ਵੱਡੀ ਖ਼ਬਰ: ਪ੍ਰਤਾਪ ਬਾਜਵਾ ਕੱਲ੍ਹ ਹੋਣਗੇ ਪੁਲਿਸ ਸਾਹਮਣੇ ਪੇਸ਼
ਹਰਸ਼ਬਾਬ ਸਿੱਧੂ
ਚੰਡੀਗੜ੍ਹ, 14 ਅਪ੍ਰੈਲ, 2025 – ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਦੁਪਹਿਰ 12 ਵਜੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਪੰਜਾਬ ਪੁਲਿਸ ਸਾਹਮਣੇ ਪੇਸ਼ ਨਹੀਂ ਹੋਏ।
ਉੱਥੇ ਹੀ ਦੂਜੇ ਪਾਸੇ ਬਾਜਵਾ ਦੇ ਵਕੀਲ ਪ੍ਰਦੀਪ ਵਿਰਕ ਨੇ ਕਿਹਾ ਕਿ ਮੇਰੇ ਵੱਲੋਂ ਅੱਜ ਫੇਜ਼ 7 ਸਥਿਤ ਸਾਈਬਰ ਪੁਲਿਸ ਸਟੇਸ਼ਨ ਪਹੁੰਚ ਕੀਤੀ ਗਈ ਅਤੇ ਪੁਲਿਸ ਅਧਿਕਾਰੀਆਂ ਨੁੰ ਭਰੋਸਾ ਦਿਵਾਇਆ ਕਿ ਬਾਜਵਾ ਕੱਲ੍ਹ (ਮੰਗਲਵਾਰ) ਦੁਪਹਿਰ 2 ਵਜੇ ਜਾਂਚ ਵਿੱਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਕੱਲ੍ਹ ਦੇਰ ਸ਼ਾਮ ਬਾਜਵਾ ਖਿਲਾਫ਼ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਜਦੋਂ ਉਸਨੇ ਸਨਸਨੀਖੇਜ਼ ਖੁਲਾਸਾ ਕੀਤਾ ਸੀ ਕਿ 50 ਗ੍ਰਨੇਡ ਪੰਜਾਬ ਵਿੱਚ ਆਏ ਹਨ, ਜਿਨ੍ਹਾਂ ਵਿੱਚੋਂ 18 ਫਟ ਗਏ ਹਨ ਅਤੇ 32 ਅਜੇ ਫਟਣੇ ਬਾਕੀ ਹਨ। ਉਸਨੇ ਖਦਸ਼ਾ ਜਤਾਇਆ ਸੀ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ 32 ਗ੍ਰਨੇਡਾਂ ਦਾ ਨਿਸ਼ਾਨਾ ਕੌਣ ਹੋਵੇਗਾ।
ਬਾਜਵਾ ਦੇ ਬਿਆਨ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਦੋ ਖੁਫੀਆ ਅਧਿਕਾਰੀ ਏਆਈਜੀ ਰਵਜੋਤ ਕੌਰ ਧਾਲੀਵਾਲ ਅਤੇ ਐਸਪੀ ਹਰਬੀਰ ਸਿੰਘ ਅਟਵਾਲ ਜਾਂਚ ਲਈ ਉਨ੍ਹਾਂ ਦੇ ਘਰ ਪਹੁੰਚੇ ਸਨ ਅਤੇ ਪੁਲਿਸ ਨੇ ਦੋਸ਼ ਲਗਾਇਆ ਸੀ ਕਿ ਬਾਜਵਾ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਿਹਾ ਹੈ।