32 ਬੰਬਾਂ ਵਾਲਾ ਕੇਸ! ਸਨਸਨੀਖੇਜ਼ ਖੁਲਾਸਾ ਕਰਕੇ ਪੁਲਿਸ ਸਾਹਮਣੇ ਪੇਸ਼ ਨਹੀਂ ਹੋਏ ਬਾਜਵਾ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 14 ਅਪ੍ਰੈਲ, 2025 – ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਦੁਪਹਿਰ 12 ਵਜੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਪੰਜਾਬ ਪੁਲਿਸ ਸਾਹਮਣੇ ਪੇਸ਼ ਨਹੀਂ ਹੋਏ। ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬਾਜਵਾ ਨੂੰ ਪੁੱਛਗਿੱਛ ਲਈ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਉਹ ਹਾਜ਼ਰ ਨਹੀਂ ਹੋਏ। ਬਾਜਵਾ ਵੱਲੋਂ ਕਿਸੇ ਅਧਿਕਾਰਤ ਜਵਾਬ ਬਾਰੇ ਹੋਰ ਵੇਰਵੇ ਅਜੇ ਜਨਤਕ ਨਹੀਂ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਕੱਲ੍ਹ ਦੇਰ ਸ਼ਾਮ ਬਾਜਵਾ ਖਿਲਾਫ਼ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਜਦੋਂ ਉਸਨੇ ਸਨਸਨੀਖੇਜ਼ ਖੁਲਾਸਾ ਕੀਤਾ ਸੀ ਕਿ 50 ਗ੍ਰਨੇਡ ਪੰਜਾਬ ਵਿੱਚ ਆਏ ਹਨ, ਜਿਨ੍ਹਾਂ ਵਿੱਚੋਂ 18 ਫਟ ਗਏ ਹਨ ਅਤੇ 32 ਅਜੇ ਫਟਣੇ ਬਾਕੀ ਹਨ। ਉਸਨੇ ਖਦਸ਼ਾ ਜਤਾਇਆ ਸੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ 32 ਗ੍ਰਨੇਡਾਂ ਦਾ ਨਿਸ਼ਾਨਾ ਕੌਣ ਹੋਵੇਗਾ।
ਬਾਜਵਾ ਦੇ ਬਿਆਨ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਦੋ ਖੁਫੀਆ ਅਧਿਕਾਰੀ ਏਆਈਜੀ ਰਵਜੋਤ ਕੌਰ ਧਾਲੀਵਾਲ ਅਤੇ ਐਸਪੀ ਹਰਬੀਰ ਸਿੰਘ ਅਟਵਾਲ ਜਾਂਚ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ ਅਤੇ ਪੁਲਿਸ ਨੇ ਦੋਸ਼ ਲਗਾਇਆ ਸੀ ਕਿ ਬਾਜਵਾ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ।
ਬਾਜਵਾ ਕੱਲ੍ਹ (ਮੰਗਲਵਾਰ) ਦੁਪਹਿਰ 2 ਵਜੇ ਜਾਂਚ ਵਿੱਚ ਸ਼ਾਮਲ ਹੋਣਗੇ- ਵਕੀਲ
ਹਾਲਾਂਕਿ, ਬਾਜਵਾ ਦੇ ਵਕੀਲ ਫੇਜ਼ 7 ਸਥਿਤ ਸਾਈਬਰ ਪੁਲਿਸ ਸਟੇਸ਼ਨ ਗਏ ਅਤੇ ਪੁਲਿਸ ਨੂੰ ਭਰੋਸਾ ਦਿੱਤਾ ਕਿ ਬਾਜਵਾ ਕੱਲ੍ਹ (ਮੰਗਲਵਾਰ) ਦੁਪਹਿਰ 2 ਵਜੇ ਜਾਂਚ ਵਿੱਚ ਸ਼ਾਮਲ ਹੋਣਗੇ।
- Download Babushahi App
-
-