ਨਸ਼ੇ ਦੀ ਪਹਿਲੀ ਪੌੜੀ - ਐਨਰਜੀ ਡਰਿੰਕਸ
ਅੱਜ ਦਾ ਸਮਾਜ ਇਕ ਅਜਿਹੀ ਦੌੜ ਵਿੱਚ ਸ਼ਾਮਲ ਹੋ ਚੁੱਕਾ ਹੈ ਜਿਸ ਵਿੱਚ ਹਰ ਕੋਈ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਆਪਣੀ ਜਿੰਦਗੀ ਦੀ ਗਤੀ ਨੂੰ ਬੇਹਦ ਤੇਜ਼ ਕਰ ਬੈਠਿਆ ਹੈ। ਇਨ੍ਹਾਂ ਹਾਲਾਤਾਂ ਵਿੱਚ ਨੌਜਵਾਨ ਪੀੜ੍ਹੀ, ਖ਼ਾਸ ਕਰਕੇ ਵਿਦਿਆਰਥੀ, ਆਪਣੇ ਮਨ ਅਤੇ ਸਰੀਰ ਨੂੰ ਥਕਾਵਟ ਤੋਂ ਬਚਾਉਣ ਲਈ ਵੱਖ-ਵੱਖ ਤਰੀਕਿਆਂ ਦੀ ਮਦਦ ਲੈ ਰਹੇ ਹਨ। ਅਜਿਹੇ ਵਿੱਚ ਐਨਰਜੀ ਡਰਿੰਕਸ ਇਕ ਨਵੇਂ ਤਰ੍ਹਾਂ ਦਾ ਰੁਝਾਨ ਬਣ ਚੁੱਕਾ ਹੈ ਜੋ ਕਿ ਸਿਹਤ ਲਈ ਤੱਤਕਾਲੀ ਤੌਰ 'ਤੇ ਤਾਂ ਉਰਜਾ ਦਾ ਭਰਮ ਪੈਦਾ ਕਰਦਾ ਹੈ, ਪਰ ਲੰਬੇ ਸਮੇਂ ਤੱਕ ਇਸਦੀ ਲੱਤ ਇਨਸਾਨ ਨੂੰ ਨਸ਼ੇ ਦੀ ਪਹਿਲੀ ਪੌੜੀ ਵੱਲ ਧੱਕਣ ਲੱਗਦੀ ਹੈ। ਐਨਰਜੀ ਡਰਿੰਕਸ ਆਮ ਤੌਰ 'ਤੇ ਇਸ ਤਰ੍ਹਾਂ ਦੇ ਵਿਗਿਆਪਨਾਂ ਰਾਹੀਂ ਪ੍ਰਚਾਰਤ ਕੀਤੇ ਜਾਂਦੇ ਹਨ ਕਿ ਇਹ ਮਨੁੱਖੀ ਸਰੀਰ ਨੂੰ ਤੁਰੰਤ ਤਾਜਗੀ ਅਤੇ ਜੋਸ਼ ਦੇਂਦੇ ਹਨ। ਪਰ ਹਕੀਕਤ ਇਹ ਹੈ ਕਿ ਇਨ੍ਹਾਂ ਵਿੱਚ ਮੌਜੂਦ ਕੈਫੀਨ, ਟੌਰੀਨ, ਗਲੂਕੋਜ਼, ਅਤੇ ਹੋਰ ਰਸਾਇਣਕ ਤੱਤ ਸਰੀਰ ਵਿੱਚ ਆਮ ਤੌਰ ਤੇ ਹੋਣ ਵਾਲੀ ਰਸਾਇਣਕ ਪ੍ਰਕਿਰਿਆਵਾਂ ਨੂੰ ਬੇਤਰਤੀਬ ਕਰ ਦਿੰਦੇ ਹਨ। ਇਨ੍ਹਾਂ ਐਨਰਜੀ ਡਰਿੰਕਸ ਨੂੰ ਨਸ਼ੇ ਦੀ ਸ਼ੁਰੂਆਤ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਮਨੁੱਖ ਦੇ ਦਿਮਾਗ ਅਤੇ ਸਰੀਰ ਨੂੰ ਐਸਾ ਆਦੀ ਬਣਾਉਂਦੇ ਹਨ ਕਿ ਉਹ ਬਿਨ੍ਹਾਂ ਇਹਨਾਂ ਦੇ ਚੁਸਤ ਮਹਿਸੂਸ ਨਹੀਂ ਕਰਦਾ। ਕੈਫੀਨ ਦੀ ਵੱਧ ਮਾਤਰਾ ਦਿਲ ਦੀ ਧੜਕਣ ਨੂੰ ਤੇਜ਼ ਕਰ ਦਿੰਦੀ ਹੈ, ਨੀਂਦ ਉਡਾ ਦਿੰਦੀ ਹੈ, ਅਤੇ ਕਈ ਵਾਰ ਤਨਾਅ ਅਤੇ ਗੁੱਸਾ ਵਧਾਉਂਦੀ ਹੈ।
ਇੱਕ ਪਾਸੇ ਜਿੱਥੇ ਨਸ਼ੇ ਵਿਰੁੱਧ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਉੱਥੇ ਹੀ ਐਨਰਜੀ ਡਰਿੰਕਸ ਵਰਗੀਆਂ ਚੀਜ਼ਾਂ ਅਸਲ ਵਿੱਚ ਨਵੇਂ ਰੂਪ ਵਿੱਚ ਨਸ਼ਾ ਬਣ ਕੇ ਨੌਜਵਾਨੀ ਦਾ ਸ਼ਿਕਾਰ ਕਰ ਰਹੀਆਂ ਹਨ। ਵਿਦਿਆਰਥੀ ਜਦੋਂ ਪੜਾਈ ਦੌਰਾਨ ਜਾਂ ਖੇਡਾਂ ਵਿੱਚ ਆਪਣੀ ਥਕਾਵਟ ਨੂੰ ਦੂਰ ਕਰਨ ਲਈ ਐਨਰਜੀ ਡਰਿੰਕ ਵੱਲ ਰੁਝਾਨ ਕਰਦੇ ਹਨ, ਤਾਂ ਉਹਨਾਂ ਨੂੰ ਅਸਲ ਵਿੱਚ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਇੱਕ ਨਵੇਂ ਨਸ਼ੇ ਦੀ ਜਕੜ ਵਿੱਚ ਫਸ ਰਹੇ ਹਨ। ਸ਼ੁਰੂਆਤੀ ਦੌਰ ਵਿੱਚ ਇਹ ਆਦਤ ਸਿਰਫ ਇਕ ਡਰਿੰਕ ਤੱਕ ਸੀਮਤ ਰਹਿੰਦੀ ਹੈ ਪਰ ਬਾਅਦ ਵਿੱਚ ਇਹ ਨਸ਼ੇ ਦੀਆਂ ਹੋਰ ਕਿਸਮਾਂ ਵੱਲ ਲਿਜਾਣ ਵਾਲਾ ਰਾਹ ਬਣ ਜਾਂਦੀ ਹੈ। ਬੱਚਿਆਂ ਅਤੇ ਘੱਟ ਉਮਰ ਦੇ ਨੌਜਵਾਨਾਂ ਵਿੱਚ ਇਹ ਆਦਤ ਹੋਰ ਵੀ ਖਤਰਨਾਕ ਸਾਬਤ ਹੁੰਦੀ ਹੈ। ਜਦੋਂ ਇੱਕ ਅਣਪੱਕਾ ਮਨ ਇਹ ਸੋਚ ਬਣਾ ਲੈਂਦਾ ਹੈ ਕਿ ਇਹ ਡਰਿੰਕ ਤਾਜਗੀ ਦਿੰਦੇ ਹਨ ਜਾਂ ਯਾਰ-ਮਿੱਤਰਾਂ ਵਿੱਚ ਰੌਲਾ ਬਣਾਉਣ ਲਈ ਲਾਜ਼ਮੀ ਹਨ, ਤਾਂ ਇਹ ਆਦਤ ਦਿਨੋ-ਦਿਨ ਪੱਕੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਕਈ ਮੁਲਕਾਂ ਵਿੱਚ ਐਨਰਜੀ ਡਰਿੰਕਸ ਦੀ ਖ਼ਰੀਦ ਉੱਤੇ ਉਮਰ ਦੀ ਹੱਦ ਲਾਈ ਗਈ ਹੈ। ਇੱਕ ਰਿਪੋਰਟ ਦੇ ਅਨੁਸਾਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਐਨਰਜੀ ਡਰਿੰਕਸ ਪੀਣ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ। ਉਲਟ, ਇਹ ਸੂਚਿਤ ਕੀਤਾ ਗਿਆ ਹੈ ਕਿ ਇਹ ਸਿਹਤ ਲਈ ਵੱਡਾ ਖਤਰਾ ਹਨ।
ਜਿਵੇਂ ਕਿ ਅੱਜ ਦੇ ਸਮੇਂ ਬਜ਼ਾਰ ਵਿੱਚ ਰੈਡ ਬੁਲ, ਮੋਨਸਟਰ, ਸਟਿੰਗ, ਚਾਰਜ ਆਦਿ ਜਿਹੇ ਡਰਿੰਕਸ ਦੀ ਮੰਗ ਬਹੁਤ ਵਧ ਚੁੱਕੀ ਹੈ, ਇਨ੍ਹਾਂ ਦੀ ਉਪਲਬਧਤਾ ਹਰੇਕ ਦੁਕਾਨ ਤੇ ਆਸਾਨੀ ਨਾਲ ਹੋ ਰਹੀ ਹੈ। ਇਨ੍ਹਾਂ ਦੀਆਂ ਪੈਕੇਜਿੰਗ ਅਤੇ ਵਿਗਿਆਪਨ ਇਸ ਤਰੀਕੇ ਨਾਲ ਬਣਾਏ ਜਾਂਦੇ ਹਨ ਕਿ ਵਿਦਿਆਰਥੀਆਂ ਅਤੇ ਨੌਜਵਾਨ ਆਪਣੇ ਆਪ ਇਸ ਨੂੰ ਲੈਣ ਲਈ ਮਜਬੂਰ ਮਹਿਸੂਸ ਕਰਦੇ ਹਨ। ਦੁਕਾਨਾਂ ਵਿੱਚ ਇਹਨਾਂ ਡਰਿੰਕਸ ਨੂੰ ਕੈਂਡੀ ਜਾਂ ਸੌਫਟ ਡਰਿੰਕ ਨਾਲ ਮਿਲਾ ਕੇ ਰੱਖਿਆ ਜਾਂਦਾ ਹੈ, ਜੋ ਕਿ ਨਿਸ਼ਾਨਾ ਸਿੱਧਾ ਬੱਚਿਆਂ ਉੱਤੇ ਹੁੰਦਾ ਹੈ। ਸਿਹਤ ਮਾਹਿਰਾਂ ਦੇ ਅਨੁਸਾਰ, ਇਹ ਡਰਿੰਕਸ ਜਦੋਂ ਸਰੀਰ ਵਿੱਚ ਜਾਣਦੇ ਹਨ ਤਾਂ ਕਈ ਤਰ੍ਹਾਂ ਦੀਆਂ ਅਲਰਜੀਆਂ, ਹਾਰਟ ਅਟੈਕ, ਉਲਟੀਆਂ, ਦਸਤ, ਸ਼ਰੀਰਕ ਹਾਰਮੋਨ ਵਿੱਚ ਬਦਲਾਅ ਅਤੇ ਮਾਨਸਿਕ ਚਿੰਤਾ ਪੈਦਾ ਕਰ ਸਕਦੇ ਹਨ। ਦਿਲ ਦੀ ਧੜਕਣ ਵਧ ਜਾਣਾ, ਬੇਚੈਨੀ ਮਹਿਸੂਸ ਕਰਨਾ ਅਤੇ ਨੀਂਦ ਨਾ ਆਉਣਾ ਆਮ ਲੱਛਣ ਹਨ। ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਤ ਹੁੰਦੀ ਹੈ, ਅਤੇ ਉਹ ਆਪਣੀ ਸਹੀ ਸਮਝਦਾਰੀ ਗੁਆ ਦੇਂਦੇ ਹਨ। ਕੁਝ ਹਾਲਾਤਾਂ ਵਿੱਚ ਤਾਂ ਇਹਨਾਂ ਨਾਲ ਡੀਹਾਈਡ੍ਰੇਸ਼ਨ, ਲਿਵਰ ਡੈਮੇਜ ਅਤੇ ਨਰਵਸ ਸਿਸਟਮ ਦੀ ਗੜਬੜੀ ਵੀ ਹੋ ਸਕਦੀ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਹੇਠ ਸਿਹਤ ਵਿਭਾਗ ਨੇ ਇੱਕ ਵਧੀਆ ਕਦਮ ਚੁੱਕਿਆ ਹੈ। ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਐਲਾਨ ਕੀਤਾ ਗਿਆ ਕਿ ਸਕੂਲਾਂ ਅਤੇ ਉਹਨਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਪਾਬੰਦੀ ਲਾਈ ਗਈ ਹੈ। ਇਹ ਫੈਸਲਾ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਇਹ ਕਦਮ ਨਸ਼ਿਆਂ ਵੱਲ ਵਧ ਰਹੇ ਰੁਝਾਨ ਨੂੰ ਰੋਕਣ ਲਈ ਇੱਕ ਸ਼ੁਰੂਆਤੀ ਉਪਰਾਲਾ ਸਾਬਤ ਹੋ ਸਕਦਾ ਹੈ। ਪਰ ਇਨ੍ਹਾਂ ਸਰਕਾਰੀ ਉਪਰਾਲਿਆਂ ਨੂੰ ਕਾਮਯਾਬ ਬਣਾਉਣ ਲਈ ਸਿਰਫ ਸਰਕਾਰ ਨਹੀਂ, ਸਗੋਂ ਸਮਾਜ ਦੇ ਹਰੇਕ ਭਾਗ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਮਾਪਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਆਪਣੇ ਬੱਚਿਆਂ ਉੱਤੇ ਨਿਗਰਾਨੀ ਰੱਖਣੀ ਪਵੇਗੀ। ਉਹਨਾਂ ਨੂੰ ਸਮਝਾਉਣਾ ਪਵੇਗਾ ਕਿ ਸਰੀਰਕ ਥਕਾਵਟ ਤੋਂ ਬਚਣ ਦੇ ਹੋਰ ਸਿਹਤਮੰਦ ਤਰੀਕੇ ਵੀ ਹਨ, ਜਿਵੇਂ ਕਿ ਵਿਆਯਾਮ, ਯੋਗਾ, ਪੋਸ਼ਟਿਕ ਭੋਜਨ ਅਤੇ ਪੂਰੀ ਨੀਂਦ ਲੈਣਾ ਆਦਿ। ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖਤਰੇ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਇਸੇ ਤਰ੍ਹਾਂ, ਮੀਡੀਆ ਅਤੇ ਵਿਗਿਆਪਨ ਇੰਡਸਟਰੀ ਨੂੰ ਵੀ ਆਪਣੀ ਭੂਮਿਕਾ ਸਮਝਣੀ ਪਵੇਗੀ। ਐਨਰਜੀ ਡਰਿੰਕਸ ਨੂੰ ਰੌਮਾਂਚਕ ਜਾਂ ਕੂਲ ਬਣਾਉਣ ਦੀ ਥਾਂ ਉਨ੍ਹਾਂ ਦੇ ਸਹੀ ਪ੍ਰਭਾਵਾਂ ਨੂੰ ਦਰਸਾਉਣ ਦੀ ਲੋੜ ਹੈ। ਜੇਕਰ ਇਹ ਸਾਰੀਆਂ ਤਾਕਤਾਂ ਇੱਕੱਠੀਆਂ ਹੋ ਕੇ ਕੰਮ ਕਰਨ ਤਾਂ ਇਹ ਲਹਿਰ ਇੱਕ ਇਨਕਲਾਬੀ ਰੂਪ ਲੈ ਸਕਦੀ ਹੈ ਜੋ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵੱਲ ਵਧੇਗੀ।
ਅੰਤ ਵਿੱਚ, ਇਹ ਕਹਿਣਾ ਉਚਿਤ ਹੋਵੇਗਾ ਕਿ ਐਨਰਜੀ ਡਰਿੰਕਸ ਇੱਕ ਨਵੇਂ ਰੂਪ ਵਿੱਚ ਨਸ਼ੇ ਦੀ ਸ਼ੁਰੂਆਤ ਹਨ। ਇਹਨਾਂ ਦੇ ਰਾਹੀਂ ਨੌਜਵਾਨੀ ਨੂੰ ਜੋ ਰਸਤਾ ਦਿਖਾਇਆ ਜਾ ਰਿਹਾ ਹੈ, ਉਹ ਆਖ਼ਰਕਾਰ ਖਤਰਨਾਕ ਨਸ਼ਿਆਂ ਦੀ ਜਕੜ ਵੱਲ ਲੈ ਜਾਂਦਾ ਹੈ। ਇਸ ਤਰ੍ਹਾਂ ਦੇ ਡਰਿੰਕਸ ਨੂੰ ਸਿਰਫ ਤੰਦਰੁਸਤ ਸਰੀਰ ਲਈ ਹੀ ਨਹੀਂ, ਸਗੋਂ ਸਮੁੱਚੇ ਸਮਾਜ ਲਈ ਵੀ ਖ਼ਤਰਾ ਮੰਨਣਾ ਪਵੇਗਾ। ਅਸਲ ਤਬਦੀਲੀ ਤਾਂ ਉਦੋਂ ਆਏਗੀ ਜਦੋਂ ਹਰ ਨਾਗਰਿਕ ਇਹ ਫੈਸਲਾ ਕਰੇਗਾ ਕਿ ਨੌਜਵਾਨੀ ਨੂੰ ਸਿਰਫ ਨਸ਼ਿਆਂ ਤੋਂ ਨਹੀਂ, ਸਗੋਂ ਨਸ਼ਿਆਂ ਦੀ ਹਰ ਸ਼ੁਰੂਆਤ ਤੋਂ ਵੀ ਬਚਾਉਣਾ ਹੈ।

liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ
-1744357797272.jpg)
-
ਸੰਦੀਪ ਕੁਮਾਰ, ਐਮ.ਸੀ.ਏ, ਐਮ.ਏ ਮਨੋਵਿਗਆਨ
liberalthinker1621@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.