ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ਼ ’ਚ ਨਜ਼ਰ ਆ ਰਿਹਾ ਹੈ ਕਿ ਨਕਾਬਪੋਸ਼ ਚੋਰ ਨੇ ਮੋਟਰਸਾਈਕਲ ਚੋਰੀ ਕੀਤਾ ਹੈ। ਮੌੜ ਮੰਡੀ ’ਚ ਇੱਕ ਬਾਈਕ ਚੋਰੀ ਕੀਤੀ ਗਈ ਹੈ। ਮੌੜ ਮੰਡੀ ਨਿਵਾਸੀ ਧਨਪਤ ਰਾਏ ਨੇ ਦੱਸਿਆ ਕਿਉਸਦੀ ਦੁਕਾਨ ਦੇ ਸਾਹਮਣਿਓਂ ਕਿਸੇ ਅਣਪਛਾਤੇ ਨੇ ਉਸ ਦਾ ਮੋਟਰਸਾਈਕਲ ਚੋਰੀ ਕੀਤਾ ਹੈ। ਏਐਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਦੀ ਤਲਾਸ਼ ਲਈ ਦੁਕਾਨ ਦੇ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਲਈ ਜਾ ਰਹੀ ਹੈ।
ਭੁੱਚੋ ਮੰਡੀ ਦੇ ਨਜ਼ਦੀਕ ਪਿੰਡ ਤੁੰਗਵਾਲੀ ’ਚ ਚੋਰਾਂ ਨੇ ਦਿਨ ਦਿਹਾੜੇ ਇੱਕ ਮਜ਼ਦੂਰ ਦੇ ਘਰੋਂ ਗਹਿਣੇ ਅਤੇ ਨਕਦੀ ਸਮੇਤ ਡੇਢ ਲੱਖ ਦਾ ਸਮਾਨ ਚੋਰੀ ਕੀਤਾ ਹੈ। ਘਰ ਦੇ ਮਾਲਿਕ ਜਸਕਰਨ ਸਿੰਘ ਅਨੁਸਾਰ ਉਹ ਸਵੇਰੇ ਘਰ ਨੂੰ ਜਿੰਦਰਾ ਲਾਕੇ ਕੰਮ ਤੇ ਗਏ ਸਨ। ਉਨ੍ਹਾਂ ਦੱਸਿਆ ਕਿ 10 ਵਜੇ ਉਸ ਦੀ ਮਾਤਾ ਨੇ ਘਰ ’ਚ ਚੋਰੀ ਹੋਣ ਸਬੰਧੀ ਜਾਣਕਾਰੀ ਦਿੱਤੀ ਹੈ। ਜਸਕਰਨ ਸਿੰਘ ਨੇ ਦੱਸਿਆ ਕਿ ਅਲਮਾਰੀ ਵਿੱਚੋਂ ਅੱਧਾ ਤੋਲਾ ਸੋਨਾ, ਇੱਕ ਅੰਗੂਠੀ,ਲਗਭਗ 6 ਹਜਾਰ ਨਕਦ ਅਤੇ ਦੋ ਸਿਲੰਡਰ ਗਾਇਬ ਹਨ। ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਕਾਹਨ ਸਿੰਘ ਵਾਲਾ ਨਿਵਾਸੀ ਸਤਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ 8 ਅਪਰੈਲ ਨੂੰ ਬਠਿੰਡਾ ’ਚ ਰਿਸ਼ਤੇਦਾਰ ਦੇ ਘਰ ਆਈ ਸੀ। ਵਾਪਿਸ ਜਾਂਦਿਆਂ ਜਦੋਂ ਉਸ ਨੇ ਆਪਣਾ ਪਰਸ ਚੈਕ ਕੀਤਾ ਤਾਂ ਉਸ ਚੋਂ ਸੋਨੇ ਦੀਆਂ ਦੋ ਚੂੜੀਆਂ ਅਤੇ 2200 ਰੁਪਏ ਗਾਇਬ ਸਨ। ਥਾਣਾ ਕੋਤਵਾਲੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ।
ਚੋਰਾਂ ਲਈ ਸਵਰਗ ਬਠਿੰਡਾ
ਬਠਿੰਡਾ ਸ਼ਹਿਰ ਮੋਟਰਸਾਈਕਲ ਅਤੇ ਐਕਟਿਵਾ ਚੋਰੀ ਕਰਨ ਵਾਲਿਆਂ ਲਈ ਜੰਨਤ ਮੰਨਿਆ ਜਾਣ ਲੱਗਿਆ ਹੈ। ਕੋਈ ਵੀ ਦਿਨ ਅਜਿਹਾ ਨਹੀਂ ਜਦੋਂ ਕੋਈ ਦਪਹੀਆ ਵਾਹਨ ਚੋਰੀ ਨਾ ਹੋਇਆ ਹੋਵੇ। ਔਰਤਾਂ ਦਾ ਇਕੱਲੇ ਸੜਕਾਂ ‘ਤੇ ਤੁਰਨਾ ਮੁਹਾਲ ਹੋਇਆ ਪਿਆ ਹੈ । ਚੇਨੀਆਂ ਖੋਹਣ, ਵਾਲੀਆਂ ਪੁੱਟਣ ਅਤੇ ਪਰਸ ਖੋਹਣ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਲੋਕ ਆਖਦੇ ਹਨ ਕਿ ਪੁਲੀਸ ਸਿਫ਼ਾਰਸ਼ ਬਿਨਾਂ ਕੇਸ ਦਰਜ ਨਹੀਂ ਕਰਦੀ ਹੈ।
ਪੁਲਿਸ ਦੇ ਦਾਅ ਪੇਚ ਪੇਤਲੇ
ਜਮਹੂਰੀ ਅਧਿਕਾਰ ਸਭਾ ਦੇ ਆਗੂ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਹੱਕ ਮੰਗਣ ਵਾਲਿਆਂ ਨੂੰ ਘੇਰਨ ਵਾਲੀ ਬਠਿੰਡਾ ਪੁਲਿਸ ਦੇ ਦਾਅ ਪੇਚ ਚੋਰਾਂ ਅੱਗੇ ਪੇਤਲੇ ਪੈਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਵੀਆਈਪੀ ਗੇੜਿਆਂ ਕਾਰਨ ਨਫਰੀ ਦੀ ਘਾਟ ਦੱਸੀ ਜਾਂਦੀ ਸੀ ਕਿ ਜਦੋਂਕਿ ਹੁਣ ਤਾਂ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸਲ ’ਚ ਅਪਰਾਧੀਆਂ ਦੇ ਮਨਾਂ ਚੋਂ ਖਾਕੀ ਦਾ ਡਰ ਚੁੱਕਿਆ ਗਿਆ ਹੈ ਜਿਸ ਕਰਕੇ ਲੋਕ ਖੁਦ ਨੂੰ ਅਸੁਰੱਖਿਅਤ ਸਮਝ ਰਹੇ ਹਨ।
ਚੋਰਾਂ ਨੂੰ ਫੜ੍ਹਨ ਲਈ ਯਤਨਸ਼ੀਲ
ਜਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਚੋਰੀ ਦੇ ਮਾਮਲੇ ਹੱਲ ਕਰਨ ਲਈ ਵਿਸ਼ੇਸ਼ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਬਹੁਤੇ ਮਾਮਲਿਆਂ ’ਚ ਸਫਲ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਥਾਣਿਆਂ ਨੂੰ ਫੌਰੀ ਕੇਸ ਦਰਜ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।