ਮਜੀਠਾ ਲੁੱਟ ਦੀ ਘਟਨਾ ਦੇ ਦੋਸ਼ੀ ਛੇਤੀ ਹੀ ਪੁਲਿਸ ਦੀ ਗ੍ਰਿਫਤ 'ਚ ਹੋਣਗੇ- ਧਾਲੀਵਾਲ
ਅੰਮ੍ਰਿਤਸਰ, 14 ਅਪ੍ਰੈਲ 2025- ਬੀਤੀ ਰਾਤ ਮਜੀਠਾ ਵਿਖੇ ਪੈਟਰੋਲ ਪੰਪ ਲੁੱਟਣ ਮੌਕੇ ਲੁਟੇਰਿਆਂ ਵੱਲੋਂ ਚਲਾਈ ਗੋਲੀ ਕਾਰਨ ਇੱਕ ਮੁਲਾਜ਼ਮ ਦੀ ਹੋਈ ਮੌਤ ਉੱਤੇ ਦੁੱਖ ਦਾ ਇਜ਼ਹਾਰ ਕਰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਇਸ ਘਟਨਾ ਦੇ ਦੋਸ਼ੀਆਂ ਨੂੰ ਫੜਨ ਦੇ ਬਿਲਕੁਲ ਨੇੜੇ ਹੈ ਅਤੇ ਛੇਤੀ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਉਹਨਾਂ ਨੇ ਵਿਰੋਧੀ ਧਿਰ ਦੇ ਨੇਤਾਵਾਂ ਵੱਲੋਂ ਲਾਏ ਜਾਂਦੇ ਇਲਜ਼ਾਮ ਕਿ ਸਰਕਾਰ ਅਮਨ ਕਾਨੂੰਨ ਨੂੰ ਲੈ ਕੇ ਗੰਭੀਰ ਨਹੀਂ ਹੈ, ਦਾ ਉਤਰ ਦਿੰਦਿਆਂ ਕਿਹਾ ਕਿ ਅਸੀਂ ਪਾਕਿਸਤਾਨ ਸਰਹੱਦ ਦੇ ਨੇੜੇ ਹਾਂ, ਦੁਸ਼ਮਣ ਦੇਸ਼ ਲਗਾਤਾਰ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇਹ ਬੜੇ ਲੰਮੇ ਸਮੇਂ ਤੋਂ ਯਤਨ ਹੋ ਰਹੇ ਹਨ ਪਰ ਸਾਡੀ ਸਰਕਾਰ ਇਸ ਸਥਿਤੀ ਨਾਲ ਨਜਿੱਠਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਮੌਜੂਦਾ ਹਾਲਾਤਾਂ ਨਾਲ ਨਜਿੱਠਣ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਸਾਨੂੰ ਸਫਲਤਾ ਮਿਲ ਰਹੀ ਹੈ। ਨਸ਼ੇ ਵਿਰੁੱਧ ਯੁੱਧ ਵਿੱਚ ਵੀ ਅਸੀਂ ਸਫਲਤਾ ਵੱਲ ਵੱਧ ਰਹੇ ਹਾਂ ਅਤੇ ਛੇਤੀ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ।